ਨਰੋਈ ਸਿਹਤ ਲਈ ਜ਼ਰੂਰੀ ਹੈ ਸਵੇਰ ਦੀ ਸੈਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਬੀਮਾਰੀਆਂ ਤੋਂ ਬਚਾਉਣ ਵਾਲੀ ਕੁਦਰਤੀ 'ਦਵਾਈ' ਹੈ ਸੈਰ

Morning walk is essential for good health

ਸੈਰ ਬੀਮਾਰੀਆਂ ਤੋਂ ਬਚਣ ਤੇ ਠੀਕ ਕਰਨ ਵਾਲੀ ਅਜਿਹੀ ਕੁਦਰਤੀ 'ਦਵਾਈ' ਹੈ ਜਿਸ 'ਤੇ ਕੋਈ ਟੈਕਸ ਨਹੀਂ ਲਗਦਾ। ਇਸ ਦਾ ਅਨੰਦ ਉਹੀ ਲੈ ਸਕਦਾ ਹੈ, ਜਿਸ ਨੇ ਸੈਰ ਸ਼ਬਦ ਨਾਲ ਮੋਹ ਕੀਤਾ ਹੋਵੇ, ਜੋ ਅੰਦਰੋਂ ਜੁੜਿਆ ਹੋਵੇ। ਮਹਿਜ਼ ਇਕ-ਦਿਨ ਤੁਰ ਕੇ ਲਾਹਾ ਭਾਲਣ ਵਾਲੇ ਲੋਕ ਸੈਰ ਦੇ ਸਹੀ ਅਰਥਾਂ ਤੋਂ ਅਨਜਾਣ ਹਨ। ਸੈਰ ਦਾ ਭਾਵ ਹੈ ਤੁਰਨਾ, ਭਾਵੇਂ ਘਰ ਦੀ ਛੱਤ 'ਤੇ ਤੁਰੋ ਜਾਂ ਪਾਰਕ ਵਿਚ। ਕਈ ਲੋਕ ਦੇਸ਼ਾਂ-ਵਿਦੇਸ਼ਾਂ ਵਿਚ ਜਾ ਕੇ ਘੁੰਮਣ-ਫਿਰਨ ਨੂੰ ਵੀ ਸੈਰ-ਸਪਾਟਾ ਆਖਦੇ ਹਨ।

ਸਵੇਰ ਵੇਲੇ ਵਾਤਾਵਰਣ ਸ਼ਾਂਤ ਹੁੰਦਾ ਹੈ। ਸੈਰ ਕਰਨ ਨਾਲ ਸਰੀਰ ਨੂੰ ਤਾਜ਼ਗੀ ਮਹਿਸੂਸ ਹੁੰਦੀ ਹੈ ਕਿਉਂਕਿ ਤਾਜ਼ੀ ਹਵਾ ਵਿਚ ਆਕਸੀਜਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਜ਼ਿੰਦਗੀ ਜਿਊਣ ਲਈ ਆਕਸੀਜਨ ਦੀ ਲੋੜ ਹੁੰਦੀ ਹੈ, ਜੋ ਸਵੇਰ ਦੀ ਸੈਰ ਕਰ ਕੇ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ, ਜਿਵੇਂ ਰੇਗਮਾਰ ਨਾਲ ਲੋਹੇ 'ਤੇ ਲੱਗੇ ਜੰਗਾਲ ਨੂੰ ਲਾਹਿਆ ਜਾਂਦਾ ਹੈ, ਉਸੇ ਤਰ੍ਹਾਂ ਸਵੇਰ ਦੀ ਸੈਰ ਨਾਲ ਸਰੀਰ ਅੰਦਰ ਡੇਰਾ ਜਮਾਈ ਬੈਠੇ ਵਕਾਰ ਦੂਰ ਹੋ ਜਾਂਦੇ ਹਨ।

ਸਵੇਰ ਦੀ ਸੈਰ ਦਾ ਲਾਭ ਉਹੀ ਲੈ ਸਕਦੇ ਹਨ, ਜੋ ਰਾਤ ਨੂੰ ਵੇਲੇ ਸਿਰ ਸੌਂਦੇ ਹਨ ਤੇ ਸਵੇਰੇ ਉਠ ਕੇ ਸੈਰ ਕਰਦੇ ਹਨ। ਪਰ ਅੱਜ ਦੇ ਦੌਰ ਵਿਚ ਨੌਜਵਾਨ ਮੁੰਡੇ-ਕੁੜੀਆਂ ਜੋ ਸੌਂਦੇ ਹੀ ਅੱਧੀ ਰਾਤ ਨੂੰ ਹਨ, ਉਹ ਸਵੇਰੇ ਕੀ ਉਠਣਗੇ ਅਤੇ ਕੀ ਸੈਰ ਕਰਨਗੇ? ਸੈਰ ਕਰਨ ਤੋਂ ਪਹਿਲਾਂ ਪੂਰੀ ਨੀਂਦ ਲੈਣੀ ਵੀ ਜ਼ਰੂਰੀ ਹੁੰਦੀ ਹੈ।

ਜੇ ਪੂਰੀ ਨੀਂਦ ਲਏ ਬਿਨਾਂ ਸੈਰ ਕਰਨੀ ਸ਼ੁਰੂ ਕਰ ਦਿਤੀ ਜਾਵੇ ਤਾਂ ਉਸ ਦੇ ਉਲਟ ਅਸਰ ਹੋਣੇ ਸ਼ੁਰੂ ਹੋ ਜਾਂਦੇ ਹਨ। ਜਿਥੇ ਸੈਰ ਕਰ ਕੇ ਮਨ ਖਿੜ ਉਠਦਾ ਹੈ, ਉਥੇ ਜੇ ਉਨੀਂਦਰੇ ਵਿਚ ਉਠ ਕੇ ਸੈਰ ਕਰਨੀ ਸ਼ੁਰੂ ਕਰ ਦਿਤੀ ਜਾਵੇ ਤਾਂ ਮਨ ਖਿਝਿਆ-ਖਿਝਿਆ ਰਹਿਣ ਲੱਗ ਪੈਂਦਾ ਹੈ। ਸੈਰ ਕਰਨਾ ਕੋਈ ਮਜਬੂਰੀ ਨਹੀਂ ਹੁੰਦੀ, ਇਹ ਤਾਂ ਸ਼ੌਕ ਹੈ ਜਿਸ ਨੇ ਇਹ ਸ਼ੌਕ ਪਾਲ ਲਿਆ, ਉਹ ਸਾਰੀ ਉਮਰ ਬਿਮਾਰ ਨਹੀਂ ਹੁੰਦਾ। ਸੈਰ ਬਹੁਤੀ ਲੰਮੀ ਨਹੀਂ ਕਰਨੀ ਚਾਹੀਦੀ।

ਬਹੁਤੀ ਲੰਮੀ ਸੈਰ ਨਾਲ ਗੋਡੇ ਘਸ ਜਾਂਦੇ ਹਨ। ਸੈਰ ਦੀ ਗਤੀ ਨਾ ਜ਼ਿਆਦਾ ਤੇਜ਼ ਹੋਵੇ ਤੇ ਨਾ ਹੀ ਜ਼ਿਆਦਾ ਹੌਲੀ ਹੋਣੀ ਚਾਹੀਦੀ ਹੈ। ਭੱਜਣਾ, ਵਗਣਾ ਤੇ ਤੁਰਨਾ ਵਿਚੋਂ 'ਵਗਣਾ' ਸ਼ਬਦ ਸੈਰ ਲਈ ਢੁਕਦਾ ਹੈ। ਸੈਰ ਕਰਨ ਲੱਗਿਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਸੈਰ ਇਕਾਗਰਚਿਤ ਹੋ ਕੇ ਕਰਨੀ ਚਾਹੀਦੀ ਹੈ। ਸੈਰ ਕਰਨ ਲੱਗਿਆਂ ਕੋਈ ਖ਼ਾਲੀ ਪਹਾ, ਪਗਡੰਡੀ ਦੀ ਚੋਣ ਸੱਭ ਤੋਂ ਵਧੀਆ ਹੁੰਦੀ ਹੈ ਜਾਂ ਜੇ ਕੋਈ ਨਾਲ ਨਾ ਜਾਣ ਵਾਲਾ ਹੋਵੇ ਤਾਂ ਘਰ ਦਾ ਵਿਹੜਾ ਜਾਂ ਛੱਤ ਸੈਰ ਕਰਨ ਦੀ ਸੱਭ ਤੋਂ ਵਧੀਆ ਥਾਂ ਹੁੰਦੀ ਹੈ।

ਸੈਰ ਦਾ ਫਲ ਨਾਲ ਦੀ ਨਾਲ ਭਾਲਣਾ ਚਾਹੀਦਾ ਹੈ ਕਿਉਂਕਿ ਅਸੀਂ ਬੀਜਦੇ ਕਦੋਂ ਹਾਂ ਤੇ ਵੱਢਦੇ ਕਦੋਂ ਹਾਂ। ਇਸੇ ਤਰ੍ਹਾਂ ਸੈਰ ਕਰਨ ਦਾ ਫਲ ਪ੍ਰਾਪਤ ਜ਼ਰੂਰ ਹੁੰਦਾ ਹੈ। ਕਈ ਲੋਕ ਦਸ ਕੁ ਦਿਨ ਸੈਰ ਕਰ ਕੇ ਇਹ ਕਹਿ ਸੈਰ ਕਰਨੀ ਛੱਡ ਦਿੰਦੇ ਹਨ ਕਿ ਕੋਈ ਫ਼ਾਇਦਾ ਤਾਂ ਹੋਇਆ ਨਹੀਂ। ਇਸ ਸ਼ੌਕ ਨੂੰ ਪੂਰਾ ਕਰਨ ਲਈ ਅਨੁਸ਼ਾਸਨ  ਵਿਚ ਬੱਝਣਾ ਪੈਂਦਾ ਹੈ, ਫਿਰ ਸੈਰ ਦਾ ਲਾਭ ਪ੍ਰਾਪਤ ਹੁੰਦਾ ਹੈ।

ਸੈਰ ਕਰਨ ਲੱਗਿਆਂ ਕਾਹਲ ਨਹੀਂ ਕਰਨੀ ਚਾਹੀਦੀ ਤੇ ਨਾ ਹੀ ਸੈਰ ਨੂੰ ਮਜਬੂਰੀ ਸਮਝ ਕੇ ਕਰਨਾ ਚਾਹੀਦਾ ਹੈ। ਸੈਰ ਕਰਦੇ ਸਮੇਂ ਫ਼ੋਨ ਨਹੀਂ ਸੁਣਨਾ ਚਾਹੀਦਾ ਸਗੋਂ ਕਾਦਰ ਦੀ ਕੁਦਰਤ ਨਾਲ ਇਕਮਿਕ ਹੋ ਕੇ ਉਸ ਦੀ ਸਿਫ਼ਤ-ਸਲਾਹ ਕਰਨੀ ਚਾਹੀਦੀ ਹੈ। ਦਿਲ ਦੇ ਮਰੀਜ਼ਾਂ ਲਈ ਜ਼ਿਆਦਾ ਸਰਦੀਆਂ ਵਿਚ ਸੈਰ ਕਰਨੀ ਹਾਨੀਕਾਰਕ ਹੁੰਦੀ ਹੈ। ਜਿਨ੍ਹਾਂ ਲੋਕਾਂ ਦੇ ਪਲੇਟਲੈੱਟਸ ਘੱਟ ਜਾਂਦੇ ਹਨ, ਉਨ੍ਹਾਂ ਨੂੰ ਜ਼ਿਆਦਾ ਗਰਮੀ ਜਿਵੇਂ ਹੁੰਮਸ ਦੇ ਮੌਸਮ ਵਿਚ ਸੈਰ ਨਹੀਂ ਕਰਨੀ ਚਾਹੀਦੀ। ਜਿਨ੍ਹਾਂ ਦੇ ਗੋਡੇ ਘਸ ਗਏ ਹੋਣ ਜਾਂ ਜਿਨ੍ਹਾਂ ਦੇ ਗੋਡਿਆਂ ਦੀ ਗਰੀਸ ਘੱਟ ਗਈ ਹੋਵੇ, ਉਨ੍ਹਾਂ ਨੂੰ ਸੈਰ ਘੱਟ ਕਰਨੀ ਚਾਹੀਦੀ ਹੈ। ਇਸ ਤੋਂ ਉਲਟ ਜਿਨ੍ਹਾਂ ਦੇ ਗੋਡੇ ਜਾਮ ਹੋ ਰਹੇ ਹੋਣ, ਉਨ੍ਹਾਂ ਲਈ ਸੈਰ ਹੀ ਇਕੋ ਇਕ ਇਲਾਜ ਹੈ।