ਇੰਟਰਨੈੱਟ ਦੀ ਕੈਦ ਵਿਚ 9 ਤੋਂ 17 ਸਾਲ ਦੇ ਬੱਚੇ: ਸੋਸ਼ਲ ਮੀਡੀਆ ਦੀ ਲਤ ਕਾਰਨ 40% ਤੋਂ ਵੱਧ ਮਾਪੇ ਪਰੇਸ਼ਾਨ

ਏਜੰਸੀ

ਜੀਵਨ ਜਾਚ, ਤਕਨੀਕ

ਇਹਨਾਂ ਬੱਚਿਆਂ ਦੀ ਉਮਰ 9 ਤੋਂ 17 ਸਾਲ ਵਿਚਕਾਰ ਹੈ। ਇਹ ਸਰਵੇਖਣ ਕਮਿਊਨਿਟੀ ਸੋਸ਼ਲ ਮੀਡੀਆ ਪਲੇਟਫਾਰਮ ਲੋਕਲ ਸਰਕਲਸ ਦੁਆਰਾ ਕੀਤਾ ਗਿਆ ਹੈ।

Children

 

ਨਵੀਂ ਦਿੱਲੀ: ਬੱਚਿਆਂ ਵਿਚ ਇੰਟਰਨੈੱਟ ਦੀ ਵਰਤੋਂ ਦਾ ਰੁਝਾਨ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਇਕ ਤਾਜ਼ਾ ਸਰਵੇਖਣ ਵਿਚ ਦੇਸ਼ ਦੇ 40% ਤੋਂ ਵੱਧ ਮਾਪਿਆਂ ਦਾ ਮੰਨਣਾ ਹੈ ਕਿ ਉਹਨਾਂ ਦੇ ਬੱਚੇ ਸੋਸ਼ਲ ਮੀਡੀਆ, ਵੀਡੀਓ ਦੇਖਣ ਅਤੇ ਆਨਲਾਈਨ ਗੇਮਾਂ ਖੇਡਣ ਦੇ ਆਦੀ ਹਨ। ਇਹਨਾਂ ਬੱਚਿਆਂ ਦੀ ਉਮਰ 9 ਤੋਂ 17 ਸਾਲ ਵਿਚਕਾਰ ਹੈ। ਇਹ ਸਰਵੇਖਣ ਕਮਿਊਨਿਟੀ ਸੋਸ਼ਲ ਮੀਡੀਆ ਪਲੇਟਫਾਰਮ ਲੋਕਲ ਸਰਕਲਸ ਦੁਆਰਾ ਕੀਤਾ ਗਿਆ ਹੈ।

ਸਰਵੇਖਣ ਵਿਚ ਸ਼ਾਮਲ 49% ਮਾਪਿਆਂ ਦਾ ਮੰਨਣਾ ਹੈ ਕਿ ਉਹਨਾਂ ਦੇ 9 ਤੋਂ 13 ਸਾਲ ਦੇ ਬੱਚੇ ਇੰਟਰਨੈੱਟ 'ਤੇ ਦਿਨ ਵਿਚ 3 ਘੰਟੇ ਤੋਂ ਵੱਧ ਸਮਾਂ ਬਿਤਾਉਂਦੇ ਹਨ। ਇਸ ਦੇ ਨਾਲ ਹੀ 47 ਫੀਸਦੀ ਮਾਪਿਆਂ ਨੇ ਦੱਸਿਆ ਕਿ ਉਹਨਾਂ ਦੇ ਬੱਚੇ ਸੋਸ਼ਲ ਮੀਡੀਆ, ਵੀਡੀਓਜ਼ ਅਤੇ ਆਨਲਾਈਨ ਗੇਮਿੰਗ ਦੇ ਬੁਰੀ ਤਰ੍ਹਾਂ ਆਦੀ ਹਨ। ਦੂਜੇ ਪਾਸੇ 62% ਮਾਪਿਆਂ ਦਾ ਮੰਨਣਾ ਹੈ ਕਿ 13 ਤੋਂ 17 ਸਾਲ ਦੀ ਉਮਰ ਦੇ ਬੱਚੇ ਹਰ ਰੋਜ਼ 3 ਘੰਟਿਆਂ ਤੋਂ ਵੱਧ ਸਮੇਂ ਲਈ ਸਮਾਰਟਫ਼ੋਨ ਦੀ ਵਰਤੋਂ ਕਰਦੇ ਹਨ। 44% ਦਾ ਕਹਿਣਾ ਹੈ ਕਿ ਉਹਨਾਂ ਦੇ ਬੱਚੇ ਇੰਟਰਨੈੱਟ 'ਤੇ ਮਨੋਰੰਜਨ ਦੇ ਆਦੀ ਹਨ।

ਸਰਵੇਖਣ ਵਿਚ ਲਗਭਗ 55% ਮਾਪਿਆਂ ਨੇ ਦੱਸਿਆ ਕਿ ਉਹਨਾਂ ਦੇ 9 ਤੋਂ 13 ਸਾਲ ਦੇ ਬੱਚਿਆਂ ਕੋਲ ਦਿਨ ਭਰ ਸਮਾਰਟਫ਼ੋਨ ਹੁੰਦਾ ਹੈ। ਯਾਨੀ ਉਹਨਾਂ 'ਤੇ ਕੋਈ ਪਾਬੰਦੀ ਨਹੀਂ ਹੈ ਅਤੇ ਉਹ ਕਿਸੇ ਵੀ ਸਮੇਂ ਇਸ ਦੀ ਵਰਤੋਂ ਕਰ ਸਕਦੇ ਹਨ। ਇਸ ਦੇ ਨਾਲ ਹੀ 71% ਲੋਕਾਂ ਨੇ ਕਿਹਾ ਕਿ ਉਹਨਾਂ ਦੇ 13 ਤੋਂ 17 ਸਾਲ ਦੇ ਬੱਚੇ ਸਾਰਾ ਦਿਨ ਫ਼ੋਨ ਦੀ ਵਰਤੋਂ ਕਰਦੇ ਰਹਿੰਦੇ ਹਨ। ਸਾਰੇ ਮਾਪੇ ਇਸ ਗੱਲ ਨਾਲ ਸਹਿਮਤ ਹਨ ਕਿ ਕੋਰੋਨਾ ਯੁੱਗ ਵਿਚ ਆਨਲਾਈਨ ਕਲਾਸਾਂ ਨੇ ਬੱਚਿਆਂ ਵਿਚ ਸਮਾਰਟ ਗੈਜੇਟਸ ਦੀ ਲਤ ਨੂੰ ਵਧਾ ਦਿੱਤਾ ਹੈ।

ਸੋਸ਼ਲ ਮੀਡੀਆ ਦੀ ਜ਼ਿਆਦਾ ਵਰਤੋਂ ਕਾਰਨ ਅੱਜ-ਕੱਲ੍ਹ ਬੱਚੇ ਮਾਨਸਿਕ ਰੋਗਾਂ ਦਾ ਸ਼ਿਕਾਰ ਹੋ ਰਹੇ ਹਨ। ਉਹਨਾਂ ਵਿਚ ਤਣਾਅ, ਚਿੰਤਾ ਅਤੇ ਉਦਾਸੀ ਵਧਦੀ ਜਾ ਰਹੀ ਹੈ। ਨਾਲ ਹੀ ਆਤਮਵਿਸ਼ਵਾਸ, ਧਿਆਨ ਲਗਾਉਣ ਅਤੇ ਚੰਗੀ ਨੀਂਦ ਦੀ ਕਮੀ ਹੁੰਦੀ ਹੈ। ਕਿਸ਼ੋਰਾਂ ਦੇ ਵਿਵਹਾਰ ਵਿਚ ਵੀ ਤੇਜ਼ੀ ਨਾਲ ਬਦਲਾਅ ਆਉਂਦੇ ਹਨ। ਉਹ ਜ਼ਿਆਦਾ ਚਿੜਚਿੜੇ ਅਤੇ ਗੁੱਸੇ ਵਾਲੇ ਹੁੰਦੇ ਜਾ ਰਹੇ ਹਨ। ਅਮੈਰੀਕਨ ਅਕੈਡਮੀ ਆਫ ਪੀਡੀਆਟ੍ਰਿਕਸ ਅਨੁਸਾਰ ਬਿਹਤਰ ਨੀਂਦ ਲਈ ਇਲੈਕਟ੍ਰਾਨਿਕ ਉਪਕਰਨਾਂ ਦੀ ਵਰਤੋਂ ਰੋਜ਼ਾਨਾ 2 ਘੰਟੇ ਤੋਂ ਘੱਟ ਹੋਣੀ ਚਾਹੀਦੀ ਹੈ।

ਸਰਵੇਖਣ ਵਿਚ 68% ਮਾਪਿਆਂ ਦਾ ਮੰਨਣਾ ਹੈ ਕਿ ਸੋਸ਼ਲ ਮੀਡੀਆ ਅਕਾਊਂਟ ਬਣਾਉਣ ਲਈ ਘੱਟੋ-ਘੱਟ ਉਮਰ 13 ਸਾਲ ਤੋਂ ਵਧਾ ਕੇ 15 ਸਾਲ ਕੀਤੀ ਜਾਣੀ ਚਾਹੀਦੀ ਹੈ। ਇਸ ਦੇ ਨਾਲ ਹੀ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ। 15 ਸਾਲ ਤੋਂ ਘੱਟ ਉਮਰ ਦੇ ਬੱਚੇ ਆਪਣਾ ਖਾਤਾ ਨਾ ਬਣਾ ਸਕਣ।

ਇਹ ਸਰਵੇਖਣ ਭਾਰਤ ਦੇ 287 ਜ਼ਿਲ੍ਹਿਆਂ ਦੇ 65 ਹਜ਼ਾਰ ਮਾਪਿਆਂ 'ਤੇ ਕੀਤਾ ਗਿਆ ਸੀ। ਇਹਨਾਂ ਵਿਚੋਂ 67% ਮਰਦ ਅਤੇ 33% ਔਰਤਾਂ ਸਨ। 51% ਲੋਕ ਮੈਟਰੋ ਸਿਟੀ ਜਾਂ ਟੀਅਰ-1 ਸ਼ਹਿਰ ਦੇ ਸਨ। ਜਦਕਿ 37% ਟੀਅਰ-2 ਅਤੇ 12% ਟੀਅਰ-3 ਅਤੇ ਟੀਅਰ-4 ਜ਼ਿਲ੍ਹਿਆਂ ਤੋਂ ਸਨ। ਅਧਿਐਨ ਨੂੰ 9 ਤੋਂ 13 ਸਾਲ ਦੀ ਉਮਰ ਦੇ ਅਤੇ 13 ਤੋਂ 17 ਸਾਲ ਦੇ ਬੱਚਿਆਂ ਵਿਚ ਵੰਡਿਆ ਗਿਆ ਸੀ।