ਕੋਰੋਨਾ ਵਾਇਰਸ ਤੋਂ ਬਚਣ ਲਈ ਕੀ ਕਰੀਏ ਤੇ ਕੀ ਨਾ ਕਰੀਏ, ਪੜ੍ਹੋ ਪੂਰੀ ਖ਼ਬਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਕੋਰੋਨਾ ਵਾਇਰਸ ਦਾ ਪ੍ਰਭਾਵ ਤੇਜ਼ੀ ਨਾਲ ਵਧ ਰਿਹਾ ਹੈ। ਦੁਨੀਆ ਭਰ ਦੇ ਕਈ ਦੇਸ਼ ਕੋਰੋਨਾ ਵਾਇਰਸ ਦੀ ਚਪੇਟ ਵਿਚ ਹਨ।

Photo

ਚੰਡੀਗੜ੍ਹ: ਹਰ ਰੋਜ਼ ਕੋਰੋਨਾ ਵਾਇਰਸ ਦਾ ਪ੍ਰਭਾਵ ਤੇਜ਼ੀ ਨਾਲ ਵਧ ਰਿਹਾ ਹੈ। ਦੁਨੀਆ ਭਰ ਦੇ ਕਈ ਦੇਸ਼ ਕੋਰੋਨਾ ਵਾਇਰਸ ਦੀ ਚਪੇਟ ਵਿਚ ਹਨ। ਕੋਰੋਨਾ ਵਾਇਰਸ ਤੋਂ ਬਚਣ ਲਈ ਹੁਣ ਤੱਕ ਕਿਸੇ ਵੀ ਦਵਾਈ  ਦਾ ਨਿਰਮਾਣ ਨਹੀਂ ਹੋ ਸਕਿਆ ਹੈ, ਹਾਲਾਂਕਿ ਦੁਨੀਆ ਭਰ ਦੇ ਮਾਹਿਰ ਇਸ ਦੇ ਹੱਲ ਲਈ ਕੋਸ਼ਿਸ਼ਾਂ ਕਰ ਰਹੇ ਹਨ। ਅਜਿਹੇ ਵਿਚ ਇਸ ਤੋਂ ਬਚਾਅ ਹੀ ਇਸ ਦਾ ਸਭ ਤੋਂ ਵੱਡਾ ਉਪਾਅ ਹੈ।

ਵਿਸ਼ਵ ਸਿਹਤ ਸੰਗਠਨ ਅਤੇ ਕਈ ਹੋਰ ਸੰਗਠਨਾਂ ਵੱਲੋਂ ਕੋਰੋਨਾ ਵਾਇਰਸ ਤੋਂ ਬਚਣ ਲਈ ਕੁਝ ਖ਼ਾਸ ਉਪਾਅ ਦੱਸੇ ਗਏ ਹਨ। 6 ਸਾਲ ਤੋਂ ਘੱਟ ਅਤੇ 60 ਸਾਲ ਤੋਂ ਜ਼ਿਆਦਾ ਉਮਰ ਵਾਲੇ ਲੋਕ ਜ਼ਿਆਦਾ ਸਾਵਧਾਨ ਰਹਿਣ। ਕੋਰੋਨਾ ਵਾਇਰਸ ਤੋਂ ਬਚਣ ਲਈ ਆਓ ਜਾਣਦੇ ਹਾਂ ਕਿ ਕੀ ਕਰੀਏ ਤੇ ਕੀ ਨਾ ਕਰੀਏ।

ਯਾਤਰਾ ਨਾ ਕਰੋ
ਵਿਸ਼ਵ ਸਿਹਤ ਸੰਗਠਨ ਮੁਤਾਬਕ ਜੇਕਰ ਤੁਹਾਨੂੰ ਬੁਖ਼ਾਰ, ਖਾਂਸੀ ਜਾਂ ਸਾਹ ਲੈਣ ਵਿਚ ਤਕਲੀਫ਼ ਹੈ ਤਾਂ ਯਾਤਰਾ ਕਰਨ ਤੋਂ ਬਚੋ। ਕਿਉਂਕਿ ਅਜਿਹੀ ਸਥਿਤੀ ਵਿਚ ਵਾਇਰਸ ਦੇ ਫੈਲਣ ਦਾ ਖਤਰਾ ਰਹਿੰਦਾ ਹੈ।

ਲਗਾਤਾਰ ਹੱਥ ਸਾਫ ਕਰੋ
ਸਫਾਈ ਲਈ ਅਪਣੇ ਹੱਥਾਂ ਨੂੰ ਲਗਾਤਾਰ ਧੋਂਦੇ ਰਹੋ। ਹੱਥ ਗੰਦੇ ਨਾ ਹੋਣ ‘ਤੇ ਵੀ ਲਗਾਤਾਰ ਧੋਵੋ। ਹੋ ਸਕੇ ਤਾਂ ਲਗਾਤਾਰ ਟੀਸ਼ੂ ਦੀ ਵਰਤੋਂ ਕਰੇ। ਛਿੱਕ ਅਤੇ ਖਾਂਸੀ ਆਉਣ ਦੌਰਾਨ ਅਪਣੇ ਮੂੰਹ ‘ਤੇ ਹੱਥ ਰੱਖੋ। ਵਿਸ਼ਵ ਸਿਹਤ ਸੰਗਠਨ ਨੇ ਇਸ ਵਾਇਰਸ ਤੋਂ ਬਚਣ ਲਈ ਹੱਥਾਂ ਦੀ ਸਾਫ-ਸਫਾਈ ‘ਤੇ ਵਿਸ਼ੇਸ਼ ਧਿਆਨ ਦੇਣ ਲਈ ਕਿਹਾ ਹੈ।

ਹੱਥ ਕਦੋਂ ਸਾਫ ਕਰੀਏ
-ਛਿੱਕ ਜਾਂ ਖਾਂਸੀ ਆਉਣ ਤੋਂ ਬਾਅਦ
-ਬਿਮਾਰ ਵਿਅਕਤੀ ਨਾਲ ਮੁਲਾਕਾਤ ਤੋਂ ਬਾਅਦ
-ਖਾਣਾ ਬਣਾਉਣ ਅਤੇ ਖਾਣ ਤੋਂ ਬਾਅਦ
-ਜਾਨਵਰਾਂ ਜਾਂ ਪੰਛੀਆਂ ਨੂੰ ਛੂਹਣ ਤੋਂ ਬਾਅਦ

ਛਿੱਕਣ ਅਤੇ ਖਾਂਸੀ ਵਾਲੇ ਲੋਕਾਂ ਤੋਂ ਰੱਖੋ ਦੂਰੀ
ਇਸ ਗੱਲ਼ ‘ਤੇ ਖ਼ਾਸ ਧਿਆਨ ਦੇਣਾ ਚਾਹੀਦਾ ਹੈ ਕਿ ਜੋ ਲੋਕ ਛਿੱਕ ਰਹੇ ਹਨ ਜਾਂ ਖਾਂਸੀ ਕਰ ਰਹੇ ਹਨ, ਉਹਨਾਂ ਤੋਂ ਦੂਰੀ ਬਣਾ ਕੇ ਰੱਖੋ। ਦਰਅਸਲ ਸਰਦੀ ਜ਼ੁਕਾਮ ਨਾਲ ਮਿਲਦੇ ਲ਼ੱਛਣ ਕੋਰੋਨਾ ਵਾਇਰਸ ਦੇ ਵੀ ਹਨ, ਅਜਿਹੇ ਵਿਚ ਲੋਕਾਂ ਤੋਂ ਦੂਰੀ ਬਣਾ ਕੇ ਰੱਖੋ।

ਚੇਹਰੇ ਨੂੰ ਛੂਹਣ ਤੋਂ ਪਰਹੇਜ਼ ਕਰੋ
ਮਹਿਰਾਂ ਦੀ ਇਹ ਵੀ ਸਲਾਹ ਹੈ ਕਿ ਲੋਕਾਂ ਨੂੰ ਵਾਰ-ਵਾਰ ਅਪਣੇ ਚੇਹਰੇ ਨੂੰ ਛੂਹਣ ਤੋਂ ਬਚਣਾ ਚਾਹੀਦਾ ਹੈ। ਹੋ ਸਕੇ ਤਾਂ ਜ਼ਿਆਦਾ ਅਪਣੇ ਚੇਹਰੇ, ਨੱਕ ਅਤੇ ਅੱਖਾਂ ਨੂੰ ਨਾ ਛੂਹੋ।

ਮੂੰਹ ਨੂੰ ਮਾਸਕ ਨਾਲ ਢਕੋ
ਆਮ ਤੌਰ ‘ਤੇ ਦੇਖਿਆ ਜਾਂਦਾ ਹੈ ਕਿ ਲੋਕ ਮੂੰਹ ‘ਤੇ ਮਾਸਕ ਲਗਾਉਣ ਤੋਂ ਬਚਦੇ ਹਨ ਅਤੇ ਉਹਨਾਂ ਨੂੰ ਪਰੇਸ਼ਾਨੀ ਮਹਿਸੂਸ ਹੁੰਦੀ ਹੈ। ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਇਸ ਦੀ ਪਛਾਣ ਜਰੂਰੀ ਹੈ, ਜਦੋਂ ਵੀ ਘਰ ਤੋਂ ਨਿਕਲੋ ਤਾਂ ਮਾਸਕ ਜਰੂਰ ਪਹਿਨੋ। ਇਸ ਦੇ ਨਾਲ ਹੀ ਭੀੜ ਵਾਲੀਆਂ ਥਾਵਾਂ ‘ਤੇ ਜਾਣ ਤੋਂ ਬਚੋ।