ਵੱਡੀ ਸਮਸਿਆ ਪੈਦਾ ਕਰ ਸਕਦੀਆਂ ਹਨ ਸਰੀਰ ’ਤੇ ਦਿਸਦੀਆਂ ਨਸਾਂ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਵੇਨਜ਼ ਇੰਸਫੀਸ਼ਿਐਂਸੀ ਨਾਲ ਜੂਝ ਰਹੀਆਂ ਔਰਤਾਂ ਨੂੰ ਸਕਿਪਿੰਗ, ਐਰੋਬਿਕਸ ਜਾਂ ਉਛਲ-ਕੁੱਦ ਵਾਲੀਆਂ ਕਸਰਤਾਂ ਨਹੀਂ ਕਰਨੀਆਂ ਚਾਹੀਦੀਆਂ।

Visible veins on body can cause major problems

ਚੰਡੀਗੜ੍ਹ: ਅਕਸਰ ਲੋਕਾਂ ਦੇ ਪੈਰ ’ਚ ਅਚਾਨਕ ਕਾਲੇ ਨਿਸ਼ਾਨ ਉਭਰ ਕੇ ਨਿਕਲ ਜਾਂਦੇ ਹਨ। ਇਹ ਨਿਸ਼ਾਨ ਵੇਖਣ ਵਿਚ ਬਹੁਤ ਹੀ ਭਿਆਨਕ ਅਤੇ ਭੱਦੇ ਲਗਦੇ ਹਨ। ਅਕਸਰ ਲੋਕ ਇਸ ਸਮੱਸਿਆ ਨੂੰ ਚਮੜੀ ਸਬੰਧੀ ਮਾਮੂਲੀ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ ਪਰ  ਅਜਿਹਾ ਕਰਨਾ ਠੀਕ ਨਹੀਂ ਹੈ। ਇਹ ਨਸਾਂ ਸਬੰਧੀ ਗੰਭੀਰ  ਸਮੱਸਿਆ ਵੀ ਹੋ ਸਕਦੀ ਹੈ।

ਚਲਣ ਤੋਂ ਬਾਅਦ ਖਿਚਾਅ ਜਾਂ ਬਹੁਤ ਜ਼ਿਆਦਾ ਥਕਾਵਟ ਮਹਿਸੂਸ ਹੁੰਦੀ ਹੈ ਤਾਂ ਅਜਿਹੇ ਨਿਸ਼ਾਨ ਨੂੰ ਨਜ਼ਰਅੰਦਾਜ਼ ਨਾ ਕਰੋ। ਇਸ ਨੂੰ ਮੈਡੀਕਲ ਭਾਸ਼ਾ ਵਿਚ ਕਰਾਨਿਕ ਵੇਨਸ ਇੰਸਫੀਸ਼ਿਐਂਸੀ ਯਾਨੀ ਸੀ.ਵੀ.ਆਈ. ਕਹਿੰਦੇ ਹਨ। ਕਰਾਨਿਕ ਵੇਨਜ਼ ਇੰਸਫੀਸ਼ਿਐਂਸੀ ਦੇ ਲੱਛਣਾਂ ’ਚ ਜ਼ਿਆਦਾ ਦੇਰ ਖੜੇ ਰਹਿਣ ’ਚ ਪ੍ਰੇਸ਼ਾਨੀ, ਪੈਰਾਂ ’ਚ ਅਸਹਿ ਦਰਦ, ਪੈਰਾਂ ਵਿਚ ਸੋਜ, ਮਾਸਪੇਸ਼ੀਆਂ ’ਚ ਖਿਚਾਅ, ਥਕਾਨ ਮਹਿਸੂਸ ਹੋਣਾ, ਚਮੜੀ ਦੇ ਹੋਰ ਹਿੱਸਿਆਂ ਵਿਚ ਕਾਲੇ ਨਿਸ਼ਾਨ ਪੈਣਾ, ਪੈਰਾਂ ਦੇ ਹੇਠਲੇ ਹਿੱਸੇ ਵਿਚ ਕਾਲੇ ਨਿਸ਼ਾਨ ਪੈਣਾ ਸ਼ਾਮਲ ਹੈ।

ਸਰੀਰ ਦੇ ਹੋਰ ਅੰਗਾਂ ਦੀ ਤਰ੍ਹਾਂ ਪੈਰਾਂ ਨੂੰ ਵੀ ਆਕਸੀਜਨ ਦੀ ਜ਼ਰੂਰਤ ਪੈਂਦੀ ਹੈ, ਜੋ ਦਿਲ ਦੀਆਂ ਆਰਟਰੀਜ਼ ਵਿਚ ਵਹਿ ਰਹੇ ਸ਼ੁੱਧ ਖ਼ੂਨ ਜ਼ਰੀਏ ਪਹੁੰਚਾਈ ਜਾਂਦੀ ਹੈ। ਪੈਰਾਂ ਨੂੰ ਆਕਸੀਜਨ ਦੇਣ ਤੋਂ ਬਾਅਦ ਇਹ ਆਕਸੀਜਨ ਅਸ਼ੁੱਧ ਖ਼ੂਨ ਨਾੜੀਆਂ ਦੇ ਜ਼ਰੀਏ ਵਾਪਸ ਪੈਰਾਂ ਤੋਂ ਉਤੇ ਫੇਫੜਿਆਂ ਵਲ ਸ਼ੁੱਧੀਕਰਣ ਲਈ ਜਾਂਦੀਆਂ ਹਨ। ਕਿਸੇ ਕਾਰਨ ਜੇਕਰ ਇਨ੍ਹਾਂ ਦੀ ਕਿਰਿਆਪ੍ਰਣਾਲੀ ਹੌਲੀ ਹੋ ਜਾਂਦੀ ਹੈ ਤਾਂ ਪੈਰਾਂ ਦਾ ਡਰੇਨੇਜ ਸਿਸਟਮ ਖ਼ਰਾਬ ਹੋ ਜਾਂਦਾ ਹੈ।

ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਆਕਸੀਜਨ ਰਹਿਤ ਅਸ਼ੁੱਧ ਖ਼ੂਨ ਫੇਫੜਿਆਂ ਵਲ ਜਾਣ ਦੀ ਬਜਾਏ ਪੈਰਾਂ ਦੇ ਹੇਠਲੇ ਹਿੱਸੇ ਵਿਚ ਜਮ੍ਹਾਂ ਹੋਣਾ ਸ਼ੁਰੂ ਹੋ ਜਾਂਦਾ ਹੈ, ਜਿਸ ਨਾਲ ਤੁਹਾਨੂੰ ਇਹ ਬੀਮਾਰੀ ਹੋ ਜਾਂਦੀ ਹੈ। ਇਸ ਤੋਂ ਬਚਾਅ ਲਈ ਅਪਣੇ ਪੈਰਾਂ ਅਤੇ ਕਮਰ ਉਤੇ ਜ਼ਿਆਦਾ ਕਸੇ ਹੋਏ ਕਪੜੇ ਨਾ ਪਾਉ। ਇਸ ਤੋਂ ਇਲਾਵਾ ਜ਼ਿਆਦਾ ਉੱਚੀਆਂ ਅੱਡੀਆਂ ਵਾਲੀਆਂ ਜੁੱਤੀਆਂ ਨਾ ਪਾਉ। ਇਸ ਨਾਲ ਅਸ਼ੁੱਧ ਖ਼ੂਨ ਦੇ ਦੌਰੇ ਵਿਚ ਰੁਕਾਵਟ ਪੈਦਾ ਹੁੰਦੀ ਹੈ।

ਵੇਨਜ਼ ਇੰਸਫੀਸ਼ਿਐਂਸੀ ਨਾਲ ਜੂਝ ਰਹੀਆਂ ਔਰਤਾਂ ਨੂੰ ਸਕਿਪਿੰਗ, ਐਰੋਬਿਕਸ ਜਾਂ ਉਛਲ-ਕੁੱਦ ਵਾਲੀਆਂ ਕਸਰਤਾਂ ਨਹੀਂ ਕਰਨੀਆਂ ਚਾਹੀਦੀਆਂ। ਇਸ ਤਰ੍ਹਾਂ ਦੀਆਂ ਕਸਰਤਾਂ, ਉਨ੍ਹਾਂ ਦੀਆਂ ਨਸਾਂ ਨੂੰ ਫ਼ਾਇਦਾ ਪਹੁੰਚਾਣ ਦੀ ਬਜਾਏ ਨੁਕਸਾਨ ਪਹੁੰਚਾਂਦੀਆਂ ਹਨ। ਨੇਮੀ ਸਵੇਰ ਦੀ ਸੈਰ ਕਰੋ। ਰਾਤ ਨੂੰ ਸੌਂਦੇ ਸਮੇਂ ਪੈਰਾਂ ਦੇ ਹੇਠਾਂ ਸਰਹਾਣਾ ਲਾ ਲਵੋ। ਇਸ ਨਾਲ ਪੈਰ ਛਾਤੀ ਤੋਂ ਦਸ ਜਾਂ ਬਾਰਾਂ ਇੰਚ ਉਤੇ ਰਹਿਣਗੇ ਅਤੇ ਪੈਰਾਂ ਵਿਚ ਆਕਸੀਜਨ ਰਹਿਤ ਖ਼ੂਨ ਦੇ ਜਮ੍ਹਾਂ ਹੋਣ ਦੀ ਪ੍ਰਕਿਰਿਆ ਹੌਲੀ ਹੋਵੇਗੀ।