ਸਿਹਤ ਲਈ ਲਾਭਦਾਇਕ ਹੈ ਖੁਲ੍ਹ ਕੇ ਹਸਣਾ

ਏਜੰਸੀ

ਜੀਵਨ ਜਾਚ, ਸਿਹਤ

ਆਉ ਜਾਣਦੇ ਹਾਂ ਹਸਣ ਦੇ ਫ਼ਾਇਦਿਆਂ ਬਾਰੇ:

photo

 

ਹਸਣਾ ਸਾਡੇ ਜੀਵਨ ਦੀ ਅਹਿਮ ਕਿਰਿਆ ਹੈ। ਜੋ ਲੋਕ ਹਸਦੇ ਹਨ, ਇਹ ਉਨ੍ਹਾਂ ਦੇ ਜੀਵਨ ਨੂੰ ਜਿਉਣ ਦੀ ਨਿਸ਼ਾਨੀ ਹੈ। ਜੋ ਲੋਕ ਜੀਵਨ ਕਟਦੇ ਹਨ ਉਹ ਹਸਦੇ ਨਹੀਂ। ਕਈ ਲੋਕ ਬਹੁਤ ਜ਼ਿਆਦਾ ਤੇ ਖੁਲ੍ਹਕੇ ਹਸਦੇ ਹਨ ਤਾਂ ਕੁੱਝ ਬਹੁਤ ਘੱਟ। ਕੁੱਝ ਲੋਕ ਤਾਂ ਸਿਰਫ਼ ਮੁਸਕਰਾਉਂਦੇ ਹੀ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਮੁਸਕਰਾਉਣ ਅਤੇ ਜ਼ੋਰ ਜ਼ੋਰ ਦੀ ਹਸਣ ਨਾਲ ਦੋਹਾਂ ਦਾ ਸਿਹਤ ਉਤੇ ਅਲੱਗ ਅਲੱਗ ਅਸਰ ਹੁੰਦਾ ਹੈ। ਆਉ ਜਾਣਦੇ ਹਾਂ ਹਸਣ ਦੇ ਫ਼ਾਇਦਿਆਂ ਬਾਰੇ:

ਹਾਸਾ ਇਕ ਕੁਦਰਤੀ ਕਿਰਿਆ ਹੈ। ਜਦ ਵੀ ਸਾਡੇ ਮਨ ਨੂੰ ਹੁਲਾਸ ਦੇਣ ਵਾਲੀ ਕੋਈ ਗੱਲ ਜਾਂ ਘਟਨਾ ਵਾਪਰਦੀ ਹੈ ਤਾਂ ਸਾਡਾ ਮਨ ਖਿੜ ਜਾਂਦਾ ਹੈ ਤੇ ਅਸੀਂ ਹਸਦੇ ਹਾਂ। ਪਰ ਅੱਜਕਲ੍ਹ ਇਕ ਨਕਲੀ ਹਾਸਾ ਵੀ ਹੈ। ਜਦ ਵਿਗਿਆਨ ਨੇ ਮਨੁੱਖ ਨੂੰ ਦਸਿਆ ਕਿ ਹੱਸਣ ਦੇ ਫ਼ਾਇਦੇ ਹਨ ਤਾਂ ਮਨੁੱਖ ਨੇ ਹੱਸਣ ਦੇ ਕੁਦਰਤੀ ਕਾਰਨ ਪੈਦਾ ਕਰਨ ਦੀ ਬਜਾਇ ਬਨਾਉਟੀ ਹਾਸਾ ਹੱਸਣਾ ਸ਼ੁਰੂ ਕਰ ਦਿਤਾ। ਤੁਸੀਂ ਅਕਸਰ ਹੀ ਪਾਰਕਾਂ ਵਿਚ ਲੋਕਾਂ ਨੂੰ ਉੱਚੀ ਉੱਚੀ ਹੱਸਦੇ ਹੋਏ ਦੇਖਿਆ ਹੋਵੇਗਾ ਜੋ ਕਿ ਬਨਾਉਟੀ ਹਾਸਾ ਹੈ।

ਮਾਹਰਾਂ ਦਾ ਮੰਨਣਾ ਹੈ ਕਿ ਬਨਾਉਟੀ ਹਾਸਾ ਤੁਹਾਡੀਆਂ ਮਾਸਪੇਸ਼ੀਆਂ ਦੀ ਕਸਰਤ ਤਾਂ ਕਰਵਾਉਂਦਾ ਹੈ ਤੇ ਤੁਹਾਡੇ ਦਿਮਾਗ ਦੀ ਸੋਚ ਨੂੰ ਕੁੱਝ ਸਮੇਂ ਲਈ ਠੱਲ੍ਹ ਪਾ ਸਕਦਾ ਹੈ ਪਰ ਇਹ ਕੁਦਰਤੀ ਹਾਸੇ ਦੀ ਰੀਸ ਨਹੀਂ ਕਰ ਸਕਦਾ। ਇਸ ਦਾ ਕਾਰਨ ਸਪਸ਼ਟ ਹੈ ਕਿ ਕੁਦਰਤੀ ਹਾਸਾ ਅੰਦਰੋਂ ਫੁਟਦਾ ਹੈ ਤੇ ਸਾਡੇ ਰੋਮ ਰੋਮ ਨੂੰ ਤਰੋਤਾਜ਼ਾ ਕਰ ਦਿੰਦਾ ਹੈ।

ਮੁਸਕਰਾਉਣਾ ਵੀ ਸਾਡੇ ਮਨ ਦੇ ਖੇੜੇ ਵਿਚ ਹੋਣ ਦੀ ਅਵਸਥਾ ਹੈ। ਜਦ ਅਸੀਂ ਕੋਈ ਪਸੰਦੀਦਾ ਵਿਅਕਤੀ ਨਾਲ ਗੱਲ ਕਰਦੇ, ਮਨਪਸੰਦ ਖਾਣਾ ਖਾਂਦੇ, ਸੋਹਣੀ ਫ਼ਿਲਮ ਆਦਿ ਦੇਖਦੇ ਹਾਂ ਤੇ ਸਾਡਾ ਮਨ ਖ਼ੁਸ਼ ਹੋ ਜਾਂਦਾ ਹੈ ਤਾਂ ਅਸੀਂ ਮੁਸਕਰਾਉਂਦੇ ਹਾਂ। ਅਜਿਹੀ ਮੁਸਕਾਨ ਜੋ ਅੰਦਰੋਂ ਫੁਟਦੀ ਹੈ ਇਹ ਸਾਡੇ ਮਾਨਸਕ ਤਣਾਅ, ਡਰ, ਘਬਰਾਹਟ ਆਦਿ ਨੂੰ ਦੂਰ ਕਰ ਦਿੰਦੀ ਹੈ। ਜਦ ਇਨਸਾਨ ਦੇ ਅੰਦਰ ਖ਼ੁਸ਼ੀ ਉਸ ਦੀ ਮੁਸਕਰਾਹਟ ਤੋਂ ਵੀ ਸਾਂਭੀ ਨਹੀਂ ਜਾਂਦੀ ਤਾਂ ਇਨਸਾਨ ਹਸਦਾ ਹੈ।

ਜਦ ਇਨਸਾਨ ਜ਼ੋਰ ਜ਼ੋਰ ਦੀ ਹਸਦਾ ਹੈ ਤਾਂ ਇਹ ਉਸ ਦੇ ਸਹਿਜ ਹੋਣ ਦੀ ਨਿਸ਼ਾਨੀ ਹੁੰਦੀ ਹੈ। ਅਜਿਹਾ ਹਾਸਾ ਸਾਡੇ ਸਰੀਰ ਲਈ ਕਸਰਤ ਵਾਂਗ ਵੀ ਕੰਮ ਕਰਦਾ ਹੈ ਤੇ ਕੈਲਰੀਜ਼ ਬਰਨ ਕਰਦਾ ਹੈ। ਇਕ ਰਿਪਰੋਟ ਮੁਤਾਬਕ ਅੰਦਰੋਂ ਖ਼ੁਸ਼ੀ ਪ੍ਰਗਟ ਹੋਣ ਤੇ ਜ਼ੋਰ ਨਾਲ ਹੱਸਣ ਕਾਰਨ 40 ਤੋਂ ਵੱਧ ਕੈਲੋਰੀਆਂ ਬਰਨ ਹੁੰਦੀਆਂ ਹਨ। ਇਸ ਲਈ ਹਾਸਾ ਜਾਂ ਮੁਸਕਰਾਹਟ ਜੋ ਅੰਦਰੋਂ ਪੈਦਾ ਹੋਵੇ, ਇਨਸਾਨ ਲਈ ਬਹੁਤ ਫ਼ਾਇਦੇਮੰਦ ਹੈ। ਹਰ ਇਨਸਾਨ ਨੂੰ ਅਪਣੇ ਅਤੇ ਅਪਣੇ ਇਰਦ ਗਿਰਦ ਵਸਦੇ ਲੋਕਾਂ ਦੇ ਹੱਸਣ ਲਈ ਮੌਕੇ ਪੈਦਾ ਕਰਨੇ ਚਾਹੀਦੇ ਹਨ।