ਕੋਈ ਵੀ ਐਨਾ ਅਮੀਰ ਹੋਣ ਦਾ ਹੱਕਦਾਰ ਨਹੀਂ- ਮਾਰਕ ਜ਼ੁਕਰਬਰਗ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਫੇਸਬੁੱਕ ਦੇ ਮੁਖੀ ਮਾਰਕ ਜ਼ੁਕਰਬਰਗ ਨੇ ਵੀਰਵਾਰ ਨੂੰ ਅਪਣੇ ਕਰਮਚਾਰੀਆਂ ਦੇ ਨਾਲ ਇਕ ਟਾਊਨਹਾਲ ਮੀਟਿੰਗ ਕੀਤੀ ਸੀ।

Mark Zuckerberg on billionaires, 'No one deserves to have that much money'

ਵਾਸ਼ਿੰਗਟਨ: ਫੇਸਬੁੱਕ ਦੇ ਮੁਖੀ ਮਾਰਕ ਜ਼ੁਕਰਬਰਗ ਨੇ ਵੀਰਵਾਰ ਨੂੰ ਅਪਣੇ ਕਰਮਚਾਰੀਆਂ ਦੇ ਨਾਲ ਇਕ ਟਾਊਨਹਾਲ ਮੀਟਿੰਗ ਕੀਤੀ ਸੀ। ਇਸ ਮੀਟਿੰਗ ਵਿਚ ਦੁਨੀਆ ਦੇ ਪੰਜਵੇਂ ਸਭ ਤੋਂ ਅਮੀਰ ਵਿਅਕਤੀ ਮਾਰਕ ਜ਼ੁਕਰਬਰਗ ਨੇ ਅਪਣੀ ਜਾਇਦਾਦ ਨੂੰ ਲੈ ਕੇ ਇਹ ਹੈਰਾਨ ਕਰ ਦੇਣ ਵਾਲੀ ਗੱਲ ਕਹੀ। 70 ਅਰਬ ਡਾਲਰ ਦੀ ਜਾਇਦਾਦ ਦੇ ਮਾਲਕ ਜ਼ੁਕਰਬਰਗ ਨੇ ਕਿਹਾ ਕਿ ਕਿਸੇ ਕੋਲ ਵੀ ਇੰਨੀ ਜਾਇਦਾਦ ਰੱਖਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ।

ਉਹਨਾਂ ਨੇ ਕਿਹਾ ਕਿ ‘ਮੇਰੇ ਕੋਲ ਕੋਈ ਸਕੇਲ ਨਹੀਂ ਹੈ ਕਿ ਕਿਸੇ ਕੋਲ ਕਿੰਨੀ ਜਾਇਦਾਦ ਹੋਣੀ ਚਾਹੀਦੀ ਹੈ ਪਰ ਇਕ ਮੰਜ਼ਿਲ ‘ਤੇ ਪਹੁੰਚਣ ਤੋਂ ਬਾਅਦ ਕਿਸੇ ਕੋਲ ਵੀ ਇੰਨਾ ਪੈਸਾ ਰੱਖਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ’। ਫੇਸਬੁੱਕ ਨੇ ਜ਼ੁਕਰਬਰਗ ਅਤੇ ਕੰਪਨੀ ਦੇ ਕਰਮਚਾਰੀਆਂ ਵਿਚਕਾਰ ਹੋਈ ਇਸ ਗੱਲਬਾਤ ਨੂੰ ਜਨਤਕ ਕਰਨ ਦਾ ਫੈਸਲਾ ਲਿਆ। ਕੰਪਨੀ ਨੇ ਆਮਤੌਰ ‘ਤੇ ਇਸ ਨਿੱਜੀ ਹਫ਼ਤਾਵਾਰੀ ਸਵਾਲ-ਜਵਾਬ ਸੈਸ਼ਨ ਨੂੰ ਜਨਤਕ ਕਰਨ ਦਾ ਫੈਸਲਾ ਉਸ ਸਮੇਂ ਕੀਤਾ, ਜਦੋਂ ‘ਦ ਵਰਜ਼’ ਨੇ ਪੁਰਾਣੀ ਗੱਲਬਾਤ ਨੂੰ ਲੀਕ ਕਰ ਦਿੱਤਾ।

ਇਸ ਲੀਕ ਕੀਤੀ ਗਈ ਗੱਲਬਾਤ ਵਿਚ ਜ਼ੁਕਰਬਰਗ ਨੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਐਲੀਜ਼ਾਬੇਥ ਵਾਰੇਨ ਦੇ ਬਿੱਗ ਟੈਕ ਕੰਪਨੀਆਂ ਨੂੰ ਤੋੜਨ ਦੇ ਬਿਆਨ ਦਾ ਵਿਰੋਧ ਕੀਤਾ ਸੀ। ਜ਼ੁਕਰਬਰਗ ਨੇ ਕਿਹਾ ਕਿ ‘ਮੈਂ ਅਤੇ ਮੇਰੀ ਪਤਨੀ ਪ੍ਰੇਸੀਲਿਆ ਚਾਨ ਨੇ ਇਹ ਤੈਅ ਕੀਤਾ ਹੈ ਕਿ ਅਸੀਂ ਅਪਣੀ ਕਮਾਈ ਦਾ ਜ਼ਿਆਦਾਤਰ ਹਿੱਸਾ ਦਾਨ ਕਰ ਦੇਵਾਂਗੇ, ਹਾਲਾਂਕਿ ਬਹੁਤ ਲੋਕਾਂ ਨੂੰ ਇਹ ਵੀ ਕਾਫ਼ੀ ਨਹੀਂ ਲੱਗਦਾ ਹੈ’।

ਇਸ ਤੋਂ ਇਲਾਵ ਫੇਸਬੁੱਕ ਦੇ ਸੀਈਓ ਮਾਰਕ ਜ਼ੁਕਰਬਰਗ ਦਾ ਇਕ ਆਡੀਓ ਕਲਿੱਪ ਲੀਕ ਹੋਇਆ ਹੈ। ਇਸ ਆਡੀਓ ਤੋਂ ਪਤਾ ਚੱਲਿਆ ਹੈ ਕਿ ਉਹ ਚੀਨੀ ਵੀਡੀਓ ਸ਼ੇਅਰਿੰਗ ਪਲੇਟਫਾਰਮ ਟਿਕਟਾਕ ਨੂੰ ਇੰਸਟਾਗ੍ਰਾਮ ਤੋਂ ਵੀ ਵਧੀਆ  ਮੰਨਦੇ ਹਨ। ਖ਼ਬਰਾਂ ਮੁਤਾਬਕ ਅੰਦਰੂਨੀ ਮੀਟਿੰਗ ਦੌਰਾਨ ਜ਼ੁਕਰਬਰਗ ਨੇ ਕਿਹਾ ਕਿ ਟਿਕਟਾਕ ਕਾਫ਼ੀ ਵਧੀਆ ਕਰ ਰਿਹਾ ਹੈ ਖ਼ਾਸ ਕਰ ਭਾਰਤ ਵਿਚ, ਜਿੱਥੇ ਅਜਿਹਾ ਲੱਗਦਾ ਹੈ ਕਿ ਇਹ ਇੰਸਟਾਗ੍ਰਾਮ ਤੋਂ ਵੀ ਅੱਗੇ ਨਿਕਲ ਗਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।