ਭਾਰਤ 'ਚ 75 ਫ਼ੀ ਸਦੀ ਨੌਜੁਆਨਾਂ ਨੇ 21ਵੇਂ ਸਾਲ ਤੋਂ ਪਹਿਲਾਂ ਹੀ ਚਖ ਲਿਆ ਸੀ ਸ਼ਰਾਬ ਦਾ ਸਵਾਦ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਕਈ ਸ਼ਹਿਰਾਂ 'ਚ ਕੀਤੇ ਗਏ ਸਰਵੇਖਣ 'ਚ ਇਹ ਪ੍ਰਗਟਾਵਾ ਹੋਇਆ ਹੈ ਕਿ ਭਾਰਤ 'ਚ ਘੱਟ ਤੋਂ ਘੱਟ 75 ਫ਼ੀ ਸਦੀ ਨੌਜੁਆਨਾਂ ਨੇ 21 ਸਾਲ ਦੀ ਉਮਰ ਪੂਰੀ ਹੋਣ ਤੋਂ ਪਹਿਲਾਂ ਹੀ....

Alcohal

ਮੁੰਬਈ: ਕਈ ਸ਼ਹਿਰਾਂ 'ਚ ਕੀਤੇ ਗਏ ਸਰਵੇਖਣ 'ਚ ਇਹ ਪ੍ਰਗਟਾਵਾ ਹੋਇਆ ਹੈ ਕਿ ਭਾਰਤ 'ਚ ਘੱਟ ਤੋਂ ਘੱਟ 75 ਫ਼ੀ ਸਦੀ ਨੌਜੁਆਨਾਂ ਨੇ 21 ਸਾਲ ਦੀ ਉਮਰ ਪੂਰੀ ਹੋਣ ਤੋਂ ਪਹਿਲਾਂ ਹੀ ਸ਼ਰਾਬ ਪੀ ਲਈ ਸੀ। ਸ਼ਰਾਬ ਪੀਣ ਲਈ ਕਾਨੂੰਨੀ ਉਮਰ ਹੱਦ 21 ਸਾਲ ਹੈ। ਦਖਣੀ ਮੁੰਬਈ 'ਚ ਸਥਿਤ ਸੇਂਟ ਜ਼ੇਵੀਅਰ ਕਾਲਜ ਦੇ ਪਹਿਲੇ ਸਾਲ ਦੇ ਵਿਦਿਆਰਥੀਆਂ ਨੇ ਹਾਲ ਹੀ 'ਚ ਇਹ ਸਰਵੇਖਣ ਕੀਤਾ। ਕਾਲਜ 'ਚ ਇਤਿਹਾਸ ਵਿਭਾਗ ਦੇ ਮੁਖੀ ਡਾ. ਅਵਕਾਸ਼ ਜਾਧਵ ਦੇ ਮਾਰਗਦਰਸ਼ਨ 'ਚ ਇਹ ਸਰਵੇਖਣ ਕੀਤਾ ਗਿਆ।

ਰੀਪੋਰਟ ਦੇ ਨਤੀਜਿਆਂ ਨੂੰ ਸਹਾਇਕ ਪੁਲਿਸ ਕਮਿਸ਼ਨਰ, ਸੂਪਰਡੈਂਟ, ਨਸ਼ੀਲਾ ਪਦਾਰਥ ਕੰਟਰੋਲ ਬਿਊਰੋ (ਐਨ.ਸੀ.ਬੀ.), ਭੂਮੇਸ਼ ਅਗਰਵਾਲ ਨੂੰ ਵੀਰਵਾਰ ਨੂੰ ਪੇਸ਼ ਕੀਤਾ ਗਿਆ। ਸਰਵੇਖਣ 'ਚ ਮੁੰਬਈ, ਪੁਣੇ, ਦਿੱਲੀ, ਕੋਲਕਾਤਾ, ਰਾਜਸਥਾਨ ਸਮੇਤ ਕਈ ਹੋਰ ਸ਼ਹਿਰਾਂ ਦੇ 16 ਤੋਂ 21 ਸਾਲ ਉਮਰ ਦੇ ਘੱਟ ਤੋਂ ਘੱਟ 1000 ਨੌਜੁਆਨਾਂ ਨੂੰ ਸ਼ਾਮਲ ਕੀਤਾ ਗਿਆ ਸੀ। ਇਸ ਸਰਵੇਖਣ 'ਚ ਚੈੱਕ ਗਣਰਾਜ ਦੀ ਰਾਜਧਾਨੀ ਪ੍ਰਾਗ ਅਤੇ ਮੱਧ ਯੂਰੋਪ ਦੇ ਦੇਸ਼ ਹੰਗਰੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

ਸਰਵੇਖਣ 'ਚ ਪਤਾ ਲੱਗਾ ਹੈ ਕਿ ਘੱਟ ਤੋਂ ਘੱਟ 75 ਫ਼ੀ ਸਦੀ ਨੌਜੁਆਨ 21 ਸਾਲ ਦੀ ਉਮਰ ਪੂਰੀ ਹੋਣ ਤੋਂ ਪਹਿਲਾਂ ਹੀ ਸ਼ਰਾਬ ਦਾ ਸੇਵਨ ਕਰ ਚੁੱਕੇ ਸਨ ਜਦਕਿ ਸ਼ਰਾਬ ਦੇ ਸੇਵਨ ਲਈ ਕਾਨੂੰਨੀ ਉਮਰ 21 ਸਾਲ ਹੈ। 47 ਫ਼ੀ ਸਦੀ ਨੌਜੁਆਨ ਸਿਗਰੇਟ ਦਾ ਸੇਵਨ ਕਰ ਚੁੱਕੇ ਸਨ। ਇਸ 'ਚ ਇਹ ਵੀ ਕਿਹਾ ਗਿਆ ਹੈ ਕਿ 20 ਫ਼ੀ ਸਦੀ ਨੌਜੁਆਨ ਨਸ਼ੀਲੇ ਪਦਾਰਥ ਦਾ, ਜਦਕਿ 30 ਫ਼ੀ ਸਦੀ ਨੌਜੁਆਨ ਹੁੱਕਾ ਪੀ ਚੁੱਕੇ ਹਨ। ਰੀਪੋਰਟ ਅਨੁਸਾਰ ਲਗਭਗ 88 ਫ਼ੀ ਸਦੀ ਨੌਜੁਆਨ 16 ਤੋਂ 18 ਸਾਲ ਦੀ ਉਮਰ 'ਚ ਇਕ ਜਾਂ ਦੂਜੀ ਤਰ੍ਹਾਂ ਦਾ ਨਸ਼ਾ ਅਜ਼ਮਾ ਚੁੱਕੇ ਸਨ।

ਇਸ ਅਨੁਸਾਰ ਜਿਗਿਆਸਾ, ਸਾਥੀਆਂ ਦਾ ਦਬਾਅ ਅਤੇ ਅਜਿਹੇ ਨਸ਼ੀਲੇ ਪਦਾਰਥਾਂ ਤਕ ਆਸਾਨ ਪਹੁੰਚ ਅਜਿਹੇ ਪ੍ਰਮੁੱਖ ਕਾਰਕ ਹਨ ਜੋ ਨੌਜੁਆਨਾਂ ਨੂੰ ਨਸ਼ੇ ਵਲ ਧੱਕਦੇ ਹਨ। ਸਰਵੇਖਣ 'ਚ ਸ਼ਾਮਲ 17 ਫ਼ੀ ਸਦੀ ਨੌਜੁਆਨਾਂ ਨੇ ਦਸਿਆ ਕਿ ਅਪਣੀ ਨਸ਼ੇ ਦੀ ਆਦਤ ਤੋਂ ਬਾਹਰ ਆਉਣ ਲਈ ਉਨ੍ਹਾਂ ਨੇ ਬਾਹਰੀ ਮਦਦ ਲਈ ਜਦਕਿ 83 ਫ਼ੀ ਸਦੀ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਨਹੀਂ ਹੈ ਕਿ ਇਸ ਸਮੱਸਿਆ 'ਚੋਂ ਨਿਕਲਣ ਲਈ ਉਨ੍ਹਾਂ ਨੂੰ ਕਿੱਥੋਂ ਅਤੇ ਕਿਸ ਤਰ੍ਹਾਂ ਮਦਦ ਮਿਲੇਗੀ।

 

ਪੋਰਟ 'ਤੇ ਅਵਕਾਸ਼ ਜਾਧਵ ਨੇ ਕਿਹਾ, ''ਇਸ ਸਰਵੇਖਣ ਦਾ ਮਕਸਦ ਅਜਿਹੀਆਂ ਗ਼ੈਰਸਿਹਤਮੰਦ ਆਦਤਾਂ ਨੂੰ ਅਪਨਾਉਣ ਪਿੱਛੇ ਦੀ ਜ਼ਮੀਨੀ ਹਕੀਕਤ ਨੂੰ, ਇਸ ਦੇ ਕਾਰਨਾਂ ਨੂੰ ਸਮਝਣਾ ਅਤੇ ਅਜਿਹੀਆਂ ਅਦਾਤਾਂ ਨੂੰ ਹੱਲਾਸ਼ੇਰੀ ਦੇਣ 'ਚ ਸ਼ਾਮਲ ਲੋਕਾਂ ਦੀ ਪਛਾਣ ਕਰਨਾ ਹੈ।'