ਕੋਵਿਡ-19 ਨਾਲ ਸਿਹਤਮੰਦ ਲੋਕ ਵੀ ਹੋ ਸਕਦੇ ਹਨ ਸ਼ੂਗਰ ਦਾ ਸ਼ਿਕਾਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

17 ਮਾਹਰਾਂ ਦੇ ਅੰਤਰਰਾਸ਼ਟਰੀ ਗਰੁਪ ਨੇ ਦਾਅਵਾ ਕੀਤਾ ਹੈ ਕਿ ਕੋਵਿਡ-19 ਬੀਮਾਰੀ ਸਿਹਤਮੰਦ ਲੋਕਾਂ ਨੂੰ ਸ਼ੂਗਰ ਦੀ ਬੀਮਾਰੀ ਲਾ ਸਕਦੀ ਹੈ

Diabetes

ਲੰਦਨ : 17 ਮਾਹਰਾਂ ਦੇ ਅੰਤਰਰਾਸ਼ਟਰੀ ਗਰੁਪ ਨੇ ਦਾਅਵਾ ਕੀਤਾ ਹੈ ਕਿ ਕੋਵਿਡ-19 ਬੀਮਾਰੀ ਸਿਹਤਮੰਦ ਲੋਕਾਂ ਨੂੰ ਸ਼ੂਗਰ ਦੀ ਬੀਮਾਰੀ ਲਾ ਸਕਦੀ ਹੈ ਅਤੇ ਪਹਿਲਾਂ ਹੀ ਸ਼ੂਗਰ ਦੇ ਰੋਗੀਆਂ ਦੀ ਪਰੇਸ਼ਾਨੀ ਵਧਾ ਸਕਦੀ ਹੈ। ਬ੍ਰਿਟੇਨ ਦੇ ਕਿੰਗਜ਼ ਕਾਲਜ ਲੰਦਨ ਦੀ ਸਟੇਫ਼ਨੀ ਏ ਏਮਿਲ ਸਣੇ ਕਈ ਵਿਗਿਆਨੀਆਂ ਦਾ ਕਹਿਣਾ ਹੈ ਕਿ ਹੁਣ ਤਕ ਕੀਤੇ ਗਏ ਵਿਸ਼ਲੇਸ਼ਣਾਂ ਮੁਤਾਬਕ ਕੋਵਿਡ-19 ਅਤੇ ਸ਼ੂਗਰ ਵਿਚਾਲੇ ਦੋਹਰਾ ਜਾਂ ਦੁਵੱਲਾ ਸਬੰਧ ਹੈ।

ਨਿਊ ਇੰਗਲੈਂਡ ਜਰਨਲ ਆਫ਼ ਮੈਡੀਸਨ ਵਿਚ ਛਪੇ ਅਧਿਐਨ ਵਿਚ ਉਨ੍ਹਾਂ ਦਸਿਆ ਕਿ ਸ਼ੱਕਰ ਰੋਗ ਤੋਂ ਗ੍ਰਸਤ ਵਿਅਕਤੀ ਨੂੰ ਕੋਰੋਨਾ ਵਾਇਰਸ ਦੀ ਲਾਗ ਲੱਗਣ ਦਾ ਖ਼ਤਰਾ ਅਤੇ ਲਾਗ ਨਾਲ ਮੌਤ ਹੋਣ ਦਾ ਖ਼ਤਰਾ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਨਾਲ ਮਰਨ ਵਾਲਿਆਂ ਵਿਚੋਂ 20 ਤੋਂ 30 ਫ਼ੀ ਸਦੀ ਸ਼ੂਗਰ ਤੋਂ ਗ੍ਰਸਤ ਸਨ। ਅਧਿਐਨਕਾਰਾਂ ਦਾ ਕਹਿਣਾ ਹੈ ਕਿ ਦੂਜੇ ਪਾਸੇ, ਕੋਰੋਨਾ ਵਾਇਰਸ ਤੋਂ ਪੀੜਤ ਵਿਅਕਤੀ ਨੂੰ ਸ਼ੂਗਰ ਹੋ ਸਕਦੀ ਹੈ ਅਤੇ ਉਸ ਦੀ ਪਾਚਨ ਕ੍ਰਿਆ ਵਿਚ ਗੜਬੜੀਆਂ ਹੋ ਸਕਦੀਆਂ ਹਨ ਜੋ ਜਾਨਲੇਵਾ ਵੀ ਸਕਦੀਆਂ ਹਨ।

ਉਨ੍ਹਾਂ ਇਹ ਵੀ ਕਿਹਾ ਕਿ ਹਾਲੇ ਤਕ ਇਹ ਸਪੱਸ਼ਟ ਨਹੀਂ ਕਿ ਕੋਰੋਨਾ ਵਾਇਰਸ ਦਾ ਸ਼ੂਗਰ 'ਤੇ ਕਿੰਨਾ ਅਸਰ ਹੁੰਦਾ ਹੈ। ਪਹਿਲਾਂ ਕੀਤੇ ਗਏ ਅਧਿਐਨਾਂ ਵਿਚ ਇਹ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ ਨਾਲ ਜੁੜਨ ਵਾਲਾ ਅਤੇ ਉਸ ਨੂੰ ਇਨਸਾਨੀ ਕੋਸ਼ਿਕਾ ਵਿਚ ਦਾਖ਼ਲ ਹੋਣ ਦਾ ਰਸਤਾ ਦੇਣ ਵਾਲਾ ਏਸੀਈ-2 ਪ੍ਰੋਟੀਨ ਸਿਰਫ਼ ਫੇਫੜਿਆਂ ਵਿਚ ਨਹੀਂ ਸਗੋਂ ਹੋਰ ਅੰਗਾਂ ਅਤੇ ਗੁਲੂਕੋਜ਼ ਦੇ ਪਾਚਨ ਵਿਚ ਸ਼ਾਮਲ ਅੰਗਾਂ ਜਿਵੇਂ ਛੋਟੀ ਅੰਤੜੀ, ਗੁਰਦੇ ਆ ਵਿਚ ਵੀ ਹੁੰਦਾ ਹੈ।

ਵਿਗਿਆਨੀਆਂ ਨੇ ਆਖਿਆ ਕਿ ਇਹ ਸੰਭਵ ਹੈ ਕਿ ਕੋਰੋਨਾ ਵਾਇਰਸ ਗੁਲੂਕੋਜ਼ ਦੀ ਪਾਚਨ ਕਵਾਇਦ ਨੂੰ ਬਦਲ ਦੇਵੇ ਜਿਸ ਨਾਲ ਪਹਿਲਾਂ ਹੀ ਸ਼ੂਗਰ ਤੋਂ ਗ੍ਰਸਤ ਲੋਕਾਂ ਅੰਦਰ ਦਿੱਕਤਾਂ ਪੈਦਾ ਹੋ ਜਾਣ ਜਾਂ ਫਿਰ ਕਿਸੇ ਨਵੀਂ ਬੀਮਾਰੀ ਦਾ ਖ਼ਤਰਾ ਪੈਦਾ ਹੋ ਜਾਵੇ।