ਹਰ ਸਾਲ ਡੇਢ ਕਰੋੜ ਲੋਕਾਂ ਦੀ ਜ਼ਿੰਦਗੀ ਖਤਮ ਕਰ ਰਹੀ ਹੈ ਇਹ ਭਿਆਨਕ ਬਿਮਾਰੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਦੁਨੀਆਂ ਭਰ ਵਿਚ ਸਭ ਤੋਂ ਜ਼ਿਆਦਾ ਲੋਕ ਸਟਰੋਕ ਦੇ ਕਾਰਨ ਹੀ ਅਪਾਹਜ ਹੁੰਦੇ ਹਨ, ਜਦਕਿ ਹਰ ਸਾਲ ਲੱਖਾਂ ਲੋਕਾਂ ਦੀ ਜਾਨ ਜਾਂਦੀ ਹੈ।

Stroke

ਨਵੀਂ ਦਿੱਲੀ: ਸਟਰੋਕ ਯਾਨੀ ਅਧਰੰਗ ਇਕ ਗੰਭੀਰ ਬਿਮਾਰੀ ਹੈ, ਜਿਸ ਦਾ ਸ਼ਿਕਾਰ ਕੋਈ ਵੀ ਕਦੀ ਵੀ ਹੋ ਸਕਦਾ ਹੈ। ਦੁਨੀਆਂ ਭਰ ਵਿਚ ਸਭ ਤੋਂ ਜ਼ਿਆਦਾ ਲੋਕ ਸਟਰੋਕ ਦੇ ਕਾਰਨ ਹੀ ਅਪਾਹਜ ਹੁੰਦੇ ਹਨ, ਜਦਕਿ ਹਰ ਸਾਲ ਲੱਖਾਂ ਲੋਕਾਂ ਦੀ ਜਾਨ ਜਾਂਦੀ ਹੈ। ਇਸ ਦਾ ਸਮੇਂ ਸਿਰ ਇਲਾਜ ਨਾ ਹੋਣ ‘ਤੇ ਸਰੀਰਕ ਅਤੇ ਮਾਨਸਿਕ ਤੌਰ ‘ਤੇ ਬੁਰੇ ਪ੍ਰਭਾਵ ਹੁੰਦੇ ਹਨ। ਹਾਲਾਂਕਿ ਇਸ ਬਿਮਾਰੀ ਦੀ ਸਹੀ ਪਛਾਣ ਕਰ ਇਲਾਜ ਕੀਤਾ ਜਾਵੇ ਤਾਂ ਰੋਗੀਆਂ ਨੂੰ ਠੀਕ ਵੀ ਕੀਤਾ ਜਾ ਸਕਦਾ ਹੈ।

ਵਰਲਡ ਸਟਰੋਕ ਮੁਹਿੰਮ ਦੀ ਇਕ ਰਿਪੋਰਟ ਮੁਤਾਬਕ ਹਰ ਸਾਲ ਕਰੀਬ ਡੇਢ ਕਰੋੜ ਲੋਕ ਅਧਰੰਗ ਦਾ ਸ਼ਿਕਾਰ ਹੁੰਦੇ ਹਨ। ਇਹਨਾਂ ਵਿਚੋਂ ਕਰੀਬ 55 ਲੱਖ ਲੋਕਾਂ ਦੀ ਮੌਤ ਇਸ ਬਿਮਾਰੀ ਕਾਰਨ ਹੁੰਦੀ ਹੈ। ਦੁਨੀਆ ਭਰ ਵਿਚ ਹੁਣ ਤੱਕ ਕਰੀਬ 8 ਕਰੋੜ ਲੋਕਾਂ ਵਿਚ ਇਸ ਬਿਮਾਰੀ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਬਿਮਾਰੀ ਦਾ ਅਸਰ ਨਾ ਸਿਰਫ਼ ਲੋਕਾਂ ਦੀ ਸਿਹਤ ‘ਤੇ ਪੈਂਦਾ ਹੈ ਬਲਕਿ ਇਸ ਨਾਲ ਉਹਨਾਂ ਦੀ ਸੰਚਾਰ ਸ਼ਕਤੀ ਵੀ ਕਮਜ਼ੋਰ ਹੁੰਦੀ ਹੈ।

ਕੀ ਹੈ ਸਟਰੋਕ?
ਕੋਈ ਵੀ ਇਨਸਾਨ ਸਟਰੋਕ ਦਾ ਸ਼ਿਕਾਰ ਹੋ ਸਕਦਾ ਹੈ। ਮਾਹਿਰਾਂ ਦੀ ਮੰਨੀਏ ਤਾਂ ਇਹ ਦਿਮਾਗ ਵਿਚ ਸਹੀ ਤਰ੍ਹਾਂ ਬਲੱਡ ਸਰਕੂਲੇਸ਼ਨ ਨਾ ਹੋਣ ਦੀ ਹਾਲਤ ਵਿਚ ਹੁੰਦਾ ਹੈ। ਜਦੋਂ ਦਿਮਾਗ ਦੇ ਸੈਲਾਂ ਨੂੰ ਲੋੜੀਂਦੀ ਮਾਤਰਾ ਵਿਚ ਆਕਸੀਜਨ ਅਤੇ ਪੋਸ਼ਣ ਮਿਲਣਾ ਬੰਦ ਹੋ ਜਾਂਦਾ ਹੈ ਤਾਂ ਇਨਸਾਨ ਸਟਰੋਕ ਦਾ ਸ਼ਿਕਾਰ ਹੁੰਦਾ ਹੈ।

ਸਟਰੋਕ ਦੇ ਲੱਛਣ
ਸਟਰੋਕ ਦੀ ਸ਼ਿਕਾਇਤ ਵਿਚ ਇਨਸਾਨ ਦਾ ਮੂੰਹ ਤਿਰਛਾ ਹੋਣਾ, ਹੱਥ-ਪੈਰ ਜਾਂ ਸਰੀਰ ਦੇ ਕਿਸੇ ਹਿੱਸੇ ਦਾ ਬੇਜਾਨ ਹੋ ਜਾਣਾ, ਜ਼ੁਬਾਨ ਲੜਖੜਾਉਣਾ ਜਾਂ ਚੰਗੀ ਤਰ੍ਹਾਂ ਨਾ ਬੋਲ ਹੋਣਾ ਆਦਿ ਲੱਛਣ ਦੇਖਣ ਨੂੰ ਮਿਲਦੇ ਹਨ।

ਸਟਰੋਕ ਤੋਂ ਬਚਣ ਦੇ ਤਰੀਕੇ

  1. ਅਪਣਾ ਬੀਪੀ ਕੰਟਰੋਲ ਰੱਖੋ ਅਤੇ ਇਸ ਦੀ ਲਗਾਤਾਰ ਜਾਂਚ ਕਰਵਾਓ।
  2. ਸਿਗਰਟ ਅਤੇ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਤੋਂ ਬਚੋ ਅਤੇ ਅਪਣੀ ਸਿਹਤ ਦਾ ਧਿਆਨ ਰੱਖੋ।
  3. ਕੋਲੇਸਟ੍ਰੋਲ ਨਾਲ ਭਰਪੂਰ ਭੋਜਨ ਤੋਂ ਪਰਹੇਜ਼ ਕਰੋ।
  4. ਰੋਜ਼ਾਨਾ ਸੈਰ ਕਰੋ ਅਤੇ ਹਫ਼ਤੇ ਵਿਚੋਂ 5 ਦਿਨ ਕਰੀਬ 30 ਮਿੰਟ ਵਰਕ ਆਊਟ ਜ਼ਰੂਰ ਕਰੋ।
  5. ਫਲ਼ ਅਤੇ ਹਰੀਆਂ ਸਬਜ਼ੀਆਂ ਦਾ ਜ਼ਿਆਦਾ ਤੋਂ ਜ਼ਿਆਦਾ ਸੇਵਨ ਕਰੋ।
  6. ਸਰੀਰ ਵਿਚ ਵਧਣ ਵਾਲੀ ਕੈਲਰੀ ਨੂੰ ਬਰਨ ਕਰਨ ਲ਼ਈ ਕਿਸੇ ਨਾ ਕਿਸੇ ਫਿਜ਼ੀਕਲ ਐਕਟੀਵਿਟੀ ਵਿਚ ਹਿੱਸਾ ਜ਼ਰੂਰ ਲਓ।