ਜੇਕਰ 40 ਦੀ ਉਮਰ ਤੋਂ ਪਹਿਲਾਂ ਹੋ ਗਏ ਮੋਟੇ ਤਾਂ ਕੈਂਸਰ ਦੇ ਖ਼ਤਰੇ ਤੋਂ ਬਚਣਾ ਹੋਵੇਗਾ ਮੁਸ਼ਕਲ : ਅਧਿਐਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਅਧਿਐਨ ਤੋਂ ਪਤਾ ਲੱਗਿਆ ਕਿ ਭਾਰ ਵਧਣ ਕਾਰਨ ਮਹਿਲਾ ਤੇ ਪੁਰਸ਼ ਦੋਵਾਂ ਵਿਚ ਮੋਟਾਪੇ ਸਬੰਧੀ ਕੈਂਸਰ ਹੋਣ ਦਾ ਖਦਸ਼ਾ 15 ਫ਼ੀ ਸਦੀ ਵਧ ਜਾਂਦਾ ਹੈ।

Obesity

ਓਸਲੋ, : ਇਕ ਨਵੇਂ ਅਧਿਐਨ ਤੋਂ ਪਤਾ ਲੱਗਿਆ ਹੈ ਕਿ 40 ਸਾਲ ਦੀ ਉਮਰ ਤੋਂ ਪਹਿਲਾਂ ਭਾਰ ਵਧਣ ਜਾਂ ਮੋਟੇ ਹੋਣ ਨਾਲ ਵੱਖ-ਵੱਖ ਤਰ੍ਹਾਂ ਦੇ ਕੈਂਸਰ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਇੰਟਰਨੈਸ਼ਨਲ ਜਨਰਲ ਆਫ਼ ਐਪਿਡੇਮਿਓਲਾਜੀ ਵਿਚ ਪ੍ਰਕਾਸ਼ਤ ਇਕ ਅਧਿਐਨ ਮੁਤਾਬਕ 40 ਸਾਲ ਦੀ ਉਮਰ ਤੋਂ ਪਹਿਲਾਂ ਐਂਡੋਮੈਟ੍ਰੀਅਮ ਕੈਂਸਰ ਹੋਣ ਦਾ ਖ਼ਤਰਾ 70 ਫ਼ੀ ਸਦੀ, ਗੁਰਦੇ ਦੀਆਂ ਕੋਸ਼ਿਕਾਵਾਂ ਵਿਚ ਕੈਂਸਰ ਹੋਣ ਦਾ ਖ਼ਤਰਾ 58 ਫ਼ੀ ਸਦੀ, ਕੋਲੋਨ ਕੈਂਸਰ ਦਾ ਖ਼ਤਰਾ 29 ਫ਼ੀ ਸਦੀ ਤਕ ਵੱਧ ਜਾਂਦਾ ਹੈ।

ਅਧਿਐਨ ਤੋਂ ਪਤਾ ਲੱਗਿਆ ਕਿ ਭਾਰ ਵਧਣ ਕਾਰਨ ਮਹਿਲਾ ਤੇ ਪੁਰਸ਼ ਦੋਵਾਂ ਵਿਚ ਮੋਟਾਪੇ ਸਬੰਧੀ ਕੈਂਸਰ ਹੋਣ ਦਾ ਖਦਸ਼ਾ 15 ਫ਼ੀ ਸਦੀ ਵਧ ਜਾਂਦਾ ਹੈ। ਖੋਜਕਾਰਾਂ ਨੇ ਤਿੰਨ ਸਾਲ ਵਿਚ ਵੱਖ-ਵੱਖ ਸਮੇਂ ਬਾਲਗ਼ਾਂ ਦਾ ਦੋ ਜਾਂ ਜ਼ਿਆਦਾ ਵਾਰ ਭਾਰ ਤੋਲਿਆ। ਇਸ ਵਿਚ ਉਨ੍ਹਾਂ ਨੂੰ ਕੈਂਸਰ ਹੋਣ ਦਾ ਖਦਸ਼ੇ ਤੋਂ ਪਹਿਲਾਂ ਦਾ ਵੀ ਭਾਰ ਸ਼ਾਮਲ ਸੀ। ਉਨ੍ਹਾਂ ਨੇ ਕੈਂਸਰ ਦੇ ਜੋਖਮ ਨਾਲ ਸਬੰਧਤ ਕਾਰਕਾਂ ਦੀ ਜਾਂਚ ਕਰਨ ਲਈ 2006 ਵਿਚ ਸ਼ੁਰੂ ਕੀਤੇ ਗਏ 'ਮੀ-ਕੈਨ' ਅਧਿਐਨ ਦੇ 220,000 ਵਿਅਕਤੀਆਂ ਦੇ ਅੰਕੜੇ ਦੀ ਵੀ ਵਰਤੋਂ ਕੀਤੀ। ਇਸ ਵਿਚ ਨਾਰਵੇ, ਸਵੀਡਨ ਤੇ ਆਸਟ੍ਰੀਆ ਦੇ ਲਗਭਗ 5,80,000 ਲੋਕ ਸ਼ਾਮਲ ਸਨ।

ਅਧਿਐਨ ਵਿਚ ਕਿਹਾ ਗਿਆ ਹੈ ਕਿ 27,881 ਲੋਕ ਜਿਨ੍ਹਾਂ ਨੂੰ ਜਾਂਚ ਦੌਰਾਨ ਕੈਂਸਰ ਹੋਣ ਦਾ ਪਤਾ ਲੱਗਿਆ, ਉਨ੍ਹਾਂ 'ਚੋਂ 9761 ਲੋਕ ਮੋਟਾਪੇ ਦੇ ਸ਼ਿਕਾਰ ਸਨ। ਖੋਜਕਾਰਾਂ ਮੁਤਾਬਕ ਆਮ ਬੀ.ਐਮ.ਆਈ. ਵਾਲੇ ਲੋਕਾਂ ਦੀ ਤੁਲਨਾ ਵਿਚ 30 ਤੋਂ ਵਧੇਰੇ 'ਬਾਡੀ ਮਾਸ ਇੰਨਡੇਕਸ' (ਬੀ.ਐਮ.ਆਈ.) ਵਾਲੇ ਲੋਕਾਂ 'ਚ ਮੋਟਾਪੇ ਨਾਲ ਸਬੰਧਤ ਕੈਂਸਰ ਵਿਕਸਿਤ ਹੋਣ ਦਾ ਖ਼ਤਰਾ ਸੱਭ ਤੋਂ ਜ਼ਿਆਦਾ ਸੀ। ਅਧਿਐਨ ਦੇ ਸਹਿ-ਲੇਖਕ ਟੋਨੇ ਬਜੌਰਗ ਨੇ ਕਿਹਾ,''ਪੁਰਸ਼ਾਂ ਵਿਚ ਇਹ ਖ਼ਤਰਾ 64 ਫ਼ੀ ਸਦੀ ਤੇ ਔਰਤਾਂ ਵਿਚ ਇਹ ਖ਼ਤਰਾ 48 ਫ਼ੀ ਸਦੀ ਹੈ।'' ਉਨ੍ਹਾਂ ਕਿਹਾ,''ਸਾਡਾ ਮੁੱਖ ਸੰਦੇਸ਼ ਇਹ ਹੈ ਕਿ ਭਾਰ ਵਧਣ ਤੋਂ ਰੋਕਣਾ ਕੈਂਸਰ ਦੇ ਜੋਖਮ ਨੂੰ ਘੱਟ ਕਰਨ ਲਈ ਇਕ ਮਹੱਤਵਪੂਰਨ ਸਿਹਤ ਰਣਨੀਤੀ ਹੋ ਸਕਦੀ ਹੈ।''