ਬੱਚਿਆਂ ਦੀ ਮਾਨਸਕ ਸਿਹਤ 'ਤੇ ਅਸਰ ਪਾ ਰਿਹੈ ਕੋਰੋਨਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਇਸ ਦਾ ਬੱਚਿਆਂ ਦੇ ਤਨ ਅਤੇ ਮਨ 'ਤੇ ਉਲਟਾ ਅਸਰ ਵੇਖਿਆ ਜਾ ਰਿਹਾ ਹੈ।

Corona is affecting the mental health of children

ਕੋਰੋਨਾ ਵਾਇਰਸ ਬਾਰੇ ਖੋਜਕਰਤਾਵਾਂ ਦੀ ਇਕ ਟੀਮ ਦਾ ਕਹਿਣਾ ਹੈ ਕਿ ਇਸ ਖ਼ਤਰਨਾਕ ਵਾਇਰਸ ਦਾ ਬੱਚਿਆਂ 'ਤੇ ਘੱਟ ਉਮਰ ਦੇ ਲੋਕਾਂ ਦੀ ਮਾਨਸਕ ਤੇ ਸਰੀਰਕ ਸਿਹਤ 'ਤੇ ਅਸਿੱਧੇ ਤੌਰ 'ਤੇ ਮਾੜਾ ਅਸਰ ਪੈ ਰਿਹਾ ਹੈ। ਕੋਵਿਡ-19 ਨਾਲ ਇਸ ਸਮੇਂ ਕਰੀਬ ਪੂਰੀ ਦੁਨੀਆਂ ਜੂਝ ਰਹੀ ਹੈ। ਇਸ ਦਾ ਬੱਚਿਆਂ ਦੇ ਤਨ ਅਤੇ ਮਨ 'ਤੇ ਉਲਟਾ ਅਸਰ ਵੇਖਿਆ ਜਾ ਰਿਹਾ ਹੈ।

ਬਰਤਾਨੀਆ ਦੀ ਐਕਸੇਟਰ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਅਪਣੇ ਅਧਿਐਨ ਵਿਚ ਕੋਰੋਨਾ ਦੇ ਪੈਣ ਵਾਲੇ ਸੰਭਾਵਤ ਮਾੜੇ ਅਸਰ ਦੀ ਵਿਆਖਿਆ ਕੀਤੀ ਹੈ। ਇਸ ਅਧਿਐਨ ਨਾਲ ਜੁੜੇ ਭਾਰਤਵੰਸ਼ੀ ਡਾ. ਨੀਲ ਚੰਚਲਾਨੀ ਨੇ ਕਿਹਾ, ''ਸਾਨੂੰ ਪਹਿਲਾਂ ਅਨੁਮਾਨ ਹੋਣਾ ਚਾਹੀਦਾ ਹੈ ਕਿ ਸਿਹਤ ਦੇਖਭਾਲ ਦੀ ਪਹੁੰਚ ਘੱਟ ਹੋਣ ਤੇ ਮਹਾਂਮਾਰੀ ਦੀ ਰੋਕਥਾਮ ਦੇ ਉਪਾਵਾਂ ਕਾਰਨ ਉਨ੍ਹਾਂ ਨੂੰ ਸਰੀਰਕ ਤੇ ਮਾਨਸਕ ਸਿਹਤ ਦੇ ਨਾਲ ਹੀ ਸਮਾਜਕ ਮੋਰਚੇ 'ਤੇ ਵੀ ਅਸਿੱਧੇ ਤੌਰ 'ਤੇ ਮਾੜਾ ਅਸਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ।''

ਅਧਿਐਨ ਵਿਚ ਕਿਹਾ ਗਿਆ ਹੈ ਕਿ ਸਮਾਜਕ ਸਬੰਧ ਤੇ ਨਿਯਮਤ ਰੁਝੇਵੇਂ ਦੀ ਘਾਟ ਵਿਚ ਬੱਚਿਆਂ ਦਾ ਮੋਬਾਈਲ ਫ਼ੋਨ ਤੇ ਟੀ.ਵੀ. ਵਲ ਝੁਕਾਅ ਵੱਧ ਸਕਦਾ ਹੈ। ਨਾਲ ਹੀ ਸਰੀਰਕ ਸਰਗਰਮੀ ਵਿਚ ਕਮੀ ਵੀ ਆ ਸਕਦੀ ਹੈ। ਇਸ ਕਾਰਨ ਇਕਾਗਰਤਾ ਵਿਚ ਗਿਰਾਵਟ ਨਾਲ ਹੀ ਡਿਪ੍ਰੈਸ਼ਨ ਤੇ ਐਂਗਜ਼ਾਇਟੀ ਦਾ ਖ਼ਤਰਾ ਵੱਧ ਸਕਦਾ ਹੈ। ਇਸ ਹਾਲਤ ਵਿਚ ਬੱਚਿਆਂ ਦਾ ਖ਼ਾਸ ਧਿਆਨ ਰੱਖਣ ਦੀ ਲੋੜ ਹੈ।

ਇਸ ਮਹੀਨੇ ਦੇ ਸ਼ੁਰੂ ਵਿਚ ਆਏ ਇਕ ਹੋਰ ਅਧਿਐਨ ਵਿਚ ਕਿਹਾ ਗਿਆ ਸੀ ਕਿ ਕੋਰੋਨਾ ਦੀ ਰੋਕਥਾਮ ਲਈ ਲਗਭਗ ਪੂਰੀ ਦੁਨੀਆਂ ਵਿਚ ਲਾਕਡਾਊਨ ਤੇ ਸੋਸ਼ਲ ਡਿਸਟੈਂਸਿੰਗ ਵਰਗੇ ਉਪਾਅ ਅਪਣਾਏ ਜਾ ਰਹੇ ਹਨ। ਇਨ੍ਹਾਂ ਦਾ ਬੱਚਿਆਂ ਦੀ ਮਾਨਸਕ ਸਿਹਤ 'ਤੇ ਡੂੰਘਾ ਅਸਰ ਪੈ ਸਕਦਾ ਹੈ। ਇਨ੍ਹਾਂ ਨੂੰ ਡਿਪ੍ਰੈਸ਼ਨ ਤੇ ਐਂਗਜ਼ਾਇਟੀ ਵਰਗੀਆਂ ਮਾਨਸਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।