ਯੋਗ ਦਿਵਾਉਂਦੈ ਕਈ ਬਿਮਾਰੀਆਂ ਤੋਂ ਨਿਜਾਤ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਸਰੀਰ ਨੂੰ ਤੰਦਰੁਸਤ ਰੱਖਣ ਲਈ ਯੋਗ ਅਪਣੀ ਮਹੱਤਵਪੂਰਨ ਭੂਮਿਕਾ ਨਿਭਾਅ ਰਿਹਾ ਹੈ। ਇਸ ਨਾਲ ਸ੍ਰੀਰਕ ਤੇ ਮਾਨਸਕ ਬੀਮਾਰੀਆਂ 'ਤੇ ਜਿੱਤ ਪਾਈ ਜਾ ਸਕਦੀ ਹੈ। ਯੋਗ ਨਾਲ ਮਨ...

Yoga

ਸਰੀਰ ਨੂੰ ਤੰਦਰੁਸਤ ਰੱਖਣ ਲਈ ਯੋਗ ਅਪਣੀ ਮਹੱਤਵਪੂਰਨ ਭੂਮਿਕਾ ਨਿਭਾਅ ਰਿਹਾ ਹੈ। ਇਸ ਨਾਲ ਸ੍ਰੀਰਕ ਤੇ ਮਾਨਸਕ ਬੀਮਾਰੀਆਂ 'ਤੇ ਜਿੱਤ ਪਾਈ ਜਾ ਸਕਦੀ ਹੈ। ਯੋਗ ਨਾਲ ਮਨ ਇਕਾਗਰ ਹੁੰਦਾ ਹੈ ਤੇ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ। ਇਹ ਇਕ ਮੁਫ਼ਤ ਦੀ ਦਵਾਈ ਹੈ, ਜਿਸ ਨੂੰ ਕਰਨ ਨਾਲ ਕੋਈ ਪੈਸਾ ਜਾਂ ਜੀਐੱਸਟੀ ਨਹੀਂ ਦੇਣਾ ਪੈਦਾ। ਯੋਗ 99 ਫ਼ੀ ਸਦੀ ਬੀਮਾਰੀਆਂ ਦਾ ਇਲਾਜ ਸੰਭਵ ਹੈ। ਇਸ ਨਾਲ 72 ਕਰੋੜ 72 ਲੱਖ 10 ਹਜ਼ਾਰ 201 ਨਾੜੀਆਂ ਪ੍ਰਭਾਵਤ ਹੁੰਦੀਆਂ ਹਨ।

ਇਸ ਦਾ ਫ਼ਾਇਦਾ ਖੱਟਣ ਲਈ ਇਕ ਮੋਟੀ ਦਰੀ 'ਤੇ ਸ਼ਾਂਤ ਵਾਤਾਵਰਣ ਦੀ ਲੋੜ ਹੁੰਦੀ ਹੈ। ਅਜਕਲ ਦੇ ਬੱਚੇ, ਜਵਾਨ, ਬਜ਼ੁਰਗ ਤੇ ਮਹਿਲਾਵਾਂ ਸੱਭ ਯੋਗਾ ਨੂੰ ਪਸੰਦ ਕਰਦੇ ਹਨ। ਜਿਹੜੇ ਵਿਅਕਤੀ ਯੋਗ ਮਨ ਨਾਲ ਕਰਦੇ ਹਨ ਉਹ ਇਸ ਦਾ ਜਾਦੂਈ ਫ਼ਾਇਦਾ ਲੈ ਕੇ ਬੀਮਾਰੀ ਮੁਕਤ ਹੋ ਜਾਂਦੇ ਹਨ ਤੇ ਜਿਹੜੇ ਮਨ ਲਾ ਕੇ ਯੋਗਾ ਨਹੀਂ ਕਰਦੇ ਉਨ੍ਹਾਂ ਵਾਸਤੇ ਇਹ ਇਕ ਹਲਕੀ ਕਸਰਤ ਹੈ। ਇਹ ਇਕ ਸਾਧਨਾ ਵੀ ਹੈ ਜਿਸ ਨੂੰ ਕਰਨ ਨਾਲ ਭਾਵਨਾਵਾਂ 'ਤੇ ਕਾਬੂ ਪਾਇਆ ਜਾ ਸਕਦਾ ਹੈ। ਸੱਭ ਤੋਂ ਵੱਡਾ ਸਮਾਜਕ ਲਾਭ ਇਹ ਹੈ ਕਿ ਇਸ ਨਾਲ ਈਰਖਾ ਤੇ ਵਿਰੋਧੀ ਭਾਵਨਾ ਖ਼ਤਮ ਹੁੰਦੀ ਹੈ ਪਰ ਇਸ ਸਾਧਨਾ ਨੂੰ ਅਪਨਾਉਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ।

ਇਸ ਲਈ ਸਖ਼ਤ ਮਿਹਨਤ ਤੇ ਇਕਾਗਰਤਾ ਜ਼ਰੂਰੀ ਹੈ। ਇਹ ਵੀ ਮੰਨਣਾ ਠੀਕ ਹੋਵੇਗਾ ਕਿ ਯੋਗ ਕਿਰਿਆਵਾਂ ਹੱਠੀ ਬੰਦੇ ਹੀ ਕਰ ਸਕਦੇ ਹਨ ਜਿਨ੍ਹਾਂ ਨੂੰ ਅਪਣੇ ਸ੍ਰੀਰ ਦੀ ਤੰਦਰੁਸਤੀ ਦੀ ਜ਼ਿਆਦਾ ਚਿੰਤਾ ਹੁੰਦੀ ਹੈ। ਯੋਗ ਨੂੰ ਸਵੇਰ ਵੇਲੇ ਪਖਾਨਾ ਜਾਣ ਤੋਂ ਬਾਅਦ ਹੀ ਕਰਨਾ ਚਾਹੀਦਾ ਹੈ। ਯੋਗਾ ਕਰਨ ਨਾਲ ਬਲੱਡ-ਪ੍ਰੈਸ਼ਰ, ਛਾਈਆਂ, ਮੋਟਾਪਾ, ਸ਼ੂਗਰ, ਤਣਾਅ, ਕੋਲੈਸਟਰੋਲ ਦਾ ਵਧਣਾ, ਵਾਲਾਂ ਦਾ ਝੜਨਾ, ਮੋਟਾਪਾ, ਯੂਰਿਕ ਐਸਿਡ, ਗਠੀਆ, ਸਰਵਾਈਕਲ ਵਰਗੀਆਂ ਬੀਮਾਰੀਆਂ ਤੋਂ ਮੁਕਤੀ ਪਾਈ ਜਾ ਸਕਦੀ ਹੈ।

ਅਜਕਲ ਦੇ ਪੜ੍ਹੇ-ਲਿਖੇ ਵੱਡੀਆਂ ਡਿਗਰੀਆਂ ਵਾਲੇ  ਡਾਕਟਰ ਵੀ ਅਪਣੀਆਂ ਪੈਥੀਆਂ ਦੇ ਇਲਾਜ ਨਾਲ-ਨਾਲ ਮਰੀਜ਼ ਨੂੰ ਯੋਗ ਕਰਨ ਦੀ ਸਲਾਹ ਦਿੰਦੇ ਹਨ। ਇਸ ਲਈ ਡਾਕਟਰਾਂ, ਵਕੀਲਾਂ, ਇੰਜੀਨੀਅਰਾਂ, ਅਧਿਆਪਕਾਂ ਨੂੰ ਜਨਤਕ ਥਾਵਾਂ 'ਤੇ ਯੋਗ ਦੀਆਂ ਕਲਾਸਾਂ ਲਗਾਉਂਦਿਆਂ ਆਮ ਵੇਖਿਆ ਜਾ ਸਕਦਾ ਹੈ। ਕਈ ਯੋਗ ਸਾਧਕ ਹਾਸ ਆਸਣ ਵੀ ਕਰਦੇ ਹਨ ਉਸ ਦਾ ਵੀ ਇਕ ਅਪਣਾ ਮਜ਼ਾ ਹੈ। ਸੱਭ ਤੋਂ ਦਿਲਚਸਪ ਗੱਲ ਇਹ ਹੈ ਕਿ ਬਹੁਤ ਸਾਰੇ ਫ਼ਿਲਮੀ ਅਦਾਕਾਰ ਵੀ ਯੋਗ ਦੀ ਮਹੱਤਤਾ ਸਮਝ ਚੁਕੇ ਹਨ। ਉਹ ਵੀ ਯੋਗ ਨੂੰ ਅਪਣੀ ਜੀਵਨਸ਼ੈਲੀ ਵਿਚ ਸ਼ਾਮਲ ਕਰ ਕੇ ਨਵੇਂ ਕੀਰਤੀਮਾਨ ਸਥਾਪਤ ਕਰ ਚੁੱਕੇ ਹਨ।