ਜਦੋ ਜ਼ਿੰਦਗੀ ਵਿੱਚ ਸਬ ਕੁਝ ਗਲਤ ਹੋ ਰਿਹਾ ਹੋਵੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਸਾਡੀ ਜ਼ਿੰਦਗੀ ਵਿੱਚ ਕਈ ਵਾਰ ਇਹੋ ਜਿਹੇ ਪਲ ਆ ਜਾਂਦੇ ਹਨ ਜਦੋਂ ਸਾਨੂੰ ਇਹ ਮਹਿਸੂਸ ਹੁੰਦਾ ਹੈ ਕਿ ਸਾਡੇ ਨਾਲ ਸਬ ਕੁਝ ਗਲਤ ਹੋ ਰਿਹਾ ਹੈ।

When everything in life is going wrong

ਸਾਡੀ ਜ਼ਿੰਦਗੀ ਵਿਚ ਕਈ ਵਾਰ ਇਹੋ ਜਿਹੇ ਪਲ ਆ ਜਾਂਦੇ ਹਨ ਜਦੋਂ ਸਾਨੂੰ ਇਹ ਮਹਿਸੂਸ ਹੁੰਦਾ ਹੈ ਕਿ ਸਾਡੇ ਨਾਲ ਸਭ ਕੁਝ ਗਲਤ ਹੋ ਰਿਹਾ ਹੈ। ਸਾਡੀ ਹਰੇਕ ਬਾਜ਼ੀ ਪੁੱਠੀ ਪੈ ਰਹੀ ਹੈ। ਜਿਹੜੇ ਵੀ ਕੰਮ ਨੂੰ ਹੱਥ ਪਾਈਏ ਉਹ ਹੀ ਗਲਤ ਹੋ ਜਾਂਦਾ ਹੈ। ਇਸ ਤਰਾਂ ਨਾਲ ਉਸ ਸਮੇਂ ਇਨਸਾਨ ਬਹੁਤ ਨਿਰਾਸ਼ ਹੋ ਜਾਂਦਾ ਹੈ ਅਤੇ ਅਪਣੇ ਅੰਦਰ ਹੀਨ ਭਾਵਨਾ ਪੈਦਾ ਕਰ ਲੈਂਦਾ ਹੈ ਅਤੇ ਅਪਣੇ ਆਪ ਨੂੰ ਕਮਜ਼ੋਰ ਸਮਝਣ ਲਗ ਪੈਂਦਾ ਹੈ। ਆਓ ਵੇਖੀਏ ਇਨਾਂ ਮੁਸ਼ਕਿਲ ਦੇ ਪਲਾਂ ਨਾਲ ਕਿਵੇਂ ਨਜਿੱਠੀਏ।
ਕੀ ਤੁਹਾਡੇ ਸਾਹ ਚੱਲ਼ ਰਹੇ ਹਨ :- ਜਦੋਂ ਕਦੇ ਤੁਹਾਨੂੰ ਲੱਗੇ ਕਿ ਤੁਸੀਂ ਬਹੁਤ ਨਿਰਾਸ਼ ਹੋ ਅਤੇ ਜ਼ਿੰਦਗੀ ਦੇ ਕੋਈ ਮਾਈਨੇ ਨਹੀਂ ਰਹਿ ਗਏ ਹਨ ਉਸ ਵੇਲੇ ਇਕ ਲੰਮੀ ਡੁੰਘੀ ਸਾਹ ਲਓ ਅਤੇ ਉਸ ਪਰਮ ਸ਼ਕਤੀ ਦਾ ਧੰਨਵਾਦ ਕਰੋ ਕਿ ਤੁਹਾਡੇ ਸਾਹ ਹਾਲੇ ਤੱਕ ਚੱਲ ਰਹੇ ਹਨ। ਜਦੋਂ ਤੁਸੀਂ ਇਹ ਕੰਮ ਕਰ ਰਹੇ ਹੋਵੋਂਗੇ ਤਾਂ ਉਸ ਵੇਲੇ ਕੋਈ ਇਨਸਾਨ ਆਪਣਾ ਆਖਰੀ ਸਾਹ ਛੱਡ ਰਿਹਾ ਹੋਵੇਗਾ।

ਪਰਮਾਤਮਾ ਦਾ ਸ਼ੁੱਕਰ ਕਰੋ ਕਿ ਉਸਨੇ ਤੁਹਾਨੂੰ ਹੋਰ ਸਾਹ ਦਿੱਤੇ ਹਨ ਜਿਸ ਨਾਲ ਤੁਸੀਂ ਆਪਣੀ ਜ਼ਿੰਦਗੀ ਨੂੰ ਫੇਰ ਨਵੇਂ ਸਿਰੇ ਤੋ ਜੀ ਸਕਦੇ ਹੋ, ਸੋਚੋ ਜੇਕਰ ਤੁਹਾਨੂੰ ਅਗਲਾ ਸਾਹ ਨਾਂ ਆਵੇ ਤਾਂ ਜੋ ਸਮੱਸਿਆ ਤੁਹਾਨੂੰ ਇਸ ਵੇਲੇ ਤੰਗ ਕਰ ਰਹੀ ਹੈ ਕਿ ਉਸਦੇ ਕੋਈ ਮਾਈਨੇ ਰਹਿ ਜਾਣਗੇ ਉਸ ਵੇਲੇ ਤਾਂ ਆਪਣੀ ਜਾਨ ਬਚਾਉਣ ਦਾ ਹੀ ਖਿਆਲ ਆਵੇਗਾ। ਸੋ ਧਿਆਨ ਨਾਲ ਸੋਚੋ ਜਾਨ ਹੈ ਤਾਂ ਜਹਾਂਨ ਹੈ ਜੇਕਰ ਤੁਹਾਡੇ ਅੰਦਰ ਸਾਹ ਬਾਕੀ ਹਨ ਤਾਂ ਤੁਸੀਂ ਦੁਬਾਰਾ ਹਾਰੀ ਹੋਈ ਬਾਜੀ ਜਿੱਤ ਸਕਦੇ ਹੋ ਇਸ ਲਈ ਜਦੋ ਵੀ ਮਨ ਢਹਿੰਦੀ ਕਲਾ ਵਿੱਚ ਜਾਵੇ ਤਾਂ ਇਹੋ ਸੋਚੋ ਕਿ ਅਗਲਾ ਸਾਹ ਪਰਮਾਤਮਾਂ ਨੇ ਇਸੇ ਵਾਸਤੇ ਦਿੱਤਾ ਹੈ ਕਿ ਤੁਸੀਂ ਹਾਲੇ ਵੀ ਆਪਣੀ ਸਮੱਸਿਆ ਦਾ ਹੱਲ ਲੱਭਣ ਦੇ ਕਾਬਲ ਹੋ। ਇਕ ਗੱਲ ਹੋਰ ਸੋਚੋ ਇਸ ਤੋਂ ਪਹਿਲਾਂ ਵੀ ਤੁਸੀਂ ਕਿਸੇ ਮੁਸ਼ਕਿਲ ਹਾਲਾਤਾਂ ਵਿੱਚ ਫਸੇ ਹੋਵੋਂਗੇ, ਕਿ ਉਹ ਸਮੱਸਿਆ ਤੁਹਾਡੇ ਨਾਲ ਹੁਣ ਵੀ ਹੈ ਜਾ ਉਸਦਾ ਨਿਪਟਾਰਾ ਹੋ ਗਿਆ ਹੈ? ਹੋ ਗਿਆ ਨਾ, ਫੇਰ ਜਿਸ ਤਰਾਂ ਤੁਹਾਡੀ ਪਿਛਲੀਆਂ ਸਮੱਸਿਆਵਾਂ ਦਾ ਕੋਈ ਨਾ ਕੋਈ ਹੱਲ ਨਿਕਲ ਗਿਆ ਸੀ ਇਸ ਸਮਸਿਆ ਨੇ ਵੀ ਟਾਇਮ ਪੈ ਕੇ ਹੱਲ ਹੋ ਜਾਣਾ ਹੈ।

ਆਪਣੀ ਸਮੱਸਿਆ ਨੂੰ ਇਕ ਬੱਚੇ ਅਤੇ ਇਕ ਬਜ਼ੁਰਗ ਨਾਲ ਸਾਂਝਾ ਕਰੋ:- ਸੁਣਨ ਵਿੱਚ ਇਹ ਬੜਾ ਅਜੀਬ ਲਗਦਾ ਹੈ ਕਿ ਤੁਹਾਡੀ ਇੰਨੀ ਵੱਡੀ ਸਮੱਸਿਆ ਇਕ ਬੱਚਾ ਕਿਵੇਂ ਹੱਲ ਕਰ ਸਕਦਾ ਹੈ ਚਲੋ ਬਜ਼ੁਰਗਾਂ ਕੋਲ ਤਾਂ ਤਜੁਰਬਾ ਹੈ ਆਪਣੀ ਜ਼ਿੰਦਗੀ ਦਾ ਜਿਸ ਕਾਰਨ ਉਹ ਆਪਣੇ ਤਜੁਰਬੇ ਵਿੱਚੋ ਕੱਢ ਕੇ ਤੁਹਾਨੂੰ ਤੁਹਾਡੀ ਸਮੱਸਿਆ ਦਾ ਹੱਲ ਦੱਸ ਸਕਦੇ ਹਨ। ਇਸ ਲਈ ਇਹ ਕਹਾਵਤ ਐਵੇਂ ਹੀ ਨੀ ਬਣੀ ਕਿ ਔਲੇ ਦਾ ਖਾਹਦਾ ਤੇ ਸਿਆਣੇ ਦਾ ਕਿਹਾ ਬਾਅਦ ਵਿੱਚ ਪਤਾ ਚਲਦਾ ਹੈ। ਬਜੂਰਗਾਂ ਨੇ ਆਪਣੀ ਸਾਰੀ ਉਮਰ ਹੰਡਾਈ ਹੁੰਦੀ ਹੈ ਉਨਾਂ ਦੀ ਜ਼ਿੰਦਗੀ ਵਿੱਚ ਵੀ ਇਹੋ ਜਹੀਆਂ ਕਈ ਸਮੱਸਿਆਵਾਂ ਆਈਆਂ ਹੋਣਗੀਆਂ। ਉਸ ਸਮੇਂ ਜੋ ਉਨਾਂ ਨੇ ਉਸਦਾ ਹੱਲ ਕੀਤਾ ਉਹ ਰਸਤਾ ਸ਼ਾਇਦ ਤੁਹਾਡੇ ਲਈ ਲਾਹੇਵੰਦ ਹੋ ਸਕਦਾ ਹੈ, ਪਰ ਬਦਕਿਸਮਤੀ ਦੀ ਗੱਲ ਹੈ ਕਿ ਅੱਜ ਕੱਲ ਅਸੀਂ ਆਪ ਮੁਹਾਰੇ ਚੱਲਦੇ ਹਾਂ ਅਤੇ ਆਪਣੇ ਵੱਡੇ ਵਡੇਰਿਆਂ ਨਾਲ ਕੋਈ ਸਲਾਹ ਨਹੀ ਕਰਦੇ, ਸਾਨੂੰ ਲਗਦਾ ਹੈ ਕਿ ਅਸੀਂ ਜਿਆਦਾ ਪੜ੍ਹੇ ਲਿਖੇ ਹਾਂ ਤੇ ਸਾਨੂੰ ਉਨਾਂ ਨਾਲੋ ਜਿਆਦਾ ਗਿਆਨ ਹੈ।

ਤੁਹਾਡੇ ਕੋਲ ਬੇਸ਼ਕ ਜੀ ਡਿਗਰੀਆਂ ਕਈ ਹੋਣਗੀਆਂ ਪਰ ਜੋ ਤੱਕ ਬਜ਼ੁਰਗਾਂ ਨੇ ਆਪਣੇ ਪਿੰਡੇ ਤੇ ਹੰਡਾ ਕੇ ਕੱਢੇ ਹਨ ਉਸਦਾ ਮੁਕਾਬਲਾ ਸਾਡਾ ਕਿਤਾਬੀ ਗਿਆਨ ਕਦੇ ਵੀ ਨਹੀ ਕਰ ਸਕਦਾ।ਇਸ ਲਈ ਬਜੁਰਗਾਂ ਦੀ ਸਲਾਹ ਜਰੂਰ ਲਵੋ। ਇਹ ਤਾ ਹੋਈ ਬਜ਼ੁਰਗਾਂ ਦੀ ਗੱਲ ਹੁਣ ਗੱਲ ਕਰਦੇ ਹਾਂ ਬੱਚਿਆਂ ਦੀ ਜਦੋ ਤੁਸੀਂ ਬੱਚੇ ਨਾਲ ਗੱਲ ਕਰਦੇ ਹੋਂ ਤਾਂ ਅਕਸਰ ਆਪਾਂ ਇਹ ਸੋਚ ਦੇ ਹਾਂ ਕਿ ਬੱਚੇ ਨੇ ਤਾਂ ਕੋਈ ਹਾਸੋ ਹੀਣਾ ਜਿਹਾ ਜਵਾਬ ਹੀ ਦੇਣਾ ਹੈ ਪਰ ਇਹੀ ਤਾਂ ਗੱਲ ਹੈ। ਕਈ ਵਾਰੀ ਇਕ ਬੱਚਾ ਜੋ ਜਵਾਬ ਦੇ ਦਿੰਦਾ ਹੈ ਉਹ ਕਈ ਡਿਗਰੀਆਂ ਵਾਲੇ ਵੀ ਨਹੀ ਦੱਸ ਸਕਦੇ। ਜਦੋ ਤੁਸੀਂ ਇਕ ਬੱਚੇ ਨੂੰ ਆਪਣੀ ਸਮੱਸਿਆ ਬਾਰੇ ਦੱਸੋਂਗੇ ਤਾਂ ਉਹ ਕਹੇਗਾ ਮੇਰੀ ਤੇ ਸਮਸਿਆ ਤਾਂ ਦੁੱਧ ਰੋਟੀ ਦੀ ਹੀ ਹੈ ਬਸ ਇਹ ਟਾਇਮ ਨਾਲ ਮਿਲਦਾ ਰਹੇ ਬਸ ਹੋਰ ਆਪਾਂ ਨੂੰ ਕੀ ਚਾਹੀਦਾ ਹੈ। ਵੇਖਣ ਨੂੰ ਇਹ ਜਵਾਬ ਬੜਾ ਹੀ ਬਚਕਾਨਾ ਜਿਹਾ ਲਗਦਾ ਹੈ ਪਰ ਅਸਲ ਵਿੱਚ ਗੱਲ ਬੜੀ ਹੀ ਕੀਮਤੀ ਹੈ , ਆਪਾਂ ਸਾਰਿਆਂ ਦੇ ਕੰਮ ਕਰਨ ਦਾ ਮੁੱਖ ਮੰਤਵ ਹੈ ਰੋਟੀ, ਕਪੜਾ ਅਤੇ ਮਕਾਨ। ਵੇਖਿਆ ਜਾਵੇ ਤਾਂ ਪਰਮਾਤਮਾਂ ਨੇ ਸਾਰੇ ਜੀਵਾਂ ਦਾ ਰਿੱਜਕ ਬਣਾਇਆ ਹੋਇਆ ਹੈ aੇਹ ਸਭ ਦਾ ਟਾਇਮ ਨਾਲ ਮਿਲ ਰਿਹਾ ਹੈ ਸੋ ਖਾਣ ਵਾਲੇ ਪਾਸਿa ਤਾਂ ਤੁਸੀਂ ਨਿਸ਼ਚਿੰਤ ਹੋ ਕਿ ਦੇਰ ਸਵੇਰ ਤੁਹਾਨੂੰ ਰੋਟੀ ਮਿਲ ਹੀ ਜਾਂਦੀ ਹੈ ਭਾਵੇ ਤੁਸੀਂ ਕਿੰਨੀ ਹੀ ਵੱਡੀ ਸਮੱਸਿਆ ਚ ਹੀ ਕਿਉਂ ਨਾ ਘਿਰੇ ਹੋਵੋ।

ਕਪੜਾ ਅਤੇ ਮਕਾਨ ਵੀ ਸਭ ਦੇ ਕੋਲ ਚੰਗਾ ਮਾੜਾ ਹੈ ਇਸ ਲਈ ਇਸ ਗੱਲ ਦੀ ਮੁਬਾਰਕਬਾਦ ਕਿ ਜ਼ਿੰਦਗੀ ਜਿਉਣ ਲਈ ਜਿਨਾਂ ਚੀਜਾਂ ਦੀ ਲੋੜ ਹੈ ਉਹ ਤੁਹਾਡੇ ਕੋਲ ਮੋਜੁਦ ਹੈ। ਹੁਣ ਦੱਸੋ ਕਿਸ ਚੀਜ ਦਾ ਫਿਕਰ ਹੈ ਬਸ ਜ਼ਿੰਦਗੀ ਦੀ ਮੋਜ ਲa ਆਨੰਦ ਮਾਣੋ। ਜੋ ਹੁੰਦਾ ਹੈ ਉਹ ਚੰਗ ੇ ਲਈ ਹੁੰਦਾ ਹੈ ਕਹਿਣ ਨੂੰ ਇਹ ਬੜੀ ਛੋਟੀ ਜਿਹੀ ਤੁੱਕ ਲਗਦੀ ਹੈ ਪਰ ਹੈ ਬੜੀ ਕੀਮਤੀ । ਜਦੋ ਵੀ ਤੁਸੀਂ ਕਦੇ ਨਿਰਾਸ਼ ਹੋਵੋਂ ਤਾਂ ਇਹ ਸੋਚੋ ਕਿ ਇਸ ਤੋ ਪਹਿਲਾਂ ਜਦੋ ਤੁਹਾਨੁੰ ਕੋਈ ਸਮੱਸਿਆ ਆਈ ਹੈ ਕੀ aਹ ਸਮਸਿਆ ਸਦਾ ਵਾਸਤੇ ਤੁਹਾਡੇ ਨਾਲ ਚਿੰਬੜ ਗਈ ਸੀ! ਨਹੀ ਨਾਂ ਦੇਰ ਸਵੇਰ ਉਸਦਾ ਕੋਈ ਨਾ ਕੋਈ ਹੱਲ ਨਿਕਲ ਹੀ ਗਿਆ ਸੀ ਅਤੇ ਉਸ ਸਮੱਸਿਆ ਨਾਲ ਤੁਸੀਂ ਕਿੰਨੇ ਹੋਰ ਨਿੱਖਰ ਕੇ ਸਾਹਮਣੇ ਆਏ ਸੀ। ਇਸ ਲਈ ਅਪਣੀ ਸਾਰੀ ਸਮੱਸਿਆ ਬਾਰੇ ਇੰਝ ਸੋਚਿਆ ਕਰੋ ਕੀ ਜੋ ਹੋ ਗਿਆ ਚੰਗਾ ਹੋਇਆ, ਜੋ ਹੋ ਰਿਹਾ ਹੈ ਉਹ ਵੀ ਚੰਗਾ ਹੈ ਅਤੇ ਜੋ ਅਗਾਂਹ ਵਾਸਤੇ ਹੋਵੇਗਾ ਉਹ ਵੀ ਚੰਗਾ ਹੀ ਹੋਵੇਗਾ।

ਇੱਕ ਬੱਚੇ ਦੀ ਉਦਾਹਰਨ ਲੈਂਦੇ ਹਾਂ ਜਦੋਂ ਬੱਚਾ ਸਵੇਰੇ ਚਾਰ ਵੱਜੇ ਉੱਦਮ ਕਰਕੇ ਉੱਠਦਾ ਹੈ ਅਤੇ ਉਠਕੇ ਅਪਣੀ ਪੜਾਈ ਕਰਦਾ ਹੈ ਤਾਂ ਉਸ ਵੇਲੇ ਉਸਦੇ ਦਿਮਾਗ ਵਿੱਚ ਇਹ ਜਰੂਰ ਆਉਂਦਾ ਹੋਵੇਗਾ ਕਿ ਘਰ ਦੇ ਸਾਰੇ ਜੀਅ ਤਾਂ ਲੰਮੀਆਂ ਤਾਨ ਕੇ ਸੁੱਤੇ ਹੋਏ ਹਨ ਅਤੇ ਮੈਂ ਇਕੱਲਾ ਹੀ ਕਿਤਾਬਾਂ ਨਾਲ ਟੱਕਰਾਂ ਮਾਰ ਰਿਹਾ ਹਾਂ, ਪਰ ਉਹ ਫੇਰ ਵੀ ਹੋਸਲਾ ਨਹੀ ਹਾਰਦਾ ਅਤੇ ਸਾਲ ਬਾਅਦ ਜਦੋ ਉਹ ਕਲਾਸ ਵਿੱਚ ਚੰਗੇ ਨੰਬਰ ਲੈਕੇ ਪਾਸ ਹੁੰਦਾ ਹੈ ਤਾਂ ਉਸਨੂੰ ਇਹਸਾਸ ਹੁੰਦਾ ਹੈ ਕਿ ਉਹ ਸਵੇਰੇ ਉਠਕ ੇ ਪੜੀ ਹੋਈ ਪੜਾਈ ਉਸ ਲਈ ਕਿੰਨੀਂ ਲਾਹੇਵੰਦ ਸੀ। ਉਹ ਘੜੀ ਜਰੂਰ ਉਸਨੂੰ ਉਸ ਸਮੇਂ ਲਈ ਮਾੜੀ ਲੱਗ ਰਹੀ ਸੀ ਪਰੰਤੂ ਅੰਤ ਵਿੱਚ ਜਦੋ ਉਹ ਹੁਣ ਕਾਮਯਾਬ ਹੋਇਆ ਤਾਂ ਹੁਣ ਉਸਨੂੰ ਇਹ ਪਤਾ ਚੱਲ਼ ਗਿਆ ਕਿ ਜੋ ਹੁੰਦਾ ਹੈ ਉਹ ਚੰਗੇ ਲਈ ਹੀ ਹੁੰਦਾ ਹੈ।

ਜ਼ਿੰਦਗੀ ਵਿੱਚ ਜਦੋਂ ਵੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਸਦਾ ਮਕਸਦ ਤੁਹਾਡੀ ਸ਼ਕਸ਼ੀਅਤ ਨੂੰ ਹੋਰ ਨਿਖਾਰਨਾ ਹੁੰਦਾ ਹੈ ਉਸਦਾ ਮਕਸਦ ਤੁਹਾਨੂੰ ਤਬਾਹ ਕਰਨਾ ਕਦੇ ਵੀ ਨਹੀ ਹੁੰਦਾ, ਪਰ ਆਪਾਂ ਨੂੰ ਲੱਗਦਾ ਇੰਝ ਹੀ ਹੈ ਕਿ ਇਹ ਸਮੱਸਿਆ ਨੇ ਮੈਨੁੰ ਤਬਾਹ ਕਰਕੇ ਰੱਖ ਦੇਣਾ ਹੈ। ਉਦਾਹਰਨ ਦੇ ਤੋਰ ਤੇ ਮਨ ਲਈਏ ਤੁਹਾਨੂੰ ਵਪਾਰ ਵਿੱਚ ਬਹੁਤ ਘਾਟਾ ਹੋ ਰਿਹਾ ਹੈ ਤਾਂ ਤੁਸੀਂ ਕੀ ਕਰੋਂਗੇ ਅਪਣੇ ਵਪਾਰ ਵਿੱਚ ਹੋ ਰਹੇ ਘਾਟੇ ਦਾ ਮੂਲ ਕਾਰਨ ਲੱਭਣ ਦੀ ਕੋਸ਼ਿਸ ਕਰੋਂਗੇ ਜਦੋਂ ਤੁਸੀਂ ਉਸ ਮੂਲ ਕਾਰਨ ਜਾ ਇੰਝ ਕਹਿ ਲਵੋ ਲੀਕੇਜ ਦਾ ਪਤਾ ਲਗਾ ਕੇ ਉਸਨੂੰ ਬੰਦ ਕਰ ਦਿੱਤਾ ਤਾਂ ਪਾਣੀ ਰਿਸਣਾ ਬੰਦ ਹੋ ਜਾਵੇਗਾ ਅਤੇ ਤੁਹਾਡਾ ਵਪਾਰ ਹੁਣ ਘਾਟੇ ਦੀ ਜਗ੍ਹਾ ਵਾਧੇ ਵਿੱਚ ਤਬਦੀਲ ਹੋ ਜਾਏਗਾ। ਹੁਣ ਜੇਕਰ ਵਿਚਾਰ ਕਰੀਏ ਜੇਕਰ ਉਹ ਵਪਾਰ ਵਿੱਚ ਘਾਟਾ ਨਾਂ ਪੈਂਦਾ ਤਾਂ ਕੀ ਤੁਸੀਂ ਅਪਣੇ ਵਪਾਰ ਵਿੱਚ ਹੋ ਰਹੀ ਲੀਕੇਜ ਦਾ ਪਤਾ ਲਗਾ ਸਕਦੇ ਸੀ? ਨਹੀ ਨਾਂ ਹੁਣ ਦੱਸੋ ਇਹ ਘਾਟਾ ਤੁਹਾਡੇ ਲਈ ਚੰਗਾ ਸੀ ਕੇ ਮਾੜਾ।

ਸੋ ਦੋਸਤੋ ਇਹ ਜ਼ਿੰਦਗੀ ਬੜੀ ਕੀਮਤੀ ਹੈ ਅਤੇ ਸਮਸਿਆਵਾਂ ਤੁਹਾਡੇ ਤੋ ਬਹੁਤ ਛੋਟੀਆਂ, ਇਨਾਂ ਨੇ ਦੇਰ ਸਵੇਰ ਹੱਲ ਹੋ ਹੀ ਜਾਣਾ ਹੈ ਇਸ ਲਈ ਜਦੋ ਵੀ ਤੁਹਾਡੇ ਨਾਲ ਕੁਝ ਗਲਤ ਹੁੰਦਾ ਹੈ ਤਾਂ ਉਸਦਾ ਅਸਰ ਅਪਣੀ ਪਾਰੀਵਾਰਕ ਜ਼ਿੰਦਗੀ ਤੇ ਨਾਂ ਪੈਣ ਦਿa ਆਪਣੇ ਉਹ ਪੱਲ ਯਾਦ ਕਰੋ ਜਦੋ ਤੁਹਾਨੂੰ ਖੁਸ਼ੀ ਪ੍ਰਾਪਤ ਹੋਈ ਸੀ। ਉਹ ਸਵੇਰ ਦਾ ਚੱਢਦਾ ਸੂਰਜ, ਤੁਹਾਡੇ ਮਾਂ-ਬਾਪ, ਬੱਚਿਆਂ ਦੇ ਚੇਹਰੇ ਤੇ ਹੱਸੀ , ਕੋਈ ਕੁਦਰਤ ਦਾ ਨਜਾਰਾ, ਕੋਈ ਗੀਤ, ਸੰਗੀਤ ਕੁਝ ਵੀ ਜਿਸਨੇ ਤੁਹਾਨੂੰ ਖੁਸ਼ੀ ਦਾ ਇਹਸਾਸ ਕਰਵਾਇਆ ਹੈ ਉਸਨੂੰ ਯਾਦ ਕਰੋ ਆਪਣੇ ਮਨ ਵਿੱਚ ਅਤੇ ਥੋੜੇ ਸਮੇਂ ਲਈ ਇੰਝ ਹੀ ਜਾਰੀ ਰੱਖੋ ਤੁਸੀਂ ਵੇਖੋਂਗੇ ਤੁਹਾਡੇ ਅੰਦਰ ਨਵੀ ਤਾਕਤ ਆ ਗਈ ਹੈ ਇਸ ਤਾਕਤ ਨੂੰ ਉਪਯੋਗ ਕਰੋ ਆਪਣੀ ਸਮੱਸਿਆਵਾਂ ਨੂੰ ਦੂਰ ਕਰਨ ਲਈ ਅਤੇ ਮੇਰਾ ਖਿਆਲ ਹੈ ਕਿ ਜੇਕਰ ਉਕਤ ਦੱਸੇ ਨੁਕਤਿਆਂ ਦਾ ਪਾਲਨ ਇਮਾਨਦਾਰੀ ਨਾਲ ਕੀਤਾ ਜਾਵੇ ਤਾਂ ਬੇਸ਼ਕ ਤੁਹਾਡੇ ਨਾਲ ਜੋ ਗਲਤ ਹੋ ਰਿਹਾ ਸੀ ਉਹ ਸਹੀ ਹੋਣਾ ਸ਼ੁਰੂ ਹੋ ਜਾਵੇਗਾ ਅਤੇ ਹੋਲੀ-ਹੋਲੀ ਤੁਹਾਡੀ ਜ਼ਿੰਦਗੀ ਲੀਹ ਤੇ ਆ ਜਾਵੇਗੀ।

ਹਰਦੇਵ ਸਿੰਘ,
ਨਿਰੀਖਕ ਖੁਰਾਕ ਤੇ ਸਪਲਾਈਜ ਵਿਭਾਗ,
ਫਿਰੋਜਪੁਰ ਮੋਬਾ:-
81461-91037

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ