ਗਰਮੀਆਂ ਵਿਚ ਪੀਉ ਗੂੰਦ ਕਤੀਰਾ, ਹੋਣਗੇ ਕਈ ਫ਼ਾਇਦੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਇਸ ਦੀ ਵਰਤੋਂ ਪਨੀਰ ਬਣਾਉਣ ਲਈ ਵੀ ਕੀਤੀ ਜਾਂਦੀ ਹੈ

photo

 

ਗਰਮੀਆਂ ਦੇ ਦਿਨਾਂ ਵਿਚ ਗੂੰਦ ਕਤੀਰਾ ਪੀਣ ਨਾਲ ਸਰੀਰ ਨੂੰ ਬਹੁਤ ਲਾਭ ਮਿਲਦੇ ਹਨ। ਗੂੁੰਦ ਕਤੀਰਾ ਦੇ ਸੇਵਨ ਨਾਲ ਨਾ ਸਿਰਫ਼ ਸਰੀਰ ਨੂੰ ਠੰਢਕ ਮਿਲਦੀ ਹੈ, ਸਗੋਂ ਇਹ ਸ਼ਕਤੀ ਦਾ ਸੰਚਾਰ ਵੀ ਕਰਦਾ ਹੈ। ਆਉ ਜਾਣਦੇ ਹਾਂ ਗੋਂਦ ਕਤੀਰੇ ਦੇ ਫ਼ਾਇਦਿਆਂ ਬਾਰੇ : 

ਗਰਮੀਆਂ ਵਿਚ ਇਸ ਦਾ ਸ਼ਰਬਤ ਪੀਤਾ ਜਾਂਦਾ ਹੈ। ਇਸ ਦੀ ਵਰਤੋਂ ਪਨੀਰ ਬਣਾਉਣ ਲਈ ਵੀ ਕੀਤੀ ਜਾਂਦੀ ਹੈ ਅਤੇ ਇਹ ਹਲਵਾ ਬਣਾਉਣ ਵਿਚ ਵੀ ਲਾਭਦਾਇਕ ਹੈ। ਗੂੰਦ ਕਤੀਰਾ ਗੁਲਕੰਦ ਨੂੰ ਤਿਆਰ ਕਰਨ ਵਿਚ ਵੀ ਅਪਣੀ ਭੂਮਿਕਾ ਨਿਭਾਉਂਦਾ ਹੈ ਜੋ ਮਿੱਠੇ ਪਾਨ ਵਿਚ ਮਿਲਾਇਆ ਜਾਂਦਾ ਹੈ। ਗੂੰਦ ਕਤੀਰਾ ਇਕ ਕੁਦਰਤੀ ਆਹਾਰ ਹੈ ਇਸ ਲਈ ਇਸ ਵਿਚ ਵਿਸ਼ੇਸ਼ ਗੁਣ ਵੀ ਹਨ। ਇਹ ਸਰੀਰ ਵਿਚ ਪ੍ਰਤੀਰੋਧਕ ਸ਼ਕਤੀ ਵਧਾਉਂਦਾ ਹੈ, ਸਰੀਰ ਨੂੰ ਨਾ ਸਿਰਫ਼ ਠੰਢਕ ਪ੍ਰਦਾਨ ਕਰਦਾ ਹੈ, ਸਗੋਂ ਸ਼ਕਤੀ ਦਾ ਸੰਚਾਰ ਵੀ ਕਰਦਾ ਹੈ। ਜੋ ਲੋਕ ਇਸ ਦੀਆਂ ਵਿਸ਼ੇਸ਼ਤਾਵਾਂ ਨੂੰ ਜਾਣਦੇ ਹਨ, ਉਹ ਅੱਜ ਵੀ ਗਰਮੀਆਂ ਵਿਚ ਇਸ ਦੀ ਵਰਤੋਂ ਕਰਦੇ ਹਨ।ਇਸ ਦੇ ਸੇਵਨ ਨਾਲ ਸਰੀਰ ਦਾ ਤਾਪਮਾਨ ਘੱਟ ਹੁੰਦਾ ਹੈ ਅਤੇ ਸਰੀਰ ਅੰਦਰੋਂ ਠੰਢਾ ਰਹਿੰਦਾ ਹੈ। 

ਗੂੰਦ ਕਤੀਰਾ ਦਿਮਾਗ਼ ਦੇ ਨਰਵਸ ਸਿਸਟਮ ਨੂੰ ਵੀ ਠੰਢਕ ਪ੍ਰਦਾਨ ਕਰਦਾ ਹੈ। ਗੋਂਦ ਕਤੀਰਾ ਵਿਚ ਕਾਫ਼ੀ ਮਾਤਰਾ ’ਚ ਫ਼ਾਈਬਰ ਹੁੰਦਾ ਹੈ, ਜਿਸ ਕਾਰਨ ਪੇਟ ਦੀ ਪਾਚਨ ਪ੍ਰਣਾਲੀ ਠੀਕ ਰਹਿੰਦੀ ਹੈ। ਇਹ ਅੰਤੜੀਆਂ ਲਈ ਵੀ ਬਹੁਤ ਲਾਭਦਾਇਕ ਮੰਨਿਆ ਜਾਂਦਾ ਹੈ, ਜਿਸ ਕਾਰਨ ਪੇਟ ਨਾਲ ਸਬੰਧਤ ਰੋਗ ਦੂਰ ਰਹਿੰਦੇ ਹਨ। ਇਸ ਵਿਚ ਇਮਿਊਨਿਟੀ ਪਾਵਰ ਵੀ ਹੁੰਦੀ ਹੈ। ਇਸ ਲਈ ਖਾਂਸੀ, ਜ਼ੁਕਾਮ ਅਤੇ ਕਈ ਤਰ੍ਹਾਂ ਦੇ ਵਾਇਰਸ ਇਨਫ਼ੈਕਸ਼ਨ ਵਰਗੀਆਂ ਆਮ ਬੀਮਾਰੀਆਂ ਤੋਂ ਬਚਾਅ ਹੁੰਦਾ ਹੈ। ਇਸ ਦੇ ਸੇਵਨ ਨਾਲ ਸਰੀਰ ਵਿਚ ਮੌਜੂਦ ਜ਼ਹਿਰੀਲੇ ਤੱਤ ਵੀ ਬਾਹਰ ਨਿਕਲ ਜਾਂਦੇ ਹਨ। ਗੂੰਦ ਕਤੀਰਾ ਨੂੰ ਘੱਟ ਮਾਤਰਾ ਵਿਚ ਲੈਣ ਨਾਲ ਕੋਈ ਬੁਰਾ ਪ੍ਰਭਾਵ ਨਹੀਂ ਹੁੰਦਾ। ਪਰ ਇਸ ਦਾ ਸੇਵਨ ਕਰਦੇ ਸਮੇਂ ਖ਼ੂਬ ਪਾਣੀ ਪੀਣਾ ਚਾਹੀਦਾ ਹੈ। ਇਸ ਦਾ ਕਾਰਨ ਇਹ ਹੈ ਕਿ ਇਹ ਬਹੁਤ ਸਾਰਾ ਪਾਣੀ ਸੋਖ ਲੈਂਦਾ ਹੈ, ਜੇਕਰ ਤੁਸੀਂ ਪਾਣੀ ਨਹੀਂ ਪੀਂਦੇ ਤਾਂ ਕਬਜ਼ ਦੀ ਸਮੱਸਿਆ ਹੋ ਸਕਦੀ ਹੈ।