ਕੀ ਲੀਚੀ ਹੀ ਹੈ ਦਿਮਾਗੀ ਬੁਖ਼ਾਰ ਦਾ ਕਾਰਨ?

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਬਿਹਾਰ ਦੇ ਮੁਜ਼ੱਫਰਪੁਰ 'ਚ ਬੱਚਿਆਂ ਦੀ ਮੌਤ ਦੀ ਜਾਂਚ ਲਈ ਬਣਾਈ ਗਈ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਟੀਮ ਨੇ ਕਿਹਾ ਕਿ ਲੀਚੀ ਖਾਣਾ ਬੱਚਿਆਂ ਦੀ ਮੌਤ ਦਾ ਮੁੱਖ ਕਾਰਨ ਨਹੀਂ ਹੈ

Litchi

ਮੁਜ਼ੱਫਰਪੁਰ: ਬਿਹਾਰ ਵਿਚ ਐਕਿਊਟ ਇਨਸੇਫ਼ਲਾਈਟਿਸ ਸਿੰਡਰੋਮ ਦੇ ਕਾਰਨ 150 ਤੋਂ ਜ਼ਿਆਦਾ ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਸੂਬੇ ਦੇ ਹਰੇਕ ਪਿੰਡ ਵਿਚ ਇਸ ਬਿਮਾਰੀ ਨੂੰ ਲੈ ਕੇ ਦਹਿਸ਼ਤ ਫੈਲ ਗਈ ਹੈ ਅਤੇ ਲੋਕ ਅਪਣੇ ਪਿੰਡ ਛੱਡ ਕੇ ਜਾ ਰਹੇ ਹਨ। ਉਥੇ ਹੀ ਸੁਪਰੀਮ ਕੋਰਟ ਨੇ ਬਿਹਾਰ ਦੇ ਮੁਜ਼ੱਫਰਪੁਰ ਵਿਚ ਇਨਸੇਫ਼ਲਾਈਟਿਸ ਨਾਲ ਹੋਣ ਵਾਲੀਆਂ ਮੌਤਾਂ ਦੇ ਮਾਮਲੇ ਵਿਚ ਕੇਂਦਰ, ਬਿਹਾਰ ਸਰਕਾਰ ਅਤੇ ਉਤਰ ਪ੍ਰਦੇਸ਼ ਸਰਕਾਰ ਨੂੰ ਨੋਟਿਸ ਭੇਜਿਆ ਹੈ। ਜ਼ਿਆਦਾ ਗਿਣਤੀ ਵਿਚ ਬੱਚਿਆਂ ਦੀ ਮੌਤ ਅਤੇ ਸਿਹਤ ਸੁਵਿਧਾਵਾਂ ਦੀ ਕਮੀ ਦੇ ਚਲਦਿਆਂ ਸੂਬਾ ਅਤੇ ਕੇਂਦਰ ਸਰਕਾਰ ‘ਤੇ ਇਲਜ਼ਾਮ ਲੱਗ ਰਹੇ ਹਨ।

ਇਸ ਦੇ ਨਾਲ ਹੀ ਇਸ ਬਿਮਾਰੀ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਤਰ੍ਹਾਂ ਤਰ੍ਹਾਂ ਦੇ ਮੈਸੇਜ ਸ਼ੇਅਰ ਕੀਤੇ ਜਾ ਰਹੇ ਹਨ। ਇਹਨਾਂ ਮੈਸੇਜਾਂ ਵਿਚ ਬੱਚਿਆਂ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਉਪਾਅ ਅਤੇ ਇਸ ਬਿਮਾਰੀ ਦੇ ਲੱਛਣ ਦੱਸੇ ਜਾ ਰਹੇ ਹਨ। ਇਸ ਦੀ ਪੁਸ਼ਟੀ ਕਰਨ ਲਈ ਇਕ ਹਸਪਤਾਲ ਦੇ ਡਾਕਟਰ ਨਾਲ ਗੱਲਬਾਤ ਕੀਤੀ ਗਈ। ਇਸ ਦੌਰਾਨ ਡਾਕਟਰ ਤ੍ਰਿਵੇਦੀ ਨੇ ਕਿਹਾ ਕਿ ਬਿਹਾਰ ਵਿਚ ਦਿਮਾਗੀ ਬੁਖ਼ਾਰ ਹੋਣ ਦੇ ਕਾਰਨ ਕਾਫ਼ੀ ਵਿਵਾਦ ਖੜਾ ਹੋਇਆ ਹੈ। ਕਿਸੇ ਦਾ ਕਹਿਣਾ ਹੈ ਕਿ ਇਹ ਹੀਟ ਸਟ੍ਰੋਕ ਹੈ ਤਾਂ ਕਈ ਇਸ ਦਾ ਕਾਰਨ ਲੀਚੀ ਨੂੰ ਦੱਸ ਰਹੇ ਹਨ।

ਉਹਨਾਂ ਕਿਹਾ ਕਿ ਗਰਮੀਆਂ ਦੇ ਮੌਸਮ ਵਿਚ ਬੱਚਿਆਂ ਨੂੰ ਧੁੱਪ ਤੋਂ ਬਚਾਉਣਾ ਚਾਹੀਦਾ ਹੈ ਅਤੇ ਜ਼ਿਆਦਾ ਤੋਂ ਜ਼ਿਆਦਾ ਪਾਣੀ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਗਰਮੀ ਦੇ ਮੌਸਮ ਵਿਚ ਬੱਚਿਆਂ ਵਿਚ ਹੀਟ ਸਟ੍ਰੋਕ ਅਤੇ ਡੀਹਾਈਡਰੇਸ਼ਨ ਦੇ ਮਾਮਲੇ ਸਾਹਮਣੇ ਆਉਂਦੇ ਹਨ। ਉਹਨਾਂ ਕਿਹਾ ਕਿ ਬੱਚਿਆਂ ਨੂੰ ਜੰਕ ਫੂਡ ਤੋਂ ਵੀ ਦੂਰ ਰੱਖਣਾ ਚਾਹੀਦਾ ਹੈ ਅਤੇ ਅਜਿਹੇ ਦੇਖਿਆ ਗਿਆ ਹੈ ਕਿ ਜ਼ਿਆਦਾਤਰ ਕੁਪੋਸ਼ਣ ਦਾ ਸ਼ਿਕਾਰ ਬੱਚੇ ਹੀ ਦਿਮਾਗੀ ਬੁਖ਼ਾਰ ਦਾ ਸ਼ਿਕਾਰ ਹੁੰਦੇ ਹਨ।

ਦਿਮਾਗੀ ਬੁਖ਼ਾਰ ਅਤੇ ਲੀਚੀ

ਦਿਮਾਗੀ ਬੁਖ਼ਾਰ ਜਾਂ ਐਕਿਊਟ ਇਨਸੇਫ਼ਲਾਈਟਿਸ ਸਿੰਡਰੋਮ ਦਾ ਜੋ ਐਸੋਸੀਏਸ਼ਨ ਦੇਖਿਆ ਗਿਆ ਹੈ, ਉਹ ਲੀਚੀ ਵਿਚ ਇਕ ਟਾਕਸਿਨ ਹੁੰਦਾ ਹੈ। ਇਸ ਦੇ ਕਾਰਨ ਸਰੀਰ ਵਿਚ ਸ਼ੂਗਰ ਦੀ ਕਮੀ ਆ ਜਾਂਦੀ ਹੈ ਤਾਂ ਜੇਕਰ ਕੁਪੋਸ਼ਣ ਦਾ ਸ਼ਿਕਾਰ ਬੱਚੇ ਕੱਚੀ ਲੀਚੀ ਖਾ ਲੈਣ ਤਾਂ ਬੱਚਿਆਂ ਵਿਚ ਸ਼ੂਗਰ ਲੈਵਲ ਘੱਟ ਜਾਂਦਾ ਹੈ। ਇਸ ਦੇ ਨਾਲ ਹੀ ਜਦੋਂ ਇਹ ਟਾਕਸਿਨ ਸਰੀਰ ਵਿਚ ਆ ਜਾਂਦਾ ਹੈ ਤਾਂ ਸਰੀਰ ਵਿਚ ਗਲੂਕੋਜ਼ ਨਹੀਂ ਬਣ ਪਾਂਦਾ।

ਬਿਹਾਰ ਦੇ ਮੁਜ਼ੱਫਰਪੁਰ ਵਿਚ ਬੱਚਿਆਂ ਦੀ ਮੌਤ ਦੀ ਜਾਂਚ ਲਈ ਬਣਾਈ ਗਈ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਇਕ ਟੀਮ ਨੇ ਕਿਹਾ ਕਿ ਲੀਚੀ ਖਾਣਾ ਬੱਚਿਆਂ ਦੀ ਮੌਤ ਦਾ ਮੁੱਖ ਕਾਰਨ ਨਹੀਂ ਹੈ ਕਿਉਂਕਿ ਇਸ ਨਾਲ ਨਵ-ਜਨਮੇ ਬੱਚੇ ਵੀ ਪ੍ਰਭਾਵਿਤ ਹੋਏ ਹਨ। ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਬੱਚਿਆਂ ਨੇ ਲੀਚੀ ਨਹੀਂ ਖਾਧੀ ਪਰ ਫਿਰ ਵੀ ਉਹ ਦਿਮਾਗੀ ਬੁਖ਼ਾਰ ਦੀ ਚਪੇਟ ਵਿਚ ਆ ਗਏ।

ਉਹਨਾਂ ਕਿਹਾ ਕਿ ਇਹ 100 ਫੀਸਦੀ ਨਹੀਂ ਕਿਹਾ ਜਾ ਸਕਦਾ ਕਿ ਇਹ ਲੀਚੀ ਨਾਲ ਹੋ ਰਿਹਾ ਹੈ ਪਰ 100 ਫੀਸਦੀ ਇਸ ਦਾ ਸਬੰਧ ਕੁਪੋਸ਼ਣ ਨਾਲ ਹੈ। ਇਸ ਲਈ ਕੁਪੋਸ਼ਣ ਨੂੰ ਟਾਰਗੇਟ ਕਰਨਾ ਚਾਹੀਦਾ ਹੈ। ਮੁਜ਼ੱਫਰਪੁਰ ਦੇ ਸਿਵਲ ਸਰਜਨ ਡਾਕਟਰ ਸ਼ੈਲੇਸ਼ ਸਿੰਘ ਨੇ ਦੱਸਿਆ ਕਿ ਜ਼ਿਆਦਾਤਰ ਮਾਮਲਿਆਂ ਵਿਚ ਇਹੀ ਦੇਖਿਆ ਗਿਆ ਹੈ ਕਿ ਦਿਨ ਭਰ ਧੁੱਪ ਵਿਚ ਰਹਿਣ ਤੋਂ ਬਾਅਦ ਰਾਤ ਨੂੰ ਭੁੱਖੇ ਸੌਣ ਨਾਲ ਬੱਚੇ ਦਿਮਾਗੀ ਬੁਖ਼ਾਰ ਦੀ ਚਪੇਟ ਵਿਚ ਆ ਰਹੇ ਹਨ। ਡਾਕਟਰ ਤ੍ਰਿਵੇਦੀ ਦਾ ਕਹਿਣਾ ਹੈ ਕਿ ਕੁਪੋਸ਼ਣ ਨੂੰ ਦੂਰ ਕਰਕੇ ਹੀ ਦਿਮਾਗੀ ਬੁਖ਼ਾਰ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਇਸ ਦੇ ਸਬੰਧ ਵਿਚ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਹੈ।

ਨੈਸ਼ਨਲ ਰਿਸਰਚ ਸੈਂਟਰ ਆਨ ਲੀਚੀ ਦੇ ਡਾਇਰੈਕਟਰ ਵਿਸ਼ਾਲ ਨਾਥ ਦਾ ਕਹਿਣਾ ਹੈ ਕਿ ਜੇਕਰ ਦਿਮਾਗੀ ਬੁਖ਼ਾਰ ਲੀਚੀ ਖਾਣ ਨਾਲ ਹੁੰਦਾ ਹੈ ਤਾਂ ਜਨਵਰੀ, ਫਰਵਰੀ ਵਿਚ ਵੀ ਇਹ ਬਿਮਾਰੀ ਹੋਣੀ ਸੀ। ਉਹਨਾਂ ਕਿਹਾ ਇਸ ਬਿਮਾਰੀ ਦਾ ਸਬੰਧ ਲੀਚੀ ਨਾਲ ਨਹੀਂ ਹੈ। ਉਹਨਾਂ ਇਹ ਵੀ ਕਿਹਾ ਕਿ ਦੇਸ਼ ਅਤੇ ਦੁਨੀਆ ਵਿਚ ਹੋਰ ਕਈ ਥਾਵਾਂ ‘ਤੇ ਲੀਚੀ  ਖਾਧੀ ਜਾਂਦੀ ਹੈ ਪਰ ਇਹ ਬਿਮਾਰੀ ਸਿਰਫ਼ ਬਿਹਾਰ ਵਿਚ ਹੀ ਹੋ ਰਹੀ ਹੈ।