ਧੁੱਪ ਨਾਲ ਕਾਲੇ ਹੋਏ ਹੱਥਾਂ ਅਤੇ ਪੈਰਾਂ ਨੂੰ ਸਾਫ ਕਰਨ ਲਈ ਦੇਸ਼ੀ ਨੁਸਖੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਦਹੀਂ ਨਾਲ ਹੱਥਾਂ ਦੀ ਕਾਲੀ ਚਮੜੀ ਖ਼ਤਮ ਹੋ ਜਾਂਦੀ ਹੈ। ਠੰਢੀ ਦਹੀਂ ਹੱਥਾਂ ’ਤੇ ਲਾ ਲਵੋ ਅਤੇ ਫਿਰ 15 ਮਿੰਟ ਮਗਰੋਂ ਧੋ ਲਵੋ

photo

 

ਮੁਹਾਲੀ : ਗਰਮੀ ਦਾ ਅਸਰ ਸੱਭ ਤੋਂ ਜ਼ਿਆਦਾ ਸਰੀਰ ਦੀ ਚਮੜੀ ਨੂੰ ਝਲਣਾ ਪੈਂਦਾ ਹੈ। ਧੁੱਪ ਤੋਂ ਬਚਣ ਲਈ ਹਾਲਾਂਕਿ ਕੁੜੀਆਂ ਬਹੁਤ ਸਾਰੇ ਨੁਸਖ਼ੇ ਵਰਤਦੀਆਂ ਹਨ ਪਰ ਬਾਵਜੂਦ ਇਸ ਦੇ ਚਮੜੀ ’ਤੇ ਸਖ਼ਤ ਧੁੱਪ ਕਾਰਨ ਹੱਥ ਅਤੇ ਪੈਰ ਕਾਲੇ ਪੈ ਜਾਂਦੇ ਹਨ। ਦੁਪਹੀਆ ਵਾਹਨ ਚਲਾਉਣ ਕਾਰਨ ਵੀ ਹੱਥ ਧੁੱਪ ਦੇ ਸਿੱਧੇ ਸੰਪਰਕ ’ਚ ਆਉਣ ਨਾਲ ਵੀ ਕਾਲੇ ਹੋਣ ਦੀ ਸਮੱਸਿਆ ਹੋ ਜਾਂਦੀ ਹੈ। ਉਥੇ ਹੀ ਗਰਮੀ ’ਚ ਨਿੱਕਰਾਂ ਜਾਂ ਕੈਪਰੀ ਪਾਉਣ ਕਾਰਨ ਵੀ ਧੁੱਪ ਪੈਣ ਕਾਰਨ ਚਮੜੀ ਕਾਲੀ ਹੋ ਜਾਂਦੀ ਹੈ। ਜੇਕਰ ਤੁਸੀਂ ਵੀ ਸਕੂਲ-ਕਾਲਜ ਜਾਂ ਦਫ਼ਤਰ ਜਾਂਦੇ ਹੋ ਤਾਂ ਤੁਹਾਡੇ ਲਈ ਗਰਮੀਆਂ ਦੇ ਦਿਨਾਂ ਵਿਚ ਸਖ਼ਤ ਧੁੱਪ ਤੋਂ ਬਚਣਾ ਜ਼ਰੂਰੀ ਹੈ। ਸਾਫ਼ ਹੱਥਾਂ ਨਾਲ ਸੁੰਦਰਤਾ ਹੋਰ ਜ਼ਿਆਦਾ ਨਿਖਰਦੀ ਹੈ ਪਰ ਜੇਕਰ ਹੱਥ ਹੀ ਕਾਲੇ ਹੋ ਜਾਣਗੇ ਤਾਂ ਤੁਹਾਡਾ ਗੋਰਾ ਚਿਹਰਾ ਵੀ ਓਨਾ ਵਧੀਆ ਨਹੀਂ ਲੱਗੇਗਾ। ਮਾਰਕੀਟ ਵਿਚ ਮੌਜੂਦ ਉਤਪਾਦਾਂ ਦਾ ਇਸਤੇਮਾਲ ਕਰਨ ਦੀ ਬਜਾਏ ਤੁਹਾਨੂੰ ਘਰੇਲੂ ਨੁਸਖ਼ਿਆਂ ’ਤੇ ਭਰੋਸਾ ਕਰਨਾ ਸਿਖਣਾ ਹੋਵੇਗਾ। ਜੇਕਰ ਤੁਸੀਂ ਹੇਠਾਂ ਦਿਤੇ ਗਏ ਕੁਦਰਤੀ ਉਪਰਾਲਿਆਂ ਦੀ ਵਰਤੋਂ ਕਰੋਗੇ ਤਾਂ ਧੁੱਪੇ ਕਾਲੇ ਪੈ ਚੱੁਕੇ ਹੱਥ ਫਿਰ ਤੋਂ ਦੁਬਾਰਾ ਗੋਰੇ ਨਜ਼ਰ ਆਉਣਗੇ।

ਐਲੋਵੇਰਾ: ਐਲੋਵੇਰਾ ਅਪਣੀ ਉੱਚ ਵਿਟਾਮਿਨ ਮਾਤਰਾ ਕਾਰਨ ਚਮੜੀ ਤੋਂ ਹੌਲੀ-ਹੌਲੀ ਕਾਲੇਪਨ ਨੂੰ ਕੱਢ ਸਕਦਾ ਹੈ ਅਤੇ ਦੂਜੇ ਪਾਸੇ ਦਹੀਂ ਇਸ ਨੂੰ ਪੂਰੀ ਤਰ੍ਹਾਂ ਨਾਲ ਦੂਰ ਕਰਦੇ ਹੋਏ ਚਮੜੀ ਨੂੰ ਅਸਰਦਾਰ ਢੰਗ ਨਾਲ ਪੋਸ਼ਣ ਦਿੰਦਾ ਹੈ। 4 ਚਮਚ ਤਾਜ਼ਾ ਐਲੋਵੇਰਾ ਦੇ ਗੁੱਦੇ ਨਾਲ ਦਹੀਂ ਦੇ 3 ਚਮਚ ਮਿਲਾਉ। ਅਪਣੇ ਹੱਥਾਂ ਦੀ ਚਮੜੀ ਨਾਲ ਇਸ ਪੈਕ ਨੂੰ ਰਗੜੋ ਅਤੇ ਚਮੜੀ ਨੂੰ ਇਕ ਨਰਮ ਕਪੜੇ ਨਾਲ ਢਕ ਦਿਉ। ਇਹ 30 ਮਿੰਟ ਲਈ ਰਹਿਣ ਦਿਉ ਅਤੇ ਫਿਰ ਪਾਣੀ ਨਾਲ ਹਟਾ ਲਵੋ।
ਨਿੰਬੂ ਦਾ ਰਸ: ਨਿੰਬੂ ਦੇ ਰਸ ਨੂੰ ਉਸ ਜਗ੍ਹਾ ’ਤੇ ਲਾਉ ਜਿਥੇ ਚਮੜੀ ਕਾਲੀ ਹੋ ਗਈ ਹੋਵੇ। ਇਸ ਨੂੰ ਅੱਧੇ ਘੰਟੇ ਲਈ ਰਖੋ ਅਤੇ ਫਿਰ ਧੋ ਲਵੋ। ਇਸ ਤੋਂ ਬਾਅਦ ਹੱਥਾਂ ’ਚ ਮਾਇਸਚਰਾਈਜ਼ਰ ਲਾਉਣਾ ਨਾ ਭੱੁਲੋ ਕਿਉਂਕਿ ਨਿੰਬੂ ਲਾਉਣ ਨਾਲ ਚਮੜੀ ਸੁੱਕ ਜਾਂਦੀ ਹੈ।

ਦਹੀਂ: ਦਹੀਂ ਨਾਲ ਹੱਥਾਂ ਦੀ ਕਾਲੀ ਚਮੜੀ ਖ਼ਤਮ ਹੋ ਜਾਂਦੀ ਹੈ। ਠੰਢੀ ਦਹੀਂ ਹੱਥਾਂ ’ਤੇ ਲਾ ਲਵੋ ਅਤੇ ਫਿਰ 15 ਮਿੰਟ ਮਗਰੋਂ ਧੋ ਲਵੋ। ਇਹ ਨਿੰਬੂ ਦੇ ਰਸ ਤੋਂ ਜ਼ਿਆਦਾ ਲਾਭਕਾਰੀ ਹੈ। ਟਮਾਟਰ ਦਾ ਰਸ ਹੱਥਾਂ ਦੇ ਕਾਲੇ ਪੈ ਚੁਕੇ ਹਿੱਸੇ ਵਿਚ ਟਮਾਟਰ ਦਾ ਰਸ ਮਿਲਾਉ ਅਤੇ 10 ਮਿੰਟ ਬਾਅਦ ਪਾਣੀ ਨਾਲ ਧੋ ਕੇ ਹੱਥਾਂ ਨੂੰ ਸਾਫ਼ ਕਰ ਲਵੋ। ਅਜਿਹਾ ਰੋਜ਼ ਕਰਨ ਨਾਲ ਤੁਹਾਡੇ ਹੱਥ ਗੋਰੇ ਦਿਸਣ ਲੱਗ ਜਾਣਗੇ।

ਕੱਚਾ ਆਲੂ: ਕੱਚੇ ਆਲੂ ’ਚ ‘ਵਿਟਾਮਿਨ ਸੀ’ ਹੁੰਦਾ ਜੋ ਕਿ ਚਮੜੀ ਦੇ ਰੰਗ ਨੂੰ ਸਾਫ਼ ਕਰ ਦਿੰਦਾ ਹੈ। ਆਲੂ ਨੂੰ ਕੱਟੋ ਅਤੇ ਹੱਥਾਂ ’ਤੇ ਲਾ ਲਵੋ। ਇਸ ਦਾ ਨਤੀਜਾ ਕੁੱਝ ਦਿਨਾਂ ਬਾਅਦ ਹੀ ਸਾਹਮਣੇ ਆਵੇਗਾ। ਆਲੂ ਦੀ ਥਾਂ ’ਤੇ ਖੀਰੇ ਦਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ।
ਟਮਾਟਰ ਦਾ ਜੂਸ: ਟਮਾਟਰ ਦਾ ਜੂਸ ਲਵੋ, ਚਾਵਲ ਦਾ ਆਟਾ, ਕਣਕ ਦਾ ਆਟਾ ਅਤੇ ਦੁੱਧ ਲਉ। ਇਨ੍ਹਾਂ ਸਾਰੀਆਂ ਸਮੱਗਰੀਆਂ ਨੂੰ ਚੰਗੀ ਤਰ੍ਹਾਂ ਨਾਲ ਮਿਲਾ ਲਉ। ਇਸ ਘੋਲ ਨੂੰ ਸਰੀਰ ਦੇ ਉਨ੍ਹਾਂ ਅੰਗਾਂ ਉਤੇ ਲਾਉ ਜਿਥੇ ਚਮੜੀ ਕਾਲੀ ਹੋਣ ਦੀ ਸਮੱਸਿਆ ਹੋਵੇ। ਆਟੇ ਨਾਲ ਪਪੜੀ ਉਤਰਦੀ ਹੈ, ਟਮਾਟਰ ਕਾਲੇ ਰੰਗ ਨੂੰ ਹਟਾਉਂਦਾ ਹੈ ਅਤੇ ਦੁੱਧ ਚਮੜੀ ਨੂੰ ਨਮੀ ਦਿੰਦਾ ਹੈ। ਇਸ ਘੋਲ ਨੂੰ ਲਾ ਕੇ ਇਸ ਨੂੰ ਸੁਕਾ ਲਉ, ਫਿਰ ਇਸ ਨੂੰ ਧੋ ਲਵੋ। ਹਰ ਦੂਜੇ ਦਿਨ ਇਸ ਘੋਲ ਦੀ ਵਰਤੋਂ ਕਰੋ।