ਕੀ ਇਕ ਵਾਰ ਠੀਕ ਹੋਣ ਤੋਂ ਬਾਅਦ ਦੁਬਾਰਾ ਕੋਰੋਨਾ ਵਾਇਰਸ ਹੋ ਸਕਦਾ ਹੈ?

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਕੋਰੋਨਾ ਵਾਇਰਸ ਦੇ ਖੌਫ ਨੇ ਲੋਕਾਂ ਨੂੰ ਘਰਾਂ ਵਿਚ ਹੀ ਬੰਦ ਕਰ ਦਿੱਤਾ ਹੈ।

Photo

ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਖੌਫ ਨੇ ਲੋਕਾਂ ਨੂੰ ਘਰਾਂ ਵਿਚ ਹੀ ਬੰਦ ਕਰ ਦਿੱਤਾ ਹੈ। ਚੀਨ ਤੋਂ ਸ਼ੁਰੂ ਹੋਇਆ ਜਾਨਲੇਵਾ ਕੋਰੋਨਾ ਵਾਇਰਸ ਬੜੀ ਤੇਜ਼ੀ ਨਾਲ ਦੁਨੀਆ ਭਰ ਵਿਚ ਫੈਲ ਰਿਹਾ ਹੈ ਤੇ ਦੁਨੀਆ ਭਰ ਦੇ ਲੋਕਾਂ ਨੂੰ ਅਪਣੀ ਚਪੇਟ ਵਿਚ ਲੈ ਰਿਹਾ ਹੈ। ਸਕੂਲਾਂ ਅਤੇ ਕਾਲਜਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਤੇ ਨਾਲ ਜ਼ਰੂਰੀ ਪ੍ਰੋਗਰਾਮਾਂ ਨੂੰ ਰੱਦ ਕੀਤਾ ਜਾ ਰਿਹਾ ਹੈ।

ਇਸ ਦੇ ਨਾਲ ਹੀ ਦੁਨੀਆ ਭਰ ਦੇ ਡਾਕਟਰ ਇਸ ਦੇ ਪ੍ਰਭਾਵ ਨੂੰ ਰੋਕਣ ਲਈ ਕੋਸ਼ਿਸ਼ਾਂ ਕਰ ਰਹੇ ਹਨ। ਸ਼ਨੀਵਾਰ 14 ਮਾਰਚ ਨੂੰ ਭਾਰਤ ਵਿਚ ਕੋਰੋਨਾ ਵਾਇਰਸ ਦੇ 86 ਮਾਮਲੇ ਸਾਹਮਣੇ ਆਏ ਹਨ, ਇਹਨਾਂ ਵਿਚੋਂ ਦੋ ਦੀ ਮੌਤ ਹੋ ਗਈ ਅਤੇ 10 ਲੋਕਾਂ ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਇਸ ਵਾਇਰਸ ਦੇ ਨਾਲ ਹੀ ਤਰ੍ਹਾਂ-ਤਰ੍ਹਾਂ ਦੀਆਂ ਅਫ਼ਵਾਹਾਂ ਵੀ ਫੈਲ ਰਹੀਆਂ ਹਨ, ਜਿਵੇਂ ਹਰ 15 ਮਿੰਟ ਬਾਅਦ ਪਾਣੀ ਪੀਣ ‘ਤੇ ਇਹ ਵਾਇਰਸ ਤੋਂ ਬਚਾਅ ਕਰੇਗਾ ਆਦਿ।

ਪਰ ਕੀ ਤੁਹਾਨੂੰ ਇਕ ਵਾਰ ਠੀਕ ਹੋ ਜਾਣ 'ਤੇ ਕੋਰੋਨਾਵਾਇਰਸ ਨਾਲ ਦੁਬਾਰਾ ਇਨਫੈਕਸ਼ਨ ਬਾਰੇ ਵੀ ਚਿੰਤਾ ਹੈ? ਇਸ ਸਬੰਧੀ ਇੰਡੀਅਨ ਕਾਂਊਸਿਲ ਆਫ ਮੈਡੀਕਲ ਰਿਸਰਚ ਦੇ ਡਾਕਟਰ ਨਿਵੇਦਿਤਾ ਗੁਪਤਾ ਦਾ ਕਹਿਣਾ ਹੈ ਕਿ ਇਸ ਵਾਇਰਸ ਨਾਲ ਸਬੰਧਤ ਅਜਿਹਾ ਬਹੁਤ ਕੁਝ ਹੈ, ਜੋ ਹਾਲੇ ਤੱਕ ਪਤਾ ਨਹੀਂ ਚੱਲ ਸਕਿਆ, ਜਿਸ ਤੋਂ ਸਾਰੇ ਅਣਜਾਣ ਹਨ।

ਇਕ ਵਾਰ ਇਸ ਵਾਇਰਸ ਦੇ ਪ੍ਰਭਾਵ ਤੋਂ ਠੀਕ ਹੋਣ ਤੋਂ ਬਾਅਦ ਫਿਰ ਤੋਂ ਕੋਰੋਨਾ ਵਾਇਰਸ ਹੋਣ ਬਾਰੇ ਹਾਲੇ ਲੋੜੀਂਦੇ ਅੰਕੜੇ ਨਹੀਂ ਹਨ। ਇੰਡੀਅਨ ਕਾਂਊਸਿਲ ਆਫ ਮੈਡੀਕਲ ਰਿਸਰਚ ਅਨੁਸਾਰ ਅਜਿਹੀ ਸਥਿਤੀ ਸੰਭਵ ਨਹੀਂ ਹੈ। ਉਹਨਾਂ ਕਿਹਾ ਕਿ ਇਹ ਇਕ ਤਣਾਅਪੁਰਨ ਸਥਿਤੀ ਹੈ, ਖ਼ਾਸ ਤੌਰ ‘ਤੇ ਉਸ ਸਮੇਂ ਜਦੋਂ ਅਜਿਹਾ ਵਾਇਰਸ ਪਹਿਲਾਂ ਨਾ ਦੇਖਿਆ ਗਿਆ ਹੋਵੇ।

ਆਈਸੀਐਮਆਰ ਦਾ ਕਹਿਣਾ ਹੈ ਕਿ ਇਸ ਵਾਇਰਸ ਦੇ ਪ੍ਰਭਾਵ ਨੂੰ ਖਤਮ ਕਰਨ ਲਈ ਵਿਸ਼ਵ ਪੱਧਰ ਦੇ ਡਾਕਟਰਾਂ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ। ਆਈਸੀਐਮਆਰ ਕੋਰੋਨਾ ਵਾਇਰਸ ਦੀ ਟੈਸਟਿੰਗ ਲਈ ਹੋਰ ਲੈਬ ਖੋਲ੍ਹਣ ‘ਤੇ ਵਿਚਾਰ ਕਰ ਰਿਹਾ ਹੈ, ਤਾਂ ਜੋ ਪੀੜਤ ਵਿਅਕਤੀਆਂ ਦੀ ਜਲਦ ਜਾਂਚ ਕੀਤੀ ਜਾਵੇ ਤੇ ਉਹਨਾਂ ਦਾ ਇਲਾਜ ਕੀਤਾ ਜਾ ਸਕੇ।