ਵਾਇਰਸ ਤੋਂ ਬਿਨਾਂ ਕਿਵੇਂ ਹੁੰਦੀ ਦੁਨੀਆਂ, ਕੀ ਬੱਚਿਆਂ ਨੂੰ ਜਨਮ ਦੇਣ ਦੀ ਬਜਾਏ ਆਂਡੇ ਦਿੰਦਾ ਇਨਸਾਨ?
ਇਸ ਸਮੇਂ ਪੂਰੀ ਦੁਨੀਆ ਭਿਆਨਕ ਮਹਾਂਮਾਰੀ ਨਾਲ ਜੂਝ ਰਹੀ ਹੈ।
ਨਵੀਂ ਦਿੱਲੀ: ਇਸ ਸਮੇਂ ਪੂਰੀ ਦੁਨੀਆ ਭਿਆਨਕ ਮਹਾਂਮਾਰੀ ਨਾਲ ਜੂਝ ਰਹੀ ਹੈ। ਇਸ ਦੇ ਲਈ ਜ਼ਿੰਮੇਵਾਰ ਹੈ ਕੋਰੋਨਾ ਜਾਂ SARD CoV-2 ਨਾਅ ਦਾ ਵਾਇਰਸ । ਮਨੁੱਖਤਾ ‘ਤੇ ਕਹਿਰ ਢਾਹੁਣ ਵਾਲਾ ਇਹ ਪਹਿਲਾ ਵਾਇਰਸ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਵਾਇਰਸ ਅਜਿਹੇ ਪੈਦਾ ਹੋਏ ਹਨ, ਜਿਨ੍ਹਾਂ ਨੇ ਦੁਨੀਆਂ ਨੂੰ ਭਿਆਨਕ ਸੱਟ ਮਾਰੀ ਹੈ। 1918 ਵਿਚ ਦੁਨੀਆ ‘ਤੇ ਜ਼ਬਰਦਸਤ ਕਹਿਰ ਢਾਹੁਣ ਵਾਲੇ ਇੰਨਫਲੂਏਂਜਾ ਵਾਇਰਸ ਨਾਲ ਪੰਜ ਤੋਂ ਦਸ ਕਰੋੜ ਲੋਕ ਮਾਰੇ ਗਏ ਸੀ। ਉੱਥੇ ਹੀ 20ਵੀਂ ਸਦੀ ਵਿਚ ਚੇਚਕ ਦੇ ਵਾਇਰਸ ਨੇ ਘੱਟੋ ਘੱਟ 20 ਕਰੋੜ ਲੋਕਾਂ ਦੀ ਜਾਨ ਲੈ ਲਈ।
ਇਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਵਾਇਰਸ ਮਨੁੱਖਤਾ ਲਈ ਬਹੁਤ ਵੱਡਾ ਖਤਰਾ ਹਨ। ਪਰ ਇਸ ਤੋਂ ਇਲਾਵਾ ਵਾਇਰਸ ਦੀ ਧਰਤੀ ‘ਤੇ ਬਹੁਤ ਹੀ ਅਹਿਮ ਭੂਮਿਕਾ ਹੈ। ਅਮਰੀਕਾ ਦੀ ਵਿਸਕਾਨਸਿੰਨ ਮੈਡੀਸਨ ਯੂਨੀਵਰਸਿਟੀ ਦੇ ਮਹਾਂਮਾਰੀ ਮਾਹਰ ਟੋਨੀ ਗੋਲਡਬਰਗ ਦਾ ਕਹਿਣਾ ਹੈ ਕਿ, ‘ਜੇਕਰ ਅਚਾਨਕ ਧਰਤੀ ਤੋਂ ਸਾਰੇ ਵਾਇਰਸ ਖਤਮ ਹੋ ਜਾਣਗੇ ਤਾਂ ਇਸ ਧਰਤੀ ਦੇ ਸਾਰੇ ਜੀਵਾਂ ਨੂੰ ਮਰਨ ਵਿਚ ਬਸ ਇਕ ਤੋਂ ਡੇਢ ਦਿਨ ਦਾ ਸਮਾਂ ਲੱਗੇਗਾ। ਵਾਇਰਸ ਇਸ ਧਰਤੀ ‘ਤੇ ਜੀਵਨ ਨੂੰ ਜਾਰੀ ਰੱਖਣ ਵਿਚ ਅਹਿਮ ਭੂਮਿਕਾ ਨਿਭਾਅ ਰਹੇ ਹਨ’।
ਦੁਨੀਆ ਵਿਚ ਕਿੰਨੀ ਤਰ੍ਹਾਂ ਦੇ ਵਾਇਰਸ ਹਨ, ਇਸ ਦਾ ਹਾਲੇ ਪਤਾ ਨਹੀਂ ਹੈ। ਪਰ ਜ਼ਿਆਦਾਤਰ ਵਾਇਰਸ ਇਨਸਾਨਾਂ ਵਿਚ ਕੋਈ ਰੋਗ ਨਹੀਂ ਫੈਲਾਉਂਦੇ। ਹਜ਼ਾਰਾਂ ਵਾਇਰਸ ਅਜਿਹੇ ਹਨ, ਜੋ ਇਸ ਧਰਤੀ ਦਾ ਇਕੋਸਿਸਟਮ ਚਲਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਫਿਰ ਚਾਹੇ ਉਹ ਕੀੜੇ-ਮਕੌੜੇ ਹੋਣ, ਜਾਂ ਪਸ਼ੂ ਜਾਂ ਫਿਰ ਇਨਸਾਨ। ਮੈਕਸੀਕੋ ਦੀ ਨੈਸ਼ਨਲ ਆਟੋਨਾਮਸ ਯੂਨੀਵਰਸਿਟੀ ਦੀ ਵਾਇਰਸ ਮਾਹਰ ਸੁਸਾਨਾ ਲੁਪੇਜ ਕਹਿੰਦੀ ਹੈ ਕਿ, ‘ਇਸ ਧਰਤੀ ‘ਤੇ ਵਾਇਰਸ ਅਤੇ ਬਾਕੀ ਜੀਵ ਪੂਰੀ ਤਰ੍ਹਾਂ ਸੰਤੁਲਿਤ ਵਾਤਾਵਰਣ ਵਿਚ ਰਹਿੰਦੇ ਹਨ।
ਬਿਨਾਂ ਵਾਇਰਸ ਅਸੀਂ ਨਹੀਂ ਬਚਾਂਗੇ’। ਜ਼ਿਆਦਾਤਰ ਲੋਕਾਂ ਨੂੰ ਇਹ ਜਾਣਕਾਰੀ ਨਹੀਂ ਹੈ ਕਿ ਵਾਇਰਸ ਧਰਤੀ ‘ਤੇ ਜੀਵਨ ਨੂੰ ਚਲਾਉਣ ਲਈ ਕਿੰਨੇ ਜਰੂਰੀ ਹਨ। ਪੈਨਸਿਲਵੇਨੀਆ ਸਟੇਟ ਯੂਨੀਵਰਸਿਟੀ ਦੀ ਮਾਰਲਿਨ ਰੂਸਿੰਕ ਦਾ ਕਹਿਣਾ ਹੈ ਕਿ, ‘ਵਿਗਿਆਨ ਸਿਰਫ ਰੋਗਾਣੂਆਂ ਦਾ ਅਧਿਐਨ ਕਰਦੇ ਹਨ। ਇਹ ਅਫ਼ਸੋਸ ਦੀ ਗੱਲ ਹੈ, ਪਰ ਸੱਚ ਇਹੀ ਹੈ’।ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੇ ਵਾਇਰਸ ਵਿਗਿਆਨਕ ਕਰਟਿਸ ਸਟਲ ਕਹਿੰਦੇ ਹਨ ਕਿ, ‘ਜੇਕਰ ਵਾਇਰਸ ਪ੍ਰਜਾਤੀਆਂ ਦੀ ਕੁੱਲ ਗਿਣਤੀ ਦੇ ਹਿਸਾਬ ਨਾਲ ਦੇਖੀਏ, ਤਾਂ ਇਨਸਾਨਾਂ ਲਈ ਖਤਰਨਾਕ ਵਾਇਰਸਾਂ ਦੀ ਗਿਣਤੀ ਜ਼ੀਰੋ ਦੇ ਆਸ-ਪਾਸ ਹੋਵੇਗੀ’।
ਇਨਸਾਨਾਂ ਲਈ ਉਹ ਵਾਇਰਸ ਜਰੂਰੀ ਹਨ ਜੋ ਬੈਕਟੀਰੀਆ ਨੂੰ ਸੰਕਰਮਿਤ ਕਰਦੇ ਹਨ। ਇਹਨਾਂ ਨੂੰ ਫੇਗਸ ਕਹਿੰਦੇ ਹਨ, ਜਿਸ ਦਾ ਅਰਥ ਹੈ ਨਿਗਲ ਜਾਣ ਵਾਲੇ। ਟੋਨੀ ਗੋਲਡਬਰਗ ਕਹਿੰਦੇ ਹਨ ਕਿ ਸਮੁੰਦਰ ਵਿਚ ਬੈਕਟੀਰੀਆ ਦੀ ਅਬਾਦੀ ਕੰਟਰੋਲ ਕਰਨ ਵਿਚ ਫੇਗਸ ਵਾਇਰਸ ਦਾ ਬੇਹੱਦ ਖ਼ਾਸ ਰੋਲ ਹੈ। ਜੇਕਰ ਇਹ ਵਾਇਰਸ ਖਤਮ ਹੋ ਜਾਂਦੇ ਹਨ ਤਾਂ ਅਚਾਨਕ ਸਮੁੰਦਰ ਦਾ ਸੰਤੁਲਨ ਵਿਗੜ ਜਾਵੇਗਾ।
ਸਰਿਟਸ ਸਟਲ ਕਹਿੰਦੇ ਹਨ ਕਿ, ‘ਜੇਕਰ ਮੌਤ ਨਾ ਹੋਵੇ ਤਾਂ ਜ਼ਿੰਦਗੀ ਸੰਭਵ ਨਹੀਂ, ਕਿਉਂਕਿ ਜ਼ਿੰਦਗੀ ਧਰਤੀ ‘ਤੇ ਮੌਜੂਦ ਤੱਤਾਂ ਦੀ ਰੀਸਾਈਕਲਿੰਗ ‘ਤੇ ਨਿਰਭਰ ਕਰਦੀ ਹੈ ਅਤੇ ਇਸ ਰੀਸਾਈਕਲਿੰਗ ਨੂੰ ਵਾਇਰਸ ਕਰਦੇ ਹਨ’। ਦੁਨੀਆ ਵਿਚ ਜੀਵਾਂ ਦੀ ਅਬਾਦੀ ਕੰਟਰੋਲ ਕਰਨ ਲਈ ਵੀ ਵਾਇਰਸ ਜਰੂਰੀ ਹਨ। ਇਨਸਾਨਾਂ ਅਤੇ ਹੋਰ ਜੀਵਾਂ ਦੇ ਅੰਦਰ ਪਲ਼ ਰਹੇ ਬੈਕਟੀਰੀਆ ਨੂੰ ਕੰਟਰੋਲ ਕਰਨ ਵਿਚ ਵੀ ਵਾਇਰਸ ਦਾ ਵੱਡਾ ਯੋਗਦਾਨ ਹੈ।
ਕਈ ਵਾਇਰਸ ਦਾ ਸੰਕਰਮਣ ਸਾਨੂੰ ਖਾਸ ਤਰ੍ਹਾਂ ਦੇ ਰੋਗਾਣੂਆਂ ਤੋਂ ਬਚਾਉਂਦਾ ਹੈ। ਡੇਂਗੂ ਲਈ ਜ਼ਿੰਮੇਵਾਰ ਵਾਇਰਸ ਦੀ ਸ਼੍ਰੇਣੀ ਦਾ ਹੀ ਜੀਬੀ ਵਾਇਰਸ ਸੀ ਇਕ ਅਜਿਹਾ ਹੀ ਵਾਇਰਸ ਹੈ। ਇਸ ਨਾਲ ਸੰਕਰਮਿਤ ਵਿਅਕਤੀ ਵਿਚ ਏਡਸ ਦੀ ਬਿਮਾਰੀ ਤੇਜ਼ੀ ਨਾਲ ਨਹੀਂ ਫੈਲਦੀ। ਵਾਇਰਸ ਸਾਨੂੰ ਕਈ ਬਿਮਾਰੀਆਂ ਨਾਲ ਲੜਨ ਦੀ ਦਵਾਈ ਵੀ ਬਣਾ ਸਕਦੇ ਹਨ। 1920 ਦੇ ਦਹਾਕੇ ਵਿਚ ਸੋਵੀਅਤ ਸੰਘ ਵਿਚ ਇਸ ਦਿਸ਼ਾ ਵਿਚ ਕਾਫੀ ਖੋਜ ਹੋਈ ਸੀ। ਹੁਣ ਦੁਨੀਆ ਵਿਚ ਕਈ ਵਿਗਿਆਨਕ ਫਿਰ ਤੋਂ ਵਾਇਰਸ ਥੈਰੇਪੀ ‘ਤੇ ਖੋਜ ਕਰ ਰਹੇ ਹਨ।
ਇਨਸਾਨਾਂ ਦੇ ਅੱਠ ਫੀਸਦੀ ਜੀਨਜ਼ ਵੀ ਵਾਇਰਸ ਨਾਲ ਹੀ ਮਿਲੇ ਹਨ। ਜੇਕਰ ਅੱਜ ਇਨਸਾਨ ਆਂਡੇ ਦੇਣ ਦੀ ਬਜਾਏ ਸਿੱਧਾ ਬੱਚੇ ਨੂੰ ਜਨਮ ਦਿੰਦੇ ਹਨ ਤਾਂ, ਇਸ ਵਿਚ ਵੀ ਇਕ ਵਾਇਰਸ ਦੇ ਇਨਫੈਕਸ਼ਨ ਦੀ ਹੀ ਅਹਿਮ ਭੂਮਿਕਾ ਹੈ। ਅੱਜ ਤੋਂ ਕਰੀਬ 13 ਕਰੋੜ ਸਾਲ ਪਹਿਲਾਂ ਇਨਸਾਨ ਦੇ ਪੂਰਵਜ਼ਾਂ ਵਿਚ ਰੈਟ੍ਰੋਵਾਇਰਸ ਦਾ ਸੰਕਰਮਣ ਵੱਡੇ ਪੱਧਰ ‘ਤੇ ਫੈਲਿਆ ਸੀ। ਉਸ ਸੰਕਰਮਣ ਨਾਲ ਇਨਸਾਨਾਂ ਦੇ ਸੈਲਜ਼ ਵਿਚ ਆਏ ਇਕ ਜੀਨ ਕਾਰਨ ਹੀ, ਇਨਸਾਨਾਂ ਵਿਚ ਗਰਭ ਧਾਰਨ ਅਤੇ ਫਿਰ ਆਂਡੇ ਦੇਣ ਦੀ ਬਜਾਏ ਸਿੱਧੇ ਬੱਚੇ ਪੈਦਾ ਕਰਨ ਦੀ ਖੂਬੀ ਵਿਕਸਿਤ ਹੋਈ ਸੀ।