Online Shopping ਦੌਰਾਨ ਤੁਸੀਂ ਹੋ ਸਕਦੇ ਹੋ ਧੋਖਾਧੜੀ ਦਾ ਸ਼ਿਕਾਰ! ਇੰਝ ਕਰੋ ਅਸਲੀ ਪ੍ਰੋਡਕਟ ਦੀ ਪਛਾਣ

ਏਜੰਸੀ

ਜੀਵਨ ਜਾਚ, ਤਕਨੀਕ

ਅਸੀਂ ਤੁਹਾਨੂੰ ਕੁੱਝ ਅਜਿਹੇ ਤਰੀਕੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਖੁਦ ਨੂੰ ਧੋਖਾਧੜੀ ਦਾ ਸ਼ਿਕਾਰ ਹੋਣ ਤੋਂ ਬਚਾ ਸਕਦੇ ਹੋ।

Image: For representation purpose only.

 

ਨਵੀਂ ਦਿੱਲੀ: ਅੱਜ ਕੱਲ੍ਹ ਆਨਲਾਈਨ ਖਰੀਦਦਾਰੀ ਦਾ ਰੁਝਾਨ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ। ਲੋਕ ਆਨਲਾਈਨ ਚੀਜ਼ਾਂ ਖਰੀਦਣ ਨੂੰ ਤਰਜੀਹ ਦਿੰਦੇ ਹਨ। 4 ਅਗੱਸਤ ਤੋਂ, ਦੋ ਵੱਡੀਆਂ ਈ-ਕਾਮਰਸ ਵੈਬਸਾਈਟਾਂ, ਐਮਾਜ਼ਾਨ ਅਤੇ ਫਲਿੱਪਕਾਰਟ ਨੇ ਆਨਲਾਈਨ ਖਰੀਦਦਾਰੀ ਦੇ ਸ਼ੌਕੀਨਾਂ ਲਈ ਅਪਣੀ ਸੇਲ ਸ਼ੁਰੂ ਕਰ ਦਿਤੀ ਹੈ। ਇਹ ਸੇਲ ਫਲਿੱਪਕਾਰਟ ਬਿਗ ਸੇਵਿੰਗ ਡੇਜ਼ ਅਤੇ ਅਮੇਜ਼ਨ 'ਤੇ ਗ੍ਰੇਟ ਫ੍ਰੀਡਮ ਫੈਸਟੀਵਲ ਦੇ ਨਾਂਅ 'ਤੇ ਲਾਈਵ ਹੈ।

ਅਜਿਹੇ 'ਚ ਤੁਹਾਨੂੰ ਇਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਸੇਲ ਦੌਰਾਨ ਕੰਪਨੀਆਂ ਅਪਣੇ ਗਾਹਕਾਂ ਨੂੰ ਲੁਭਾਉਣ ਲਈ ਵਧੀਆ ਡਿਸਕਾਊਂਟ ਦਿੰਦੀਆਂ ਹਨ ਪਰ ਕੁੱਝ ਲੋਕ ਇਸ ਆਫਰ ਅਤੇ ਵੱਡੀ ਛੂਟ ਕਾਰਨ ਧੋਖਾਧੜੀ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਕੁੱਝ ਅਜਿਹੇ ਤਰੀਕੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਖੁਦ ਨੂੰ ਧੋਖਾਧੜੀ ਦਾ ਸ਼ਿਕਾਰ ਹੋਣ ਤੋਂ ਬਚਾ ਸਕਦੇ ਹੋ।

ਜਲਦਬਾਜ਼ੀ ਕਰਨ ਤੋਂ ਬਚੋ

ਈ-ਕਾਮਰਸ ਕੰਪਨੀਆਂ 'ਤੇ ਸੇਲ ਲਾਈਵ ਹੋਣ ਤੋਂ ਬਾਅਦ ਲੋਕ ਅਕਸਰ ਜਲਦਬਾਜ਼ੀ 'ਚ ਖਰੀਦਦਾਰੀ ਸ਼ੁਰੂ ਕਰ ਦਿੰਦੇ ਹਨ। ਇਸ ਜਲਦਬਾਜ਼ੀ ਵਿਚ ਉਹ ਇਹ ਪੁਸ਼ਟੀ ਕਰਨਾ ਵੀ ਭੁੱਲ ਜਾਂਦੇ ਹਨ ਕਿ ਉਹ ਜੋ ਉਤਪਾਦ ਖਰੀਦ ਰਹੇ ਹਨ ਉਹ ਅਸਲੀ ਹੈ ਜਾਂ ਨਕਲੀ। ਅਜਿਹੇ 'ਚ ਕਈ ਵਾਰ ਉਹ ਨਕਲੀ ਉਤਪਾਦ ਖਰੀਦ ਕੇ ਧੋਖਾਧੜੀ ਦਾ ਸ਼ਿਕਾਰ ਹੋ ਜਾਂਦੇ ਹਨ।

ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ

ਆਨਲਾਈਨ ਖਰੀਦਦਾਰੀ ਕਰਦੇ ਸਮੇਂ ਧੋਖਾਧੜੀ ਤੋਂ ਬਚਣ ਲਈ ਤੁਹਾਨੂੰ ਕੁੱਝ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਸੱਭ ਤੋਂ ਪਹਿਲਾਂ, ਤੁਸੀਂ ਜੋ ਉਤਪਾਦ ਖਰੀਦ ਰਹੇ ਹੋ ਉਸ ਦੀ ਰੇਟਿੰਗ ਦੀ ਜਾਂਚ ਕਰੋ ਅਤੇ ਇਹ ਵੀ ਪੜ੍ਹੋ ਕਿ ਲੋਕ ਇਸ ਬਾਰੇ ਕੀ ਅਨੁਭਵ ਸਾਂਝੇ ਕਰ ਰਹੇ ਹਨ। ਤੁਸੀਂ ਦੇਖੋ ਕਿ ਕਿਹੜੀ ਕੰਪਨੀ ਉਹ ਉਤਪਾਦ ਵੇਚ ਰਹੀ ਹੈ, ਉਸ ਕੰਪਨੀ ਬਾਰੇ ਇਕ ਵਾਰ ਜਾਣਕਾਰੀ ਜ਼ਰੂਰ ਦੇਖੋ।

ਕੈਸ਼ ਆਨ ਡਿਲੀਵਰੀ ਦਾ ਵਿਕਲਪ ਚੁਣੋ

ਅਜਿਹੀ ਸੇਲ ਸਮੇਂ, ਤੁਹਾਨੂੰ ਹਮੇਸ਼ਾਂ ਕੈਸ਼ ਆਨ ਡਿਲੀਵਰੀ ਵਿਚ ਆਰਡਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਜੋ ਕਿਸੇ ਵੀ ਗੜਬੜੀ ਦੀ ਸਥਿਤੀ ਵਿਚ, ਤੁਹਾਡੇ ਪੈਸੇ ਸੁਰੱਖਿਅਤ ਰਹਿਣ ਅਤੇ ਤੁਸੀਂ ਧੋਖਾਧੜੀ ਤੋਂ ਬਚੇ ਰਹੋ। ਇਸ ਦੇ ਨਾਲ ਹੀ ਪ੍ਰਾਈਸ ਟ੍ਰੈਕਰ ਦੀ ਮਦਦ ਨਾਲ ਜਾਂਚ ਕਰੋ ਕਿ ਕੰਪਨੀ ਕੀਮਤ ਦੇ ਨਾਂਅ 'ਤੇ ਗਾਹਕਾਂ ਨਾਲ ਧੋਖਾ ਤਾਂ ਨਹੀਂ ਕਰ ਰਹੀ?
ਪ੍ਰਾਈਸ ਟਰੈਕਰ ਨਾਲ ਧੋਖਾਧੜੀ ਤੋਂ ਬਚੋ

ਪ੍ਰਾਈਸ ਟ੍ਰੈਕਰ ਦੀ ਵਰਤੋਂ ਕਰਨ ਲਈ, ਪਹਿਲਾਂ ਗੂਗਲ ਦੇ ਸਰਚ ਬਾਰ 'ਤੇ ਜਾਉ ਅਤੇ 'buyhatke extension’ ਟਾਈਪ ਕਰੋ। ਇਸ ਤੋਂ ਬਾਅਦ ਗੂਗਲ ਐਕਸਟੈਂਸ਼ਨ ਦਾ ਲਿੰਕ ਹੋਵੇਗਾ, ਜਿਸ 'ਤੇ ਡਬਲ ਕਲਿੱਕ ਕਰਨ ਤੋਂ ਬਾਅਦ ਨਵਾਂ ਪੇਜ ਖੁੱਲ੍ਹਦਾ ਹੈ। Buyhatke – Price tracker & Price history  ਨਾਂਅ ਦਾ ਐਕਸਟੈਂਸ਼ਨ ਦਿਖਾਈ ਦਿੰਦਾ ਹੈ। ਇਸ ਨੂੰ Add to Chrome  ਕਰ ਕੇ ਅਪਣੇ ਬ੍ਰਾਊਜ਼ਰ ਵਿਚ ਪਿੰਨ ਕਰੋ। ਫਿਰ ਜਦੋਂ ਤੁਸੀਂ ਫਲਿੱਪਕਾਰਟ ਜਾਂ ਐਮਾਜ਼ਾਨ 'ਤੇ ਕਿਸੇ ਉਤਪਾਦ ਬਾਰੇ ਖੋਜ ਕਰਦੇ ਹੋ, ਤਾਂ ਇਹ ਤੁਹਾਨੂੰ ਉਸ ਉਤਪਾਦ ਦੀ ਕੀਮਤ ਦੀ ਪੂਰੀ ਹਿਸਟਰੀ ਦਿਖਾਉਂਦਾ ਹੈ, ਜਿਸ ਦੀ ਮਦਦ ਨਾਲ ਤੁਸੀਂ ਖੁਦ ਨੂੰ ਧੋਖਾਧੜੀ ਤੋਂ ਬਚਾ ਸਕਦੇ ਹੋ।