ਕਈ ਬੀਮਾਰੀਆਂ ਕੰਟਰੋਲ ਕਰਦੇ ਹਨ ਕੱਦੂ ਦੇ ਬੀਜ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਕੱਦੂ ਦੀ ਸਬਜ਼ੀ ਤੋਂ ਇਲਾਵਾ ਕੱਦੂ ਦੇ ਬੀਜਾਂ ਵਿਚ ਵੀ ਕਈ ਔਸ਼ਧੀ ਗੁਣ ਹੁੰਦੇ ਹਨ

photo

 

ਕੱਦੂ ਇਕ ਅਜਿਹੀ ਸਬਜ਼ੀ ਹੈ ਜਿਸ ਨੂੰ ਦੁਨੀਆਂ ਦੇ ਜ਼ਿਆਦਾਤਰ ਦੇਸ਼ਾਂ ਵਿਚ ਬਹੁਤ ਦਿਲਚਸਪੀ ਨਾਲ ਖਾਧਾ ਜਾਂਦਾ ਹੈ। ਕੱਦੂ ਦੀ ਸਬਜ਼ੀ ਖਾਣ ਵਿਚ ਬਹੁਤ ਹੀ ਸਵਾਦਿਸ਼ਟ ਹੁੰਦੀ ਹੈ, ਦੂਜੇ ਪਾਸੇ ਪੇਠਾ ਕਈ ਪੌਸ਼ਟਿਕ ਤੱਤਾਂ ਨਾਲ ਵੀ ਭਰਪੂਰ ਹੁੰਦਾ ਹੈ। ਕੱਦੂ ਦੀ ਸਬਜ਼ੀ ਤੋਂ ਇਲਾਵਾ ਕੱਦੂ ਦੇ ਬੀਜਾਂ ਵਿਚ ਵੀ ਕਈ ਔਸ਼ਧੀ ਗੁਣ ਹੁੰਦੇ ਹਨ। ਜੇਕਰ ਤੁਸੀਂ ਵੀ ਕੱਦੂ ਦੀ ਸਬਜ਼ੀ ਖਾਂਦੇ ਹੋ ਅਤੇ ਇਸ ਦੇ ਬੀਜ ਸੁੱਟ ਦਿੰਦੇ ਹੋ ਤਾਂ ਗ਼ਲਤੀ ਨਾਲ ਵੀ ਇਹ ਨਾ ਕਰੋ। ਆਉ ਜਾਣਦੇ ਹਾਂ ਕਿਹੜੀ ਬੀਮਾਰੀਆਂ ਵਿਚ ਕੱਦੂ ਦੇ ਬੀਜ ਹੁੰਦੇ ਹਨ ਬਹੁਤ ਫ਼ਾਇਦੇਮੰਦ:

ਅਨਿਯਮਤ ਰੁਟੀਨ ਅਤੇ ਖਾਣ-ਪੀਣ ਵਿਚ ਲਾਪ੍ਰਵਾਹੀ ਕਾਰਨ ਅੱਜਕਲ ਜ਼ਿਆਦਾਤਰ ਲੋਕ ਤਣਾਅ ਕਾਰਨ ਪ੍ਰੇਸ਼ਾਨ ਹਨ। ਇਹੀ ਕਾਰਨ ਹੈ ਕਿ ਡਿਪਰੈਸ਼ਨ ਕਾਰਨ ਲੋਕਾਂ ਨੂੰ ਕਈ ਹੋਰ ਸਿਹਤ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਅਜਿਹੀ ਸਥਿਤੀ ਵਿਚ ਮਾਨਸਕ ਸਿਹਤ ਨੂੰ ਸੁਧਾਰਨ ਲਈ ਕੱਦੂ ਦੇ ਬੀਜਾਂ ਦੀ ਮਦਦ ਲਈ ਜਾ ਸਕਦੀ ਹੈ। ਕੱਦੂ ਦੇ ਬੀਜਾਂ ਵਿਚ ਮੈਗਨੀਸ਼ੀਅਮ ਭਰਪੂਰ ਮਾਤਰਾ ਵਿਚ ਹੁੰਦਾ ਹੈ ਜੋ ਦਿਮਾਗ ਨੂੰ ਸ਼ਾਂਤ ਕਰਨ ਵਿਚ ਮਦਦ ਕਰਦਾ ਹੈ। ਕੱਦੂ ਦੇ ਬੀਜਾਂ ਵਿਚ ਜ਼ਿੰਕ ਅਤੇ ਬੀ ਵਿਟਾਮਿਨ ਵੀ ਮਿਲ ਜਾਂਦੇ ਹਨ, ਜੋ ਤਣਾਅ ਨੂੰ ਘੱਟ ਕਰਨ ਵਿਚ ਮਦਦਗਾਰ ਹੁੰਦੇ ਹਨ।

ਅੱਜਕਲ ਬਹੁਤ ਸਾਰੇ ਲੋਕ ਤਣਾਅ ਕਾਰਨ ਨੀਂਦ ਨਾ ਆਉਣ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ। ਅਜਿਹੇ ਵਿਚ ਕੱਦੂ ਦੇ ਬੀਜਾਂ ਨਾਲ ਇਨਸੌਮਨੀਆ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਸਕਦਾ ਹੈ। ਇਨਸੌਮਨੀਆ ਤੋਂ ਪੀੜਤ ਮਰੀਜ਼ਾਂ ਲਈ ਕੱਦੂ ਬਹੁਤ ਫ਼ਾਇਦੇਮੰਦ ਹੁੰਦਾ ਹੈ। ਸਿਹਤ ਮਾਹਰਾਂ ਅਨੁਸਾਰ ਇਕ ਵਿਅਕਤੀ ਲਈ ਇਕ ਦਿਨ ਵਿਚ ਔਸਤਨ 8 ਘੰਟੇ ਦੀ ਨੀਂਦ ਜ਼ਰੂਰੀ ਹੈ। ਕੱਦੂ ਦੇ ਬੀਜ ਨੀਂਦ ਦੀ ਗੁਣਵਤਾ ਵਿਚ ਵੀ ਸੁਧਾਰ ਕਰਦੇ ਹਨ।

ਕੋਰੋਨਾ ਵਾਇਰਸ ਮਹਾਂਮਾਰੀ ਤੋਂ ਬਾਅਦ ਹਰ ਕੋਈ ਇਮਿਊਨਿਟੀ ਵਧਾਉਣ ਦੀ ਕੋਸ਼ਿਸ਼ ਕਰਦਾ ਦੇਖਿਆ ਗਿਆ। ਕੱਦੂ ਦੇ ਬੀਜਾਂ ਵਿਚ ਵਿਟਾਮਿਨ ਈ ਭਰਪੂਰ ਮਾਤਰਾ ਵਿਚ ਮਿਲ ਜਾਂਦਾ ਹੈ, ਜੋ ਇਮਿਊਨਿਟੀ ਨੂੰ ਵਧਾਉਂਦਾ ਹੈ। ਖਾਣੇ ਵਿਚ ਕੱਦੂ ਦੇ ਥੋੜ੍ਹੇ ਜਿਹੇ ਬੀਜਾਂ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਸ਼ੂਗਰ ਦੇ ਰੋਗੀਆਂ ਨੂੰ ਕੱਦੂ ਦੇ ਬੀਜਾਂ ਦਾ ਸੇਵਨ ਕਰਨਾ ਚਾਹੀਦਾ ਹੈ ਕਿਉਂਕਿ ਇਸ ਵਿਚ ਫ਼ਾਈਬਰ ਭਰਪੂਰ ਹੁੰਦਾ ਹੈ। ਕੱਦੂ ਦੇ ਬੀਜ ਟਾਈਪ 2 ਡਾਇਬਟੀਜ਼ ਦੇ ਮਰੀਜ਼ਾਂ ਲਈ ਰਾਮਬਾਣ ਹਨ। ਕੱਦੂ ਦੇ ਬੀਜਾਂ ਦਾ ਸੇਵਨ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ਵਿਚ ਵੀ ਮਦਦ ਕਰਦਾ ਹੈ।