ਸਿਹਤਮੰਦ ਸਰੀਰ ਲਈ ਪੈਦਲ ਚੱਲਣਾ ਜ਼ਰੂਰੀ
ਸਮੇਂ ਦੀ ਤਬਦੀਲੀ ਦੇ ਨਾਲ-ਨਾਲ ਮਨੁੱਖ ਨੇ ਅਪਣੀ ਸੁੱਖ-ਸੁਵਿਧਾ ਵਧਾਉਣ ਹਿਤ ਊਠਾਂ, ਘੋੜਿਆਂ, ਬੈਲ ਗੱਡੀਆਂ, ਟਾਂਗਿਆਂ/ਯੱਕਿਆਂ ਆਦਿ ਦੀ ਵਰਤੋਂ ਕਰਨੀ ਆਰੰਭ ਕਰ ਦਿਤੀ
ਸਿਆਣੇ ਸੱਚ ਕਹਿ ਗਏ ਹਨ ਕਿ ਤੁਰਨਾ ਹੀ ਜ਼ਿੰਦਗੀ ਹੈ। ਗੱਲ ਸਹੀ ਵੀ ਹੈ ਕਿ ਤੁਰਦੇ ਰਹਿਣਾ ਮੰਜ਼ਲਾਂ ਵਲ ਲੈ ਜਾਂਦਾ ਹੈ, ਪਰ ਜਿਸ ਤੁਰਨ ਦੀ ਗੱਲ ਅੱਜ ਅਸੀਂ ਕਰਨ ਜਾ ਰਹੇ ਹਾਂ, ਉਸ ਤੋਂ ਭਾਵ ਹੈ : ਪੈਦਲ ਚਲਣਾ, ਪੈਦਲ ਤੁਰਨਾ, ਟਹਿਲਣਾ। ਕੋਈ ਸਮਾਂ ਹੁੰਦਾ ਸੀ ਜਦ ਹਰ ਵਿਅਕਤੀ ਅਪਣੇ ਕੰਮਕਾਰ ਲਈ ਤੇ ਮੰਜ਼ਲ ਤਕ ਪਹੁੰਚਣ ਲਈ ਪੈਦਲ ਚਲ ਕੇ ਘਰੋਂ ਜਾਂਦਾ ਹੁੰਦਾ ਸੀ।
ਪਰ ਸਮੇਂ ਦੀ ਤਬਦੀਲੀ ਦੇ ਨਾਲ-ਨਾਲ ਮਨੁੱਖ ਨੇ ਅਪਣੀ ਸੁੱਖ-ਸੁਵਿਧਾ ਵਧਾਉਣ ਹਿਤ ਊਠਾਂ, ਘੋੜਿਆਂ, ਬੈਲ ਗੱਡੀਆਂ, ਟਾਂਗਿਆਂ/ਯੱਕਿਆਂ ਆਦਿ ਦੀ ਵਰਤੋਂ ਕਰਨੀ ਆਰੰਭ ਕਰ ਦਿਤੀ। ਫਿਰ ਸਾਈਕਲ ਦਾ ਜ਼ਮਾਨਾ ਆ ਗਿਆ ਅਤੇ ਇਨ੍ਹਾਂ ਸਾਧਨਾਂ ਨੇ ਸਾਡੇ ਸਮੇਂ ਦੀ ਕਾਫ਼ੀ ਬੱਚਤ ਕੀਤੀ ਅਤੇ ਹਰ ਕੋਈ ਕਾਫ਼ੀ ਜਲਦੀ ਅਪਣੇ ਥਾਂ-ਟਿਕਾਣੇ ਸਿਰ ਪਹੁੰਚਣ ਲੱਗ ਪਿਆ।
ਫਿਰ ਵਿਗਿਆਨ ਨੇ ਤਰੱਕੀ ਕੀਤੀ ਤੇ ਨਵੀਆਂ- ਨਵੀਆਂ ਕਾਢਾਂ ਕੱਢੀਆਂ ਅਤੇ ਮਨੁੱਖ ਦੀ ਸੁਖ-ਸੁਵਿਧਾ ਲਈ ਨਵੇਂ-ਨਵੇਂ ਔਜ਼ਾਰ ਯੰਤਰ ਇਜਾਦ ਕੀਤੇ। ਇਸ ਨਾਲ ਬਹੁਤ ਜ਼ਿਆਦਾ ਤਰੱਕੀ ਵੀ ਹੋਈ ਅਤੇ ਸਾਡੇ ਸਮੇਂ ਤੇ ਧਨ ਦੀ ਬੱਚਤ ਵੀ ਹੋਈ। ਵਿਗਿਆਨ ਦੀ ਤਰੱਕੀ ਨੇ ਮਸ਼ੀਨੀਕਰਨ ਦਾ ਯੁੱਗ ਲਿਆ ਦਿਤਾ ਅਤੇ ਹਰ ਕੋਈ ਸਾਈਕਲਾਂ ਨੂੰ ਛੱਡ ਮੋਟਰਸਾਈਕਲਾਂ, ਸਕੂਟਰਾਂ, ਕਾਰਾਂ, ਟੈਂਪੂ, ਥ੍ਰੀ-ਵ੍ਹੀਲਰ ਆਦਿ ਰਾਹੀਂ ਸਫ਼ਰ ਕਰਨ ਲੱਗ ਪਿਆ।
ਪਰ ਇਸ ਸਾਰੀ ਸੁਖ-ਸੁਵਿਧਾ ਦੇ ਨਾਲ ਜਿਥੇ ਅਨੇਕਾਂ ਹੋਰ ਲਾਭ ਹੋਏ, ਉਥੇ ਸਾਡੇ ਸਰੀਰ ’ਤੇ ਵੀ ਬੁਰਾ ਪ੍ਰਭਾਵ ਪਿਆ ਕਿਉਂਕਿ ਸਰੀਰ ਦੀ ਥਾਂ ਮਸ਼ੀਨ/ਯੰਤਰ ਕੰਮ ਕਰਨ ਲੱਗੇ ਅਤੇ ਅਸੀਂ ਬਹੁਤ ਜ਼ਿਆਦਾ ਸੁਖ- ਸੁਵਿਧਾਵਾਂ ਵਿਚ ਉਲਝ ਕੇ ਰਹਿ ਗਏ । ਅੱਜ ਮੁੜ ਸੋਚਣ ਦੀ, ਵਿਚਾਰਨ ਦੀ ਅਤੇ ਅਮਲ ਕਰਨ ਦੀ ਵਾਰੀ ਹੈ ਕਿ ਅਸੀਂ ਅਪਣੇ ਜੀਵਨ ਵਿਚ ਵੱਧ ਤੋਂ ਵੱਧ ਜਿੰਨਾ ਵੀ ਸੰਭਵ ਹੋ ਸਕੇ
ਹਰ ਛੋਟੇ-ਵੱਡੇ ਕੰਮ ਨੂੰ ਪੈਦਲ ਚਲ ਕੇ ਕਰੀਏ, ਵੱਧ ਤੋਂ ਵੱਧ ਪੈਦਲ ਚਲੀਏ, ਭਾਵੇਂ ਉਹ ਸਵੇਰ ਦੀ ਸੈਰ ਹੋਵੇ ਜਾਂ ਸ਼ਾਮ ਦਾ ਟਹਿਲਣਾ ਹੋਵੇ ਜਾਂ ਕਿਸੇ ਕੰਮਕਾਰ ਲਈ ਦੁਕਾਨ ਜਾਂ ਕਿਸੇ ਹੋਰ ਸਥਾਨ ’ਤੇ ਜਾਣਾ ਹੋਵੇ। ਸਾਨੂੰ ਪੈਦਲ ਜਾਣ ਨੂੰ ਤਰਜੀਹ ਦੇਣੀ ਚਾਹੀਦੀ ਹੈ ਕਿਉਂਕਿ ਪੈਦਲ ਜਾਣ ਦੇ ਇੰਨੇ ਜ਼ਿਆਦਾ ਸਾਡੇ ਸਰੀਰ ਨੂੰ, ਸਾਡੇ ਮਨ ਨੂੰ, ਸਾਡੀਆਂ ਭਾਵਨਾਵਾਂ ਨੂੰ ਤੇ ਸਾਡੀ ਸੋਚ ਨੂੰ ਲਾਭ ਹਨ ਅਤੇ ਫ਼ਾਇਦੇ ਹਨ ਕਿ ਇਨ੍ਹਾਂ ਬਾਰੇ ਲਿਖਣਾ, ਦਸਣਾ ਜਾਂ ਵਿਚਾਰ ਕਰ ਕੇ ਵਿਅਕਤ ਕਰਨਾ ਸ਼ਾਇਦ ਸੂਰਜ ਨੂੰ ਦੀਵਾ ਦਿਖਾਉਣ ਦੇ ਬਰਾਬਰ ਹੈ।
ਪੈਦਲ ਚਲਣ ਸਮੇਂ ਜਿਥੋਂ ਤਕ ਸੰਭਵ ਹੋ ਸਕੇ ਵਧੇਰੇ ਗੱਲਬਾਤ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਤਾਂ ਜੋ ਵੱਧ ਤੋਂ ਵੱਧ ਨੱਕ ਰਾਹੀਂ ਆਕਸੀਜਨ ਅੰਦਰ ਖਿੱਚੀ ਜਾ ਸਕੇ ਅਤੇ ਪੈਦਲ ਚਲਣ, ਟਹਿਲਣ, ਸੈਰ ਕਰਨ ਦਾ ਵੱਧ ਤੋਂ ਵੱਧ ਸਾਨੂੰ ਲਾਭ ਮਿਲ ਸਕੇ। ਕਈ ਵਿਦਵਾਨਾਂ ਦਾ ਇਹ ਮੰਨਣਾ ਹੈ ਕਿ ਜੇਕਰ ਅਸੀਂ ਨੰਗੇ ਪੈਰ (ਬਿਨਾਂ ਚੱਪਲ/ ਬੂਟ ਆਦਿ ਪਾਏ ਤੋਂ) ਸਾਫ਼ ਮਿੱਟੀ ’ਤੇ ਚਲੀਏ ਤਾਂ ਇਸ ਨਾਲ ਸਾਨੂੰ ਇਕ ਵਖਰੀ ਤਰ੍ਹਾਂ ਦੀ ਤਾਜ਼ਗੀ, ਊਰਜਾ ਅਤੇ ਸ਼ਕਤੀ ਪ੍ਰਾਪਤ ਹੁੰਦੀ ਹੈ । ਹਰੇ- ਭਰੇ ਸਾਫ਼- ਸੁਥਰੇ ਘਾਹ ’ਤੇ ਚਲਣਾ ਵੀ ਸਾਡੇ ਸਰੀਰ ਲਈ ਸਾਡੀਆਂ ਅੱਖਾਂ ਲਈ ਲਾਭਦਾਇਕ ਹੁੰਦਾ ਹੈ ।
ਇਸ ਲਈ ਬਹੁਤੀ ਗੱਲ ਨਾ ਕਰਦੇ ਹੋਏ ਅੱਜ ਅਪਣੀ ਸਰੀਰਕ, ਮਾਨਸਕ ਤੇ ਬੌਧਿਕ ਤੰਦਰੁਸਤੀ ਲਈ ਸਾਨੂੰ ਮੁੜ ਪੈਦਲ ਚਲਣ ਵਲ ਅਪਣੇ ਆਪ ਨੂੰ ਮੋੜਨਾ ਪਵੇਗਾ, ਵਿਚਾਰਨਾ ਪਵੇਗਾ ਅਤੇ ਅਪਣੀ ਸੋਚ ਬਦਲਣੀ ਪਵੇਗੀ । ਪੈਦਲ ਚਲਣ ਵਿਚ ਸਾਨੂੰ ਕਿਸੇ ਤਰ੍ਹਾਂ ਦੀ ਸ਼ੰਕਾ ਜਾਂ ਸ਼ਰਮ ਮਹਿਸੂਸ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਪੈਦਲ ਚਲਣ ਨੂੰ ਜਾਂ ਪੈਦਲ ਚਲਣ ਵਾਲੇ ਨੂੰ ਤਿ੍ਰਸਕਾਰ ਦੀ ਨਜ਼ਰ ਨਾਲ ਦੇਖਣਾ- ਸਮਝਣਾ ਚਾਹੀਦਾ ਹੈ
ਕਿਉਂਕਿ ਪੈਦਲ ਚਲਣਾ ਕੁਦਰਤ ਵਲੋਂ ਦਿਤੀ ਹੋਈ ਇਕ ਵਿਧੀ ਹੈ, ਇਕ ਯੋਗਤਾ ਹੈ। ਭਾਵੇਂ ਥੋੜ੍ਹਾ ਹੀ ਪੈਦਲ ਚਲੀਏ, ਜ਼ਰੂਰ ਚਲਣਾ ਚਾਹੀਦਾ ਹੈ। ਇਸ ਨਾਲ ਜਿਥੇ ਸਰੀਰਿਕ ਤੌਰ ’ਤੇ ਲਾਭ ਹੁੰਦਾ ਹੀ ਹੈ, ਉੱਥੇ ਹੀ ਧੁਨੀ ਪ੍ਰਦੂਸ਼ਣ ਤੇ ਹਵਾ ਪ੍ਰਦੂਸ਼ਣ ਤੋਂ ਵੀ ਕਾਫ਼ੀ ਹਦ ਤਕ ਮੁਕਤੀ ਮਿਲਣ ਦੀ ਸੰਭਾਵਨਾ ਬਣਦੀ ਹੈ। ਡਾਕਟਰ ਹਰ ਕਿਸੇ ਨੂੰ ਸੈਰ ਕਰਨ, ਪੈਦਲ ਚਲਣ ਤੇ ਟਹਿਲਣ ਲਈ ਵਾਰ -ਵਾਰ ਪ੍ਰੇਰਿਤ ਕਰਦੇ ਹਨ ਕਿਉਂਕਿ ਪੈਦਲ ਚਲਣ ਦੇ ਅਣਗਿਣਤ ਲਾਭ ਹਨ ਅਤੇ ਸਾਨੂੰ ਇਨ੍ਹਾਂ ਦਾ ਫ਼ਾਇਦਾ ਪੈਦਲ ਚਲ ਕੇ ਜ਼ਰੂਰ ਲੈਣਾ ਚਾਹੀਦਾ ਹੈ।
-ਮਾਸਟਰ ਸੰਜੀਵ ਧਰਮਾਣੀ, (ਸਟੇਟ ਐਵਾਰਡੀ) ਸ੍ਰੀ ਅਨੰਦਪੁਰ ਸਾਹਿਬ। 9478561356