ਇਮੀਗ੍ਰੇਸ਼ਨ ਕੰਪਨੀ 'ਤੇ 14.31 ਲੱਖ ਦੀ ਧੋਖਾਧੜੀ ਦੇ 3 ਮਾਮਲੇ ਦਰਜ

ਏਜੰਸੀ

ਖ਼ਬਰਾਂ, ਪੰਜਾਬ

ਇਕ ਆਰੋਪੀ ਗੁਰਪ੍ਰੀਤ ਸਿੰਘ ਗ੍ਰਿਫ਼ਤਾਰ, ਹੋਰ ਆਰੋਪੀ ਫਰਾਰ

photo

 

ਮੁਹਾਲੀ - ਫੇਜ਼-11 ਦੀ ਪੁਲਿਸ ਨੇ ਫੇਜ਼-10 ਇੰਗਲਿਸ਼ ਗੁਰੂ ਨਾਮ ਦੀ ਇਮੀਗ੍ਰੇਸ਼ਨ ਕੰਪਨੀ ਵਿਰੁਧ ਧੋਖਾਧੜੀ ਦੇ 3 ਕੇਸ ਦਰਜ ਕੀਤੇ ਹਨ। ਇਨ੍ਹਾਂ ਮਾਮਲਿਆਂ 'ਚ ਕੰਪਨੀ 'ਤੇ 14.31 ਲੱਖ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਹੈ।

ਪੁਲਿਸ ਨੇ ਕੰਪਨੀ ਪ੍ਰਬੰਧਕਾਂ ਗੁਰਵਿੰਦਰ ਸਿੰਘ, ਹਰਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਸ਼ਿਕਾਇਤਕਰਤਾ ਕੁਲਵੰਤ ਸਿੰਘ ਵਾਸੀ ਫ਼ਿਰੋਜ਼ਪੁਰ ਨੇ ਪੁਲਿਸ ਨੂੰ ਦਸਿਆ ਕਿ ਉਸ ਨੇ ਅਪਣੇ ਲੜਕੇ ਤਰਨਦੀਪ ਸਿੰਘ ਨੂੰ ਵਿਦੇਸ਼ ਭੇਜਣ ਲਈ ਮੁਲਜ਼ਮਾਂ ਨੂੰ 4.61 ਲੱਖ ਰੁਪਏ ਦਿਤੇ ਸਨ। ਦੂਜੇ ਮਾਮਲੇ ਵਿਚ ਲੁਧਿਆਣਾ ਦੇ ਰਹਿਣ ਵਾਲੇ ਦਮਨਪ੍ਰੀਤ ਔਜਲਾ ਨੇ 7.05 ਲੱਖ ਰੁਪਏ ਦਿਤੇ ਸਨ। ਦੂਜੇ ਪਾਸੇ ਪੰਚਕੂਲਾ ਵਾਸੀ ਨਰਿੰਦਰ ਕੁਮਾਰ ਨੇ 2.65 ਲੱਖ ਰੁਪਏ ਦਿਤੇ ਸਨ ਪਰ ਪੈਸੇ ਲੈਣ ਤੋਂ ਬਾਅਦ ਮੁਲਜ਼ਮਾਂ ਨੇ ਨਾ ਤਾਂ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ।

ਇਸ ਕੰਪਨੀ ਖਿਲਾਫ 15 ਦਿਨਾਂ 'ਚ 50 ਲੱਖ ਤੋਂ ਵੱਧ ਦੀ ਠੱਗੀ ਮਾਰਨ ਦੇ 7 ਮਾਮਲੇ ਦਰਜ ਕੀਤੇ ਗਏ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਪਿਛਲੇ 15 ਦਿਨਾਂ 'ਚ ਫੇਜ਼-11 ਥਾਣੇ 'ਚ ਹੀ ਇਸ ਕੰਪਨੀ ਵਿਰੁਧ ਧੋਖਾਧੜੀ ਦੇ ਕਰੀਬ 7 ਮਾਮਲੇ ਦਰਜ ਕੀਤੇ ਗਏ ਹਨ। ਜੇਕਰ ਸਾਰੇ ਮਾਮਲਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ 50 ਲੱਖ ਰੁਪਏ ਤੋਂ ਵੱਧ ਦੀ ਧੋਖਾਧੜੀ ਹੋ ਚੁੱਕੀ ਹੈ। ਇੰਨਾ ਹੀ ਨਹੀਂ ਇਨ੍ਹਾਂ 'ਚੋਂ ਇਕ ਦੋਸ਼ੀ ਗੁਰਪ੍ਰੀਤ ਸਿੰਘ ਨੂੰ ਪੁਲਸ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ ਅਤੇ ਉਹ ਇਸ ਸਮੇਂ ਜੇਲ 'ਚ ਬੰਦ ਹੈ।

ਜਦਕਿ ਬਾਕੀ ਦੋਸ਼ੀ ਫਰਾਰ ਹਨ। ਕੰਪਨੀ ਫੇਜ਼-10 ਤੋਂ ਅਪਣਾ ਦਫਤਰ ਬੰਦ ਕਰ ਕੇ ਫਰਾਰ ਹੋ ਗਈ ਹੈ। ਹੁਣ ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਹੜੇ ਕੇਸ ਹੁਣ ਦਰਜ ਹੋਏ ਹਨ, ਉਨ੍ਹਾਂ ਵਿਚ ਸ਼ਿਕਾਇਤਕਰਤਾਵਾਂ ਵਲੋਂ ਕਰੀਬ 8 ਮਹੀਨੇ ਤੋਂ 1 ਸਾਲ ਪਹਿਲਾਂ ਦੀਆਂ ਸ਼ਿਕਾਇਤਾਂ ਦਿਤੀਆਂ ਗਈਆਂ ਹਨ। ਪਰ ਉਸ ਸਮੇਂ ਪੁਲਿਸ ਨੇ ਉਸ 'ਤੇ ਕੋਈ ਕਾਰਵਾਈ ਨਹੀਂ ਕੀਤੀ। ਹੁਣ ਜਦੋਂ ਕੰਪਨੀ ਅਪਣਾ ਦਫਤਰ ਬੰਦ ਕਰ ਕੇ ਫਰਾਰ ਹੋ ਗਈ ਹੈ ਤਾਂ ਉਨ੍ਹਾਂ ਵਿਰੁਧ ਕੇਸ ਦਰਜ ਕੀਤੇ ਜਾ ਰਹੇ ਹਨ।