ਸਿਹਤ ਲਈ ਵਰਦਾਨ ਹੈ ਚੌਲਾਂ ਦਾ ਪਾਣੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਆਉ ਜਾਣਦੇ ਹਾਂ ਇਸ ਦੇ ਫ਼ਾਇਦਿਆਂ ਬਾਰੇ

Representational Image

ਚੌਲ ਪਕਾਉਣ ਤੋਂ ਬਾਅਦ ਉਸ ਦਾ ਪਾਣੀ ਸੁੱਟਣ ਦੀ ਥਾਂ ਪੀਤਾ ਜਾਵੇ ਤਾਂ ਇਸ ਦੇ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਡਾਕਟਰਾਂ ਦੀ ਮੰਨੀਏ ਤਾਂ ਚੌਲਾਂ ਦਾ ਪਾਣੀ ਚਮੜੀ, ਵਾਲਾਂ ਅਤੇ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਚੌਲਾਂ ਦਾ ਪਾਣੀ ਬੁਢਾਪੇ ਨੂੰ ਦੂਰ ਕਰਨ ਵਿਚ ਬਹੁਤ ਕਾਰਗਰ ਹੈ। ਇਹ ਘਰੇਲੂ ਨੁਸਖ਼ਾ ਚਿਹਰੇ ਦੀ ਰੰਗਤ ਨੂੰ ਨਿਖਾਰਨ ਵਿਚ ਵੀ ਮਦਦ ਕਰਦਾ ਹੈ। ਆਉ ਜਾਣਦੇ ਹਾਂ ਘਰ ਵਿਚ ਚੌਲਾਂ ਦਾ ਪਾਣੀ ਕਿਵੇਂ ਤਿਆਰ ਕਰੀਏ ਤੇ ਇਸ ਦੇ ਕੀ-ਕੀ ਫ਼ਾਇਦੇ ਹਨ?

ਚੌਲਾਂ ਦਾ ਪਾਣੀ ਪੀਣ ਨਾਲ ਸਰੀਰ ’ਚ ਐਨਰਜੀ ਆਉਂਦੀ ਹੈ ਅਤੇ ਕਮਜ਼ੋਰੀ ਦੂਰ ਹੁੰਦੀ ਹੈ। ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਰੂੰ ਨਾਲ ਚੌਲਾਂ ਦਾ ਪਾਣੀ ਅੱਖਾਂ ਦੇ ਆਲੇ-ਦੁਆਲੇ ਲਗਾਉ, ਕੁੱਝ ਹੀ ਦਿਨਾਂ ’ਚ ਕਿੱਲਾਂ ਦੂਰ ਹੋ ਜਾਣਗੀਆਂ। ਚੌਲਾਂ ਦਾ ਪਾਣੀ ਪੀਣ ਨਾਲ ਡਾਇਜ਼ਸ਼ਨ ’ਚ ਸੁਧਾਰ ਹੁੰਦਾ ਹੈ ਕਿਉਂਕਿ ਇਸ ’ਚ ਫ਼ਾਈਬਰਸ ਭਰਪੂਰ ਮਾਤਰਾ ’ਚ ਹੁੰਦੇ ਹਨ। ਟੱਟੀਆਂ ਲੱਗਣ ’ਤੇ ਚੌਲਾਂ ਦਾ ਪਾਣੀ ਪੀਣ ਨਾਲ ਛੇਤੀ ਆਰਾਮ ਮਿਲੇਗਾ।

ਚੌਲਾਂ ਦੇ ਪਾਣੀ ’ਚ ਐਂਟੀਵਾਇਰਲ ਪ੍ਰੋਪਰਟੀ ਹੁੰਦੀ ਹੈ, ਜਿਸ ਨੂੰ ਵਾਇਰਲ ਬੁਖ਼ਾਰ ’ਚ ਪੀਣ ’ਤੇ ਆਰਾਮ ਅਤੇ ਤਾਕਤ ਮਿਲੇਗੀ। ਲਗਾਤਾਰ ਉਲਟੀਆਂ ਆਉਣ ’ਤੇ ਦਿਨ ’ਚ 2-3 ਕੱਪ ਚੌਲਾਂ ਦਾ ਪਾਣੀ ਪੀਣ ਨਾਲ ਛੇਤੀ ਰਾਹਤ ਮਿਲੇਗੀ। ਰੋਜ਼ਾਨਾ ਚੌਲਾਂ ਦੇ ਪਾਣੀ ਨਾਲ ਮੂੰਹ ਧੋਣ ’ਤੇ ਕਿੱਲ-ਮੁਹਾਸੇ, ਦਾਗ਼-ਧੱਬਿਆਂ ਤੋਂ ਛੁਟਕਾਰਾ ਮਿਲਦਾ ਹੈ। ਚਮੜੀ ਵੀ ਕੋਮਲ ਬਣੇਗੀ ਅਤੇ ਚਮਕ ਵਧੇਗੀ।

ਚੌਲਾਂ ਦੇ ਪਾਣੀ ਨੂੰ ਵਾਲਾਂ ’ਚ ਸ਼ੈਂਪੂ ਕਰਨ ਤੋਂ ਬਾਅਦ ਕੰਡੀਸ਼ਨਰ ਵਾਂਗ ਵਰਤੋਂ ਕਰੋ। ਇਸ ਨਾਲ ਵਾਲ ਝੜਨ ਦੀ ਸਮੱਸਿਆ ਤੋਂ ਛੁਟਕਾਰਾ ਮਿਲਦੇ ਹੋਏ ਵਾਲ ਕੋਮਲ ਅਤੇ ਸਿਲਕੀ ਹੋਣਗੇ ਅਤੇ ਛੇਤੀ ਵਧਣਗੇ। ਬੁਢਾਪੇ ਨੂੰ ਦੂਰ ਕਰਨ ਲਈ ਚੌਲਾਂ ਦਾ ਪਾਣੀ ਘਰ ਵਿਚ ਹੀ ਬਣਾਇਆ ਜਾ ਸਕਦਾ ਹੈ। ਇਸ ਲਈ ਤੁਹਾਨੂੰ ਚੌਲਾਂ ਨੂੰ ਸਾਫ਼ ਪਾਣੀ ਵਿਚ 15-20 ਮਿੰਟ ਲਈ ਭਿਉਂ ਕੇ ਰਖਣਾ ਹੋਵੇਗਾ। ਜਦੋਂ ਪਾਣੀ ਚਿੱਟਾ ਹੋਣ ਲੱਗੇ ਤਾਂ ਇਸ ਨੂੰ ਕਿਸੇ ਭਾਂਡੇ ਵਿਚ ਲੈ ਕੇ ਥੋੜ੍ਹਾ ਜਿਹਾ ਉਬਾਲ ਲਵੋ। ਉਬਾਲਣ ਤੋਂ ਬਾਅਦ ਪਾਣੀ ਨੂੰ ਠੰਢਾ ਕਰ ਕੇ ਇਸ ਨਾਲ ਚਿਹਰਾ ਧੋ ਲਵੋ। ਚੌਲਾਂ ਦਾ ਪਾਣੀ ਚਿਹਰੇ ਦੀ ਰੰਗਤ ਨੂੰ ਨਿਖਾਰਨ ਵਿਚ ਮਦਦ ਕਰਦਾ ਹੈ।