ਦਫ਼ਤਰੀ ਤਣਾਅ ਬਣ ਸਕਦੈ ਮੌਤ ਦਾ ਕਾਰਨ : ਅਧਿਐਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਵਿਸ਼ਵ ਭਰ ਵਿਚ ਕਈ ਅਧਿਐਨ ਅਜਿਹੇ ਹੋਏ ਹਨ, ਜਿਨ੍ਹਾਂ 'ਚ ਦਫ਼ਤਰ ਵਿਚ ਹੋਣ ਵਾਲੇ ਤਣਾਅ ਦੇ ਹੈਲਥ ਰਿਸਕ ਬਾਰੇ ਕਈ ਤੱਥ ਸਾਹਮਣੇ ਆਏ ਹਨ।

Office Stress

ਵਿਸ਼ਵ ਭਰ ਵਿਚ ਕਈ ਅਧਿਐਨ ਅਜਿਹੇ ਹੋਏ ਹਨ, ਜਿਨ੍ਹਾਂ 'ਚ ਦਫ਼ਤਰ ਵਿਚ ਹੋਣ ਵਾਲੇ ਤਣਾਅ ਦੇ ਹੈਲਥ ਰਿਸਕ ਬਾਰੇ ਕਈ ਤੱਥ ਸਾਹਮਣੇ ਆਏ ਹਨ। ਜ਼ਿਆਦਾਤਰ ਮਾਹਰਾਂ ਦਾ ਕਹਿਣਾ ਹੈ ਕਿ ਕਿਸੇ ਵਿਅਕਤੀ ਦੀ ਮਾਨਸਿਕ ਸਿਹਤ ਲਈ ਬਹੁਤ ਜ਼ਿਆਦਾ ਪ੍ਰਤੀਬੰਧਿਤ ਅਤੇ ਬਹੁਤ ਤਣਾਅਪੂਰਨ ਕੰਮ ਵਾਲੀ ਥਾਂ ਦਾ ਵਾਤਾਵਰਣ ਲੋਕਾਂ ਵਿਚ ਤਣਾਅ ਦਾ ਕਾਰਨ ਬਣ ਸਕਦਾ ਹੈ, ਜਿਸ ਨਾਲ ਕਈ ਗੰਭੀਰ ਮਨੋਵਿਗਿਆਨਕ ਰੋਗ ਜਿਵੇਂ ਕਿ ਉਦਾਸੀ ਅਤੇ ਘਬਰਾਹਟ ਹੋ ਸਕਦੀ ਹੈ।

ਅਮਰੀਕਾ ਵਿਚ ਇੰਡੀਆਨਾ ਯੂਨੀਵਰਸਿਟੀ ਦੇ ਖੋਜਕਰਤਾਵਾਂ ਵਲੋਂ ਕੀਤੇ ਗਏ ਇਕ ਅਧਿਐਨ ਦੇ ਹਵਾਲੇ ਨਾਲ ਪ੍ਰਕਾਸ਼ਤ ਕੀਤੀ ਗਈ ਇਕ ਰੀਪੋਰਟ ਵਿਚ ਹੈਰਾਨੀਜਨਕ ਦਾਅਵਾ ਕੀਤਾ ਗਿਆ ਹੈ।ਇਸ ਅਧਿਐਨ ਦੀ ਰੀਪੋਰਟ ਅਨੁਸਾਰ ਉਨ੍ਹਾਂ ਦੇ ਕੰਮ ਉਤੇ ਕੰਟਰੋਲ ਅਤੇ ਬੋਧ ਯੋਗਤਾ 'ਤੇ ਤਣਾਅ, ਦਫ਼ਤਰ ਵਿਚ ਗੰਭੀਰ ਮਾਨਸਕ ਸਿਹਤ ਵਿਗੜਨ ਦਾ ਕਾਰਨ ਹੋ ਸਕਦਾ ਹੈ, ਜਿਸ ਨਾਲ ਤਣਾਅ ਅਤੇ ਮੌਤ ਦਾ ਖ਼ਤਰਾ ਵੀ ਪੈਦਾ ਹੋ ਸਕਦਾ ਹੈ।

ਖੋਜਕਰਤਾਵਾਂ ਦਾ ਕਹਿਣਾ ਹੈ ਕਿ ਜਦੋਂ ਵਿਅਕਤੀ ਦੀ ਸਮਰੱਥਾ ਤੋਂ ਜ਼ਿਆਦਾ ਨੌਕਰੀ ਦੀ ਡਿਮਾਂਡ ਜਾਂ ਕੰਮ ਦਾ ਦਬਾਅ ਹੁੰਦਾ ਹੈ ਤਾਂ ਉਸ ਦੀ ਮਾਨਸਕ ਸਿਹਤ ਵਿਚ ਗਿਰਾਵਟ ਹੋ ਸਕਦੀ ਹੈ ਅਤੇ ਇਸ ਤੋਂ ਬਾਅਦ ਮੌਤ ਦਾ ਖ਼ਤਰਾ ਵਧ ਜਾਂਦਾ ਹੈ। ਖੋਜਕਰਤਾਵਾਂ ਨੇ ਇਸ ਸਟਡੀ ਲਈ ਅਮਰੀਕਾ ਦੇ ਵਿਸਕਾਨਸਨ ਵਿਚ ਰਹਿਣ ਵਾਲੇ 3,148 ਲੋਕਾਂ ਦਾ ਡਾਟਾ ਇਕੱਠਾ ਕੀਤਾ ਤਾਂ ਇਸ ਦੇ ਹੈਰਾਨ ਕਰਨ ਵਾਲੇ ਨਤੀਜੇ ਆਏ।

ਪਰ ਅਧਿਐਨ ਦੇ 20 ਸਾਲਾਂ ਵਿਚ 211 ਲੋਕਾਂ ਦੀ ਮੌਤ ਹੋ ਗਈ। ਪਰ ਇਸ ਖੋਜ ਦਾ ਇਕ ਸਕਾਰਾਤਮਕ ਪਹਿਲੂ ਵੀ ਸਾਹਮਣੇ ਆਇਆ ਹੈ। ਖੋਜਕਰਤਾ ਅਨੁਸਾਰ ਜਦੋਂ ਇਕ ਵਰਕਰ ਦਾ ਅਪਣੇ ਕੰਮ ਅਤੇ ਅਪਣੀ ਜ਼ਿੰਮੇਵਾਰੀ ਪ੍ਰਤੀ ਜ਼ਿਆਦਾ ਕੰਟਰੋਲ ਹੁੰਦਾ ਹੈ ਤਾਂ ਉਸ ਸਮੇਂ ਕੰਮ ਦੇ ਦਬਾਅ ਹੋਣ ਦੇ ਬਾਵਜੂਦ ਵੀ ਕੰਮ ਅਤੇ ਸਿਹਤ ਚੰਗੀ ਰਹਿੰਦੀ ਹੈ।