ਅੱਜਕਲ ਮਨੁੱਖ ਨੂੰ ਨਿਤ ਦਿਨ ਕਿਸੇ ਨਾ ਕਿਸੇ ਕੰਮ ਲਈ ਭੱਜ-ਦੌੜ ਕਰਨੀ ਪੈਂਦੀ ਹੈ। ਘਰ, ਦਫ਼ਤਰ ਅਤੇ ਹੋਰ ਬਹੁਤ ਸਾਰੇ ਕੰਮਾਂ ਵਿਚ ਰੁੱਝੇ ਰਹਿੰਦੇ ਹਾਂ ਅਤੇ ਅਸੀਂ ਰੋਜ਼ਾਨਾ ਦੇ ਕਈ ਕੰਮਾਂ ਨਾਲ ਜੁੜੀਆਂ ਚੀਜ਼ਾਂ ਨੂੰ ਭੁੱਲ ਜਾਂਦੇ ਹਾਂ। ਅਸੀਂ ਹਰ ਰੋਜ਼ ਦੀਆਂ ਚੀਜ਼ਾਂ ਜਿਵੇਂ ਚਾਬੀ, ਵਾਲਿਟ, ਪੈਨ ਦੀ ਵਰਤੋਂ ਕਰਦੇ ਹਾਂ। ਅਕਸਰ ਦੇਖਿਆ ਜਾਂਦਾ ਹੈ ਕਿ ਅਸੀਂ ਘਰ ਤੋਂ ਨਿਕਲਣ ਵੇਲੇ ਇਹ ਚੀਜ਼ਾਂ ਭੁੱਲ ਜਾਂਦੇ ਹਾਂ। ਇਸ ਸਮੱਸਿਆ ਨੂੰ ਦੂਰ ਕਰਨ ਲਈ ਯਾਦਦਾਸ਼ਤ ਨੂੰ ਤੇਜ਼ ਕਰਨ ਦੀ ਜ਼ਰੂਰਤ ਹੈ। ਯਾਦਦਾਸ਼ਤ ਵਧਾਉਣ ਲਈ ਕੁੱਝ ਸੁਝਾਅ:
ਤਣਾਅ ਨੂੰ ਘੱਟ ਹੋਣ ਨਾਲ ਦਿਮਾਗ਼ ਨੂੰ ਆਰਾਮ ਮਿਲਦਾ ਹੈ ਅਤੇ ਚੀਜ਼ਾਂ ਨੂੰ ਭੁੱਲਣ ਦੀ ਸਮੱਸਿਆ ਵਿਚ ਵੀ ਸੁਧਾਰ ਹੁੰਦਾ ਹੈ। ਮੈਡੀਟੇਸ਼ਨ ਇਸ ਲਈ ਸੱਭ ਤੋਂ ਢੁਕਵਾਂ ਹੱਲ ਹੈ। ਮੈਡੀਟੇਸ਼ਨ ਕਰਨ ਦਾ ਇਕ ਫ਼ਾਇਦਾ ਇਹ ਹੈ ਕਿ ਇਹ ਇਕਾਗਰਤਾ ਨੂੰ ਵਧਾਉਂਦਾ ਹੈ ਅਤੇ ਚੀਜ਼ਾਂ ’ਤੇ ਕੇਂਦਰਤ ਰਖਦਾ ਹੈ। ਜਿਹੜੇ ਲੋਕ ਰੋਜ਼ਾਨਾ ਜ਼ਿੰਦਗੀ ਦੀਆਂ ਚੀਜ਼ਾਂ ਨੂੰ ਭੁੱਲ ਜਾਂਦੇ ਹਨ ਉਨ੍ਹਾਂ ਨੂੰ ਮੈਡੀਟੇਸ਼ਨ ਕਰਨਾ ਚਾਹੀਦਾ ਹੈ।
ਜ਼ਿਆਦਾ ਸ਼ਰਾਬ ਪੀਣ ਨਾਲ ਯਾਦਦਾਸ਼ਤ ਕਮਜ਼ੋਰ ਹੁੰਦੀ ਹੈ। ਬਹੁਤ ਜ਼ਿਆਦਾ ਸ਼ਰਾਬ ਪੀਂਦੇ ਹਨ ਅਤੇ ਸ਼ਰਾਬ ਨਹੀਂ ਪੀਣ ਵਾਲੇ ਲੋਕਾਂ ਦੀ ਯਾਦ ਵਿਚ ਇਕ ਵੱਡਾ ਅੰਤਰ ਵੇਖਣ ਨੂੰ ਮਿਲਿਆ ਹੈ। ਕਈ ਖੋਜਾਂ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਜ਼ਿਆਦਾ ਸ਼ਰਾਬ ਪੀਣੀ ਮਾਨਸਕ ਵਿਕਾਸ ਅਤੇ ਯਾਦਦਾਸ਼ਤ ਲਈ ਚੰਗੀ ਨਹੀਂ ਹੈ। ਸੀਮਤ ਮਾਤਰਾ ਵਿਚ ਸ਼ਰਾਬ ਪੀਣਾ ਯਾਦਦਾਸ਼ਤ ਨੂੰ ਪ੍ਰਭਾਵਤ ਨਹੀਂ ਕਰਦਾ।
ਕਈ ਵਾਰ ਇਹ ਦੇਖਿਆ ਜਾਂਦਾ ਹੈ ਕਿ ਲੋਕ ਦੇਰ ਰਾਤ ਜਾਗਦੇ ਹਨ ਅਤੇ ਉਨ੍ਹਾਂ ਦੀ ਨੀਂਦ ਪੂਰੀ ਨਹੀਂ ਹੁੰਦੀ। ਇਸ ਦਾ ਦਿਮਾਗ਼ ’ਤੇ ਡੂੰਘਾ ਪ੍ਰਭਾਵ ਪੈਂਦਾ ਹੈ ਅਤੇ ਸਰੀਰ ਵਿਚ ਤਾਜ਼ਗੀ ਰਹਿੰਦੀ । ਸਿਹਤਮੰਦ ਵਿਅਕਤੀ ਨੂੰ ਘੱਟੋ-ਘੱਟ 7 ਘੰਟੇ ਸੌਣਾ ਚਾਹੀਦਾ ਹੈ। ਰੁਝੇਵਿਆਂ ਦੀ ਸਥਿਤੀ ਵਿਚ ਵੀ 6 ਘੰਟੇ ਦੀ ਨੀਂਦ ਲੈਣਾ ਜ਼ਰੂਰੀ ਹੈ।