ਨਵੀਂ ਦਿੱਲੀ: ਹਰੇ ਮਟਰ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਹਰੇ ਮਟਰ ਸਿਰਫ਼ ਸੁਆਦ ਹੀ ਨਹੀਂ ਵਧਾਉਂਦੇ, ਬਲਕਿ ਸਾਨੂੰ ਸਿਹਤਮੰਦ ਵੀ ਰਖਦੇ ਹਨ। ਇਹ ਵਾਲਾਂ ਲਈ ਵੀ ਬਹੁਤ ਫ਼ਾਇਦੇਮੰਦ ਹਨ। ਵਿਟਾਮਿਨਾਂ ਦਾ ਸਮੂਹ ਵਿਟਾਮਿਨ ਬੀ-6, ਬੀ-12 ਅਤੇ ਫ਼ੋਲਿਕ ਐਸਿਡ ਖ਼ੂਨ ਦੇ ਲਾਲ ਕਣਾਂ ਨੂੰ ਬਣਾਉਣ 'ਚ ਮਦਦ ਕਰਦੇ ਹਨ, ਜੋ ਸਰੀਰ ਦੇ ਨਾਲ-ਨਾਲ ਸਿਰ ਦੀਆਂ ਕੋਸ਼ਿਕਾਵਾਂ ਤਕ ਆਕਸੀਜਨ ਪਹੁੰਚਾਉਂਦਾ ਹੈ।
ਇਸ ਤਰ੍ਹਾਂ ਇਹ ਤੱਤ ਵਾਲਾਂ ਨੂੰ ਕਮਜ਼ੋਰ ਹੋਣ ਤੋਂ ਰੋਕਦੇ ਹਨ। ਮਟਰ 'ਚ ਕੈਲੋਰੀ ਅਤੇ ਫ਼ੈਟ ਦੀ ਮਾਤਰਾ ਘੱਟ ਹੁੰਦੀ ਹੈ। ਇਸ ਲਈ ਇਹ ਭਾਰ ਕਾਬੂ ਕਰਨ 'ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਹਰੇ ਮਟਰ ਫ਼ਾਈਬਰ ਨਾਲ ਭਰਪੂਰ ਹੁੰਦੇ ਹਨ, ਜੋ ਤੁਹਾਡਾ ਭਾਰ ਵਧਣ ਤੋਂ ਰੋਕਦੇ ਹਨ। ਇਸ ਲਈ ਜੇ ਤੁਸੀਂ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਅਪਣੇ ਭੋਜਨ 'ਚ ਮਟਰਾਂ ਨੂੰ ਜ਼ਰੂਰ ਸ਼ਾਮਲ ਕਰੋ।
ਇਸ ਤੋਂ ਇਲਾਵਾ ਮਟਰ ਸਰੀਰ ਨੂੰ ਚੁਸਤ-ਦਰੁਸਤ ਰਖਦੇ ਹਨ। ਹਰੇ ਮਟਰਾਂ 'ਚ ਮੌਜੂਦ ਫ਼ਾਈਟੋਨਿਊਟ੍ਰੈਂਟਸ ਤੇ ਕੈਰੋਟੀਨ ਸਰੀਰ ਨੂੰ ਊਰਜਾ ਨਾਲ ਭਰਪੂਰ ਅਤੇ ਤੰਦਰੁਸਤ ਰੱਖਣ 'ਚ ਕਾਰਗਰ ਸਿੱਧ ਹੁੰਦੇ ਹਨ। ਵਧੀਆ ਸਿਹਤ ਲਈ ਹੱਡੀਆਂ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ।
ਮਟਰਾਂ 'ਚ ਮੌਜੂਦ ਕੈਲਸ਼ੀਅਮ ਅਤੇ ਜ਼ਿੰਕ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ। ਇਸ ਤੋਂ ਇਲਾਵਾ ਤਾਜ਼ੇ ਹਰੇ ਮਟਰ ਵਿਟਾਮਿਨ-ਕੇ ਨਾਲ ਭਰਪੂਰ ਹੁੰਦੇ ਹਨ, ਜੋ ਵੱਧ ਰਹੇ ਬੱਚਿਆਂ, ਗਰਭਵਤੀ ਔਰਤਾਂ ਤੇ ਬਜ਼ੁਰਗਾਂ ਦੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ।