ਦੀਵਾਲੀ ਤੇ ਮੰਡਰਾ ਰਿਹਾ ਹੈ ਕੋਰੋਨਾ ਦਾ ਖ਼ਤਰਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਤਿਉਹਾਰ ਮਨਾਉਣ ਮੌਕੇ ਧਿਆਨ ਵਿਚ ਰੱਖੋ ਇਹ ਜ਼ਰੂਰੀ ਗੱਲਾਂ

Diwali celebration during coronavirus pandemic

ਚੰਡੀਗੜ੍ਹ: ਇਸ ਸਾਲ ਦੇਸ਼ ਕੋਰੋਨਾ ਦੇ ਖਤਰੇ ਹੇਠ ਦੀਵਾਲੀ ਮਨਾ ਰਿਹਾ ਹੈ। ਤਿਉਹਾਰਾਂ ਦੇ ਸੀਜ਼ਨ ਵਿਚ ਲੋਕ ਖੁੱਲ੍ਹ ਕੇ ਖਰੀਦਦਾਰੀ ਕਰ ਰਹੇ ਹਨ। ਲੋਕਾਂ ਵਿਚ ਤਿਉਹਾਰ ਨੂੰ ਲੈ ਕੇ ਕਾਫ਼ੀ ਉਤਸ਼ਾਹ ਵੀ ਪਾਇਆ ਜਾ ਰਿਹਾ ਹੈ। ਇਸ ਵਾਰ ਦੀਵਾਲੀ ਮੌਕੇ ਪ੍ਰਦੂਸ਼ਣ ਅਤੇ ਕੋਵਿਡ ਦਾ ਖਤਰਾ ਬਰਕਰਾਰ ਹੈ।

ਪ੍ਰਦੂਸ਼ਣ ਨੂੰ ਦੇਖਦੇ ਹੋਏ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਕਈ ਸੂਬਿਆਂ ਵਿਚ ਪਟਾਕਿਆਂ 'ਤੇ ਪਾਬੰਦੀ ਲਗਾ ਦਿੱਤੀ ਹੈ। ਬੋਰਡ ਵੱਲੋ ਗ੍ਰੀਨ ਪਟਾਕਿਆਂ ਨੂੰ ਜਲਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ। ਇਹਨਾਂ ਪਟਾਕਿਆਂ ਨਾਲ ਪ੍ਰਦੂਸ਼ਣ ਘੱਟ ਹੁੰਦਾ ਹੈ। ਆਮ ਪਟਾਕਿਆਂ ਦੀ ਤੁਲਨਾ ਵਿਚ ਇਹਨਾਂ ਨੂੰ ਚਲਾਉਣ 'ਤੇ 40 ਤੋਂ 50 ਫੀਸਦੀ ਤੱਕ ਘੱਟ ਹਾਨੀਕਾਰਕ ਗੈਸ ਪੈਦਾ ਹੰਦੀ ਹੈ।

ਇਸ ਦੀਵਾਲੀ ਮੌਕੇ ਕੁਝ ਚੀਜ਼ਾਂ ਵਿਚ ਸਾਵਧਾਨੀ ਵਰਤਣੀ ਬਹੁਤ ਜ਼ਰੂਰੀ ਹੈ। ਇਸ ਮੌਕੇ ਅਪਣੇ ਨਾਲ-ਨਾਲ ਪਰਿਵਾਰ ਦੀ ਸੁਰੱਖਿਆ ਦਾ ਖਿਆਲ਼ ਰੱਖਣਾ ਵੀ ਬਹੁਤ ਜ਼ਰੂਰੀ ਹੈ। ਇਸ ਲਈ ਸਮਾਜਕ ਦੂਰੀ ਬਣਾ ਕੇ ਰੱਖਣਾ ਬੇਹੱਦ ਜ਼ਰੂਰੀ ਹੈ। ਕੋਰੋਨਾ ਮਹਾਂਮਾਰੀ ਦੌਰਾਨ ਮਾਸਕ ਆਮ ਜੀਵਨ ਦਾ ਅਹਿਮ ਹਿੱਸਾ ਬਣ ਚੁੱਕਾ ਹੈ।

ਇਸ ਲਈ ਤਿਉਹਾਰਾਂ ਮੌਕੇ ਵੀ ਜ਼ਰੂਰੀ ਹੈ ਕਿ ਮਾਸਕ ਪਾ ਕੇ ਰੱਖਿਆ ਜਾਵੇ। ਇਸ ਨਾਲ ਤੁਸੀਂ ਤੇ ਤੁਹਾਡਾ ਪਰਿਵਾਰ ਸੁਰੱਖਿਅਤ ਰਹੇਗਾ। ਇਸ ਤੋਂ ਇਲ਼ਾਵਾ ਵਾਰ-ਵਾਰ ਸਾਬਣ ਨਾਲ ਹੱਥ ਧੋਵੋ ਅਤੇ ਬਿਮਾਰੀਆਂ ਤੋਂ ਬਚਾਅ ਰੱਖੋ। ਦੀਵਾਲੀ ਮੌਕੇ ਦੀਵਿਆਂ, ਮੋਮਬੱਤੀਆਂ, ਪਟਾਕਿਆਂ ਆਦਿ ਨੂੰ ਸੈਨੀਟਾਈਜ਼ਰ ਤੋਂ ਦੂਰ ਰੱਖੋ ਕਿਉਂਕਿ ਇਸ ਨਾਲ ਅੱਗ ਲੱਗਣ ਦਾ ਖਤਰਾ ਵਧ ਜਾਂਦਾ ਹੈ। ਛੋਟੀ ਜਿਹੀ ਲਾਪਰਵਾਹੀ ਵੱਡੀ ਘਟਨਾ ਨੂੰ ਅੰਜਾਮ ਦੇ ਸਕਦੀ ਹੈ।

ਇਸ ਤੋਂ ਇਲ਼ਾਵਾ ਤਿਉਹਾਰਾਂ ਮੌਕੇ ਬੱਚਿਆਂ, ਬਜ਼ੁਰਗਾਂ ਅਤੇ ਬਿਮਾਰ ਲੋਕਾਂ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ। ਤਿਉਹਾਰ ਮੌਕੇ ਅਕਸਰ ਅਸੀਂ ਅਪਣੇ ਰਿਸ਼ਤੇਦਾਰਾਂ ਨੂੰ ਮਠਿਆਈਆਂ ਜਾਂ ਤੋਹਫੇ ਦਿੰਦੇ ਹਾਂ। ਇਸ ਵਾਰ ਕੋਰੋਨਾ ਦੇ ਮੱਦੇਨਜ਼ਰ ਘਰ ਵਿਚ ਹੀ ਮਠਿਆਈਆਂ ਬਣਾਓ ਅਤੇ ਰਿਸ਼ਤੇਦਾਰਾਂ ਨੂੰ ਸੁਰੱਖਿਅਤ ਰੱਖੋ। ਤਿਉਹਾਰੀ ਸੀਜ਼ਨ ਵਿਚ ਇਕ ਛੋਟੀ ਜਿਹੀ ਗਲਤੀ ਵੀ ਭਾਰੀ ਹੈ ਸਕਦੀ ਹੈ, ਇਸ ਲਈ ਤਿਉਹਾਰ ਮਨਾਉਣ ਦੇ ਨਾਲ ਬਚਾਅ ਰੱਖਣਾ ਵੀ ਜ਼ਰੂਰੀ ਹੈ।