ਹਰ 10 ਵਿਚੋਂ ਇਕ ਵਿਅਕਤੀ ਹੋ ਸਕਦਾ ਹੈ ਕੋਰੋਨਾ ਪਾਜ਼ੇਟਿਵ-ਵਿਸ਼ਵ ਸਿਹਤ ਸੰਗਠਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਕੁੱਲ ਅਬਾਦੀ ਦੇ 10 ਫੀਸਦੀ ਲੋਕਾਂ ਨੂੰ ਲਾਗ ਤੋਂ ਪੀੜਤ ਹੋਣ ਦੀ ਸੰਭਾਵਨਾ

One in 10 worldwide may have had virus says WHO

ਨਵੀਂ ਦਿੱਲੀ: ਵਿਸ਼ਵ ਸਿਹਤ ਸੰਗਠਨ ਨੇ ਇਕ ਬੈਠਕ ਦੌਰਾਨ ਕਿਹਾ ਹੈ ਕਿ ਹੋ ਸਕਦਾ ਹੈ ਕਿ ਦੁਨੀਆਂ ਵਿਚ ਹਰ 10 ਵਿਚੋਂ ਇਕ ਵਿਅਕਤੀ ਨੂੰ ਕੋਰੋਨਾ ਵਾਇਰਸ ਦੀ ਲਾਗ ਹੋਈ ਹੋਵੇ। ਡਬਲਿਯੂਐਚਓ ਦੀ 34 ਮੈਂਬਰੀ ਕਾਰਜਕਾਰੀ ਬੋਰਡ ਦੀ ਬੈਠਕ ਵਿਚ ਦੁਨੀਆਂ ਦੀ ਕੁੱਲ ਅਬਾਦੀ ਦੇ 10 ਫੀਸਦੀ ਲੋਕਾਂ ਨੂੰ ਲਾਗ ਤੋਂ ਪੀੜਤ ਹੋਣ ਦਾ ਦਾਅਵਾ ਕੀਤਾ ਗਿਆ ਹੈ।

ਇਕ ਸੀਨੀਅਰ ਅਧਿਕਾਰੀ ਮੁਤਾਬਕ ਇਸ ਅਨੁਮਾਨ ਦਾ ਮਤਲਬ ਹੈ ਕਿ 'ਦੁਨੀਆਂ ਦੀ ਅਬਾਦੀ ਦਾ ਵੱਡਾ ਹਿੱਸਾ ਖਤਰੇ ਵਿਚ ਹੈ'। ਦੁਨੀਆਂ ਭਰ ਦੇ 150 ਤੋਂ ਜ਼ਿਆਦਾ ਦੇਸ਼ਾਂ ਵਿਚ 3.5 ਕਰੋੜ ਲੋਕਾਂ ਨੂੰ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ। ਹਾਲਾਂਕਿ ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਲਾਗ ਦਾ ਅਸਰ 80 ਕਰੋੜ ਦੇ ਕਰੀਬ ਹੋ ਸਕਦਾ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਹੁਣ ਤੱਕ ਦਰਜ ਕੀਤੇ ਗਏ ਮਾਮਲਿਆਂ ਦੀ ਤੁਲਨਾ ਵਿਚ ਅਸਲ ਗਿਣਤੀ ਕਿਤੇ ਜ਼ਿਆਦਾ ਹੋ ਸਕਦੀ ਹੈ।ਦੱਸ ਦਈਏ ਕਿ ਵਿਸ਼ਵ ਸਿਹਤ ਸੰਗਠਨ ਦੀ ਬੈਠਕ ਸਵਿਟਜ਼ਰਲੈਂਡ ਦੇ ਜੇਨੇਵਾ ਸਥਿਤ ਦਫ਼ਤਰ ਵਿਚ ਹੋਈ, ਜਿਸ ਵਿਚ ਦੁਨੀਆਂ ਭਰ ਦੇ ਦੇਸ਼ਾਂ ਦੇ ਮਹਾਂਮਾਰੀ ਨਾਲ ਨਜਿੱਠਣ ਦੇ ਤਰੀਕਿਆਂ ਨੂੰ ਲੈ ਕੇ ਚਰਚਾ ਕੀਤੀ ਗਈ।

ਡਾਕਟਰ ਰਿਆਨ ਦਾ ਕਹਿਣਾ ਹੈ ਕਿ ਸਾਊਥ-ਈਸਟ ਏਸ਼ੀਆ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਜ਼ਬਰਦਸਤ ਵਾਧਾ ਹੋਇਆ ਹੈ ਜਦਕਿ ਯੂਰੋਪ ਅਤੇ ਪੂਰਬੀ ਭੂਮੱਧ ਸਾਗਰੀ ਇਲਾਕਿਆਂ ਵਿਚ ਕੋਰੋਨਾ ਨਾਲ ਜ਼ਿਆਦਾ ਮੌਤਾਂ ਹੋ ਰਹੀਆਂ ਹਨ। ਉੱਥੇ ਹੀ ਅਫਰੀਕਾ ਅਤੇ ਪੱਛਮੀ ਪ੍ਰਾਂਤ ਵਿਚ ਸਥਿਤੀ ਥੋੜੀ ਬਿਹਤਰ ਹੈ।

ਵਿਸ਼ਵ ਸਿਹਤ ਸੰਗਠਨ ਵੱਲੋਂ ਜਾਂਚ ਵਿਚ ਤੇਜ਼ੀ ਲਿਆਉਣ ਦੀ ਸਲਾਹ ਦਿੱਤੀ ਗਈ ਹੈ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਲੋਕਾਂ ਨੂੰ ਸਹੀ ਸਮੇਂ ਸਹੀ ਇਲਾਜ ਮਿਲਣਾ ਬਹੁਤ ਜ਼ਰੂਰੀ ਹੈ।