ਗਰਮੀ ਅਤੇ ਲੂ ਤੋਂ ਬਚਣ ਲਈ ਤਰਲ ਪਦਾਰਥਾਂ ਦਾ ਸੇਵਨ ਜਿਆਦਾ ਕਰੋ – ਸਿਵਲ ਸਰਜਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਦਿਨੋ ਦਿਨ ਵੱਧ ਰਹੀ ਗਰਮੀ ਅਤੇ ਲੂ ਨਾਲ ਲੋਕਾਂ ਦਾ ਬੁਰਾ ਹਾਲ ਹੈ। ਗਰਮੀ ਵਿੱਚ ਲੋਕ ਡੀਹਾਈਡ੍ਰੇਸ਼ਨ (ਪਾਣੀ ਦੀ ਘਾਟ) ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਸ਼ਰੀਰ ਦਾ ਤਾਪਮਾਨ...

Drink liquid in summers

ਕਪੂਰਥਲਾ (ਰੀਨਾ ਕਨੌਜੀਆ) : ਦਿਨੋ ਦਿਨ ਵੱਧ ਰਹੀ ਗਰਮੀ ਅਤੇ ਲੂ ਨਾਲ ਲੋਕਾਂ ਦਾ ਬੁਰਾ ਹਾਲ ਹੈ।ਗਰਮੀ ਵਿੱਚ ਲੋਕ ਡੀਹਾਈਡ੍ਰੇਸ਼ਨ (ਪਾਣੀ ਦੀ ਘਾਟ) ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਸ਼ਰੀਰ ਦਾ ਤਾਪਮਾਨ ਵੱਧ  ਜਾਂਦਾ ਹੈ। ਇਹ ਸ਼ਬਦ ਸਿਵਲ ਸਰਜਨ ਡਾ. ਬਲਵੰਤ ਸਿੰਘ ਨੇ ਗਰਮੀ ਤੋਂ ਬਚਾਅ ਸੰਬੰਧੀ ਪ੍ਰੈੱਸ ਨੋਟ ਜਾਰੀ ਕਰਨ ਦੌਰਾਨ ਕਹੇ। ਉਨ੍ਹਾਂ ਕਿਹਾ ਕਿ ਗਰਮੀ ਦੇ ਕਾਰਨ ਥਕਾਵਟ ਮਹਿਸੂਸ ਹੁੰਦੀ ਹੈ ਤੇ ਸ਼ਰੀਰਕ ਊਰਜਾ ਘੱਟ ਜਾਂਦੀ ਹੈ। ਇਸ ਲਈ ਜਰੂਰੀ ਹੋ ਜਾਂਦਾ ਹੈ ਕਿ ਗਰਮੀ ਅਤੇ ਲੂ ਤੋਂ ਬਚਣ ਦੇ ਉਪਾਅ ਕੀਤੇ ਜਾਣ। ਉਨ੍ਹਾਂ ਦੱਸਿਆ ਕਿ  ਗਰਮੀ ਕਰਕੇ ਪਿੱਤ ਹੋਣਾ ਜਾਂ ਚੱਕਰ ਆਉਣੇ ਆਮ ਗੱਲ ਹੈ।

ਇਸ ਦੌਰਾਨ ਪਸੀਨਾ ਆਉਣਾ,ਸਿਰਦਰਦ ਤੇ ਉਲਟੀਆਂ ਆਉਣਾ, ਨਕਸੀਰ ਫੁੱਟਣਾ, ਚਮੜੀ ਦਾ ਖੁਸ਼ਕ ਹੋ ਜਾਣਾ ਆਦਿ ਲੱਛਣ ਵਿੱਚ ਨਜਰ ਆਉਂਦੇ ਹਨ। ਡਾ. ਲਵੰਤ ਸਿੰਘ ਨੇ ਇਹ ਵੀ ਕਿਹਾ ਕਿ ਗਰਮੀ ਅਤੇ ਲੂ ਤੋਂ ਬਚਣ ਲਈ ਪਾਣੀ ਜਿਆਦਾ ਪੀਣਾ ਚਾਹੀਦਾ ਹੈ, ਲੱਸੀ ਅਤੇ ਹੋਰ ਤਰਲ ਪਦਾਰਥਾਂ ਦਾ ਸੇਵਨ ਕਰਨਾ ਚਾਹੀਦਾ ਹੈ। ਹਲਕੇ ਰੰਗਾਂ ਦੇ ਕਪੜੇ ਪਾਉਣੇ ਚਾਹੀਦੇ ਹਨ। ਬਹੁਤ ਤੇਜ ਧੁੱਪ ਵਿੱਚ ਬਾਹਰ ਜਾਣ ਤੋਂ ਗੁਰੇਜ ਕਰਨਾ ਚਾਹੀਦਾ ਹੈ। 

ਜਿਲਾ ਸਿਹਤ ਅਫਸਰ ਡਾ. ਕੁਲਜੀਤ ਸਿੰਘ ਨੇ ਲੋਕਾਂ ਨੂੰ ਬਾਹਰ ਦੀਆਂ ਚੀਜਾਂ ਖਾਣ ਤੋਂ ਗੁਰੇਜ ਕਰਨ ਲਈ ਕਿਹਾ ਤੇ ਘਰ ਦਾ ਬਣਿਆ ਹਲਕਾ ਤੇ ਸਾਦਾ ਭੋਜਨ ਲੈਣ ਨੂੰ ਕਿਹਾ।ਉਨ੍ਹਾਂ ਇਹ ਵੀ ਕਿਹਾ ਕਿ ਜਿਆਦਾ ਤਲੀਆਂ ਹੋਈਆਂ ਤੇ ਤੇਜ ਮਿਰਚ ਮਸਾਲੇ ਵਾਲੀਆਂ ਚੀਜਾਂ ਖਾਣ ਤੋਂ ਬਚਿਆ ਜਾਏ।ਜੇਕਰ ਬਾਹਰ ਨਿਕਲਣਾ ਹੈ ਤਾਂ ਸਿਰ ਨੂੰ ਤੇ ਸ਼ਰੀਰ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖੋ।ਪਾਣੀ ਵਿੱਚ ਨਿੰਬੂ ਤੇ ਨਮਕ ਮਿਲਾਕਰ ਪੀਂਦੇ ਰਹੋ ਤਾਂ ਕਿ ਲੂ ਤੋਂ ਬਚਾਅ ਰਹੇ।ਖਾਲੀ ਪੇਟ ਧੁੱਪ ਵਿੱਚੋਂ ਬਾਹਰ ਨਾ ਨਿਕਲੋ।ਉਨ੍ਹਾਂ ਲੋਕਾਂ ਨੂੰ ਥੋੜੀ ਥੋੜੀ ਦੇਰ ਬਾਅਦ ਪਾਣੀ ਪੀਣ ਲਈ ਕਿਹਾ ਤਾਂ ਕਿ ਸ਼ਰੀਰ ਵਿੱਚ ਪਾਣੀ ਦੀ ਕਮੀ ਨਾ ਰਹੇ।