ਸਰਦੀਆਂ ਕਾਰਨ ਹੱਥਾਂ-ਪੈਰਾਂ ਦੀ ਸੋਜ ਕਿਵੇਂ ਹਟਾਈਏ?

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਠੰਢ ਦੇ ਸੰਪਰਕ ਵਿਚ ਆਉਣ ਨਾਲ ਸਰੀਰ ਦੀ ਕੁੱਝ ਨਸਾਂ ਸੁੰਗੜ ਜਾਂਦੀਆਂ ਹਨ।

How to remove swelling of hands and feet due to winter?

 

ਸੁੱਜੀਆਂ ਹੋਈਆਂ ਉਂਗਲੀਆਂ ਕਾਰਨ ਕੰਮ ਕਰਨ ਵਿਚ ਵੀ ਮੁਸ਼ਕਲ ਹੁੰਦੀ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਅਕਸਰ ਲੋਕ ਦਵਾਈਆਂ ਖਾਣ ਲਗਦੇ ਹਨ। ਪਰ ਰਸੋਈ ਵਿਚ ਰਖੀਆਂ ਕੁੱਝ ਚੀਜ਼ਾਂ ਹੀ ਇਸ ਸਮੱਸਿਆ ਨੂੰ ਕਾਬੂ ਕਰਨ ਲਈ ਕਾਫ਼ੀ ਹਨ। ਠੰਢ ਦੇ ਸੰਪਰਕ ਵਿਚ ਆਉਣ ਨਾਲ ਸਰੀਰ ਦੀ ਕੁੱਝ ਨਸਾਂ ਸੁੰਗੜ ਜਾਂਦੀਆਂ ਹਨ। ਇਸ ਦਾ ਸਿੱਧਾ ਅਸਰ ਖ਼ੂਨ ਦੇ ਦੌਰੇ ’ਤੇ ਪੈਂਦਾ ਹੈ, ਜਿਸ ਨਾਲ ਹੱਥਾਂ-ਪੈਰਾਂ ਦੀਆਂ ਉਂਗਲੀਆਂ ਵਿਚ ਸੋਜ ਆ ਜਾਂਦੀ ਹੈ।

ਕਈ ਵਾਰ ਸੋਜ ਦੇ ਨਾਲ-ਨਾਲ ਉਂਗਲੀਆਂ ’ਤੇ ਲਾਲੀ, ਜਲਨ ਅਤੇ ਖੁਰਕ ਵੀ ਹੋਣ ਲਗਦੀ ਹੈ ਅਤੇ ਕਈ ਵਾਰ ਉਨ੍ਹਾਂ ਵਿਚ ਦਰਦ ਵੀ ਹੁੰਦਾ ਹੈ। ਜੇਕਰ ਤੁਹਾਡਾ ਹੱਥ ਜ਼ਿਆਦਾ ਦੇਰ ਤਕ ਲਾਲ ਰਹਿੰਦਾ ਹੈ ਤਾਂ ਇਹ ਲਿਵਰ ਦੀ ਸਮੱਸਿਆ ਦਾ ਲੱਛਣ ਹੋ ਸਕਦਾ ਹੈ। ਜੇਕਰ ਕੋਈ ਗਰਭਵਤੀ ਔਰਤ ਹੈ ਤਾਂ ਖ਼ੂਨ ਦਾ ਦੌਰਾ ਵਧਣ ਨਾਲ ਹੱਥ ਲਾਲ ਹੋਣਾ ਆਮ ਗੱਲ ਹੋ ਸਕਦੀ ਹੈ। ਇਸ ਤੋਂ ਇਲਾਵਾ ਇਨ੍ਹਾਂ ਲੱਛਣਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।

ਸਰ੍ਹੋਂ ਦਾ ਤੇਲ: 4 ਚਮਚ ਸਰ੍ਹੋਂ ਦਾ ਤੇਲ ਅਤੇ 1 ਚਮਚ ਸੇਂਧਾ ਲੂਣ ਨੂੰ ਮਿਲਾ ਕੇ ਗਰਮ ਕਰੋ। ਹੁਣ ਇਸ ਨੂੰ ਸੌਣ ਤੋਂ ਪਹਿਲਾਂ ਹੱਥਾਂ-ਪੈਰਾਂ ਦੀਆਂ ਉਂਗਲੀਆਂ ’ਤੇ ਲਾਉ ਅਤੇ ਜੁਰਾਬਾਂ ਪਹਿਨ ਕੇ ਸੌਂ ਜਾਉ। ਇਸ ਨਾਲ ਕੁੱਝ ਸਮੇਂ ਵਿਚ ਹੀ ਉਂਗਲੀਆਂ ਦੀ ਸੋਜ ਦੂਰ ਹੋ ਜਾਵੇਗੀ। ਤੁਸੀਂ ਚਾਹੋ ਤਾਂ ਜੈਤੂਨ ਦੇ ਤੇਲ ਨੂੰ ਗਰਮ ਕਰ ਕੇ ਉਸ ਨਾਲ ਮਾਲਿਸ਼ ਵੀ ਕਰ ਸਕਦੇ ਹੋ।

ਪਿਆਜ਼: ਐਂਟੀ-ਬਾਇਉਟਿਕ ਅਤੇ ਐਂਟੀ-ਸੇਪਟਿਕ ਗੁਣ ਹੋਣ ਦੇ ਕਾਰਨ ਪਿਆਜ਼ ਵੀ ਉਂਗਲੀਆਂ ਵਿਚ ਹੋਣੀ ਵਾਲੀ ਸੋਜ ਨੂੰ ਦੂਰ ਕਰਦਾ ਹੈ। ਪਿਆਜ਼ ਦੇ ਰਸ ਨੂੰ ਸੋਜ ਵਾਲੀ ਥਾਂ ਉਤੇ ਲਾ ਕੇ ਕੁੱਝ ਦੇਰ ਛੱਡ ਦਿਉ। ਇਸ ਨਾਲ ਤੁਹਾਨੂੰ ਛੇਤੀ ਆਰਾਮ ਮਿਲੇਗਾ।

ਨਿੰਬੂ ਦਾ ਰਸ: ਨਿੰਬੂ ਦਾ ਰਸ ਵੀ ਸੋਜ ਨੂੰ ਘੱਟ ਕਰਨ ਲਈ ਕਿਸੇ ਅਚੂਕ ਦਵਾਈ ਤੋਂ ਘੱਟ ਨਹੀਂ ਹੈ। ਹੱਥ ਜਾਂ ਪੈਰਾਂ ਦੀਆਂ ਉਂਗਲੀਆਂ ਵਿਚ ਸੋਜ ਹੋਣ ’ਤੇ ਨਿੰਬੂ ਦਾ ਰਸ ਲਾਉ। ਇਸ ਨਾਲ ਤੁਹਾਨੂੰ ਰਾਹਤ ਮਿਲੇਗੀ।

ਆਲੂ: ਆਲੂ ਕੱਟ ਕੇ ਉਸ ਵਿਚ ਲੂਣ ਮਿਲਾਉ ਅਤੇ ਫਿਰ ਇਸ ਨੂੰ ਸੁੱਜੀਆਂ ਹੋਈਆਂ ਉਂਗਲੀਆਂ ’ਤੇ ਲਾਉ। ਇਸ ਨਾਲ ਤੁਹਾਨੂੰ ਕੁੱਝ ਸਮੇਂ ਵਿਚ ਹੀ ਅਸਰ ਵਿਖਾਈ ਦੇਵੇਗਾ ਪਰ ਇਸ ਦੌਰਾਨ ਭੋਜਨ ਵਿਚ ਲੂਣ ਘੱਟ ਇਸਤੇਮਾਲ ਕਰੋ।