ਚੰਦਰਯਾਨ-2 ਦੀ ਲਾਂਚਿੰਗ 15 ਜੁਲਾਈ ਨੂੰ

ਏਜੰਸੀ

ਜੀਵਨ ਜਾਚ, ਤਕਨੀਕ

ਸ੍ਰੀਹਰਿਕੋਟਾ ਤੋਂ ਕੀਤੀ ਜਾਵੇਗੀ ਲਾਂਚਿੰਗ

Chandrayaan-2 to be launched on July 15 from Sriharikota: ISRO

ਨਵੀਂ ਦਿੱਲੀ : ਭਾਰਤੀ ਪੁਲਾੜ ਏਜੰਸੀ (ਇਸਰੋ) 15 ਜੁਲਾਈ ਨੂੰ ਤੜਕੇ 2:51 ਵਜੇ ਚੰਦਰਯਾਨ-2 ਲਾਂਚ ਕਰੇਗਾ। ਬੁਧਵਾਰ ਨੂੰ ਇਸਰੋ ਚੇਅਰਮੈਨ ਡਾ. ਕੇ. ਸਿਵਨ ਨੇ ਦੱਸਿਆ ਕਿ ਸਾਡੇ ਲਈ ਇਸ ਮਿਸ਼ਨ ਦਾ ਸੱਭ ਤੋਂ ਮੁਸ਼ਕਲ ਹਿੱਸਾ ਹੈ ਚੰਨ 'ਤੇ ਸਫ਼ਲ ਅਤੇ ਸੁਰੱਖਿਅਤ ਲੈਂਡਿੰਗ ਕਰਵਾਉਣਾ।

ਚੰਦਰਯਾਨ-2 ਚੰਨ ਦੀ ਪਰਤ 'ਤੇ 30 ਕਿਲੋਮੀਟਰ ਦੀ ਉੱਚਾਈ ਤੋਂ ਉੱਤਰੇਗਾ। ਉਸ ਨੂੰ ਚੰਨ ਦੀ ਪਰਤ 'ਤੇ ਆਉਣ ਵਿਚ ਲਗਭਗ 15 ਮਿੰਟ ਲੱਗਣਗੇ। ਇਹ 15 ਮਿੰਟ ਇਸਰੋ ਲਈ ਬਹੁਤ ਮੁਸ਼ਕਲ ਹੋਣਗੇ, ਕਿਉਂਕਿ ਇਸਰੋ ਪਹਿਲੀ ਵਾਰ ਅਜਿਹਾ ਮਿਸ਼ਨ ਕਰਨ ਜਾ ਰਿਹਾ ਹੈ।

ਲਾਂਚਿੰਗ ਤੋਂ ਬਾਅਦ ਅਗਲੇ 16 ਦਿਨਾਂ 'ਚ ਚੰਦਰਯਾਨ-2 ਧਰਤੀ ਦੇ ਚਾਰੇ ਪਾਸੇ 5 ਵਾਰ ਆਰਬਿਟ ਬਦਲੇਗਾ। ਇਸ ਤੋਂ ਬਾਅਦ 6 ਸਤੰਬਰ ਨੂੰ ਚੰਦਰਯਾਨ-2 ਦੀ ਚੰਨ ਦੇ ਦਖਣੀ ਧਰੁੱਵ ਨੇੜੇ ਲੈਂਡਿੰਗ ਹੋਵੇਗੀ। ਇਸ ਤੋਂ ਬਾਅਦ ਰੋਵਰ ਨੂੰ ਲੈਂਡਰ ਤੋਂ ਬਾਹਰ ਕੱਢਣ 'ਚ 4 ਘੰਟੇ ਲੱਗਣਗੇ। ਇਸ ਮਗਰੋਂ ਰੋਵਰ 1 ਸੈਂਟੀਮੀਟਰ ਪ੍ਰਤੀ ਸਕਿੰਡ ਦੀ ਰਫ਼ਤਾਰ ਨਾਲ ਲਗਭਗ 15 ਤੋਂ 20 ਦਿਨਾਂ ਤਕ ਚੰਨ ਦੀ ਪਰਤ ਤੋਂ ਡਾਟਾ ਜਮਾਂ ਕਰ ਕੇ ਲੈਂਡਰ ਰਾਹੀਂ ਆਰਬਿਟਰ ਤਕ ਪਹੁੰਚਾਉਂਦਾ ਰਹੇਗਾ। ਆਰਬਿਟਰ ਫਿਰ ਉਸ ਡਾਟਾ ਨੂੰ ਇਸਰੋ ਨੂੰ ਭੇਜੇਗਾ।

ਲੈਂਡਰ ਜਿੱਥੇ ਉਤਰੇਗਾ, ਉਸੇ ਥਾਂ ਇਹ ਪਤਾ ਲਗਾਇਆ ਜਾਵੇਗਾ ਕਿ ਚੰਨ 'ਤੇ ਭੂਚਾਲ ਆਉਂਦੇ ਹਨ ਜਾਂ ਨਹੀਂ। ਉੱਥੇ ਥਰਮਲ ਅਤੇ ਲੂਨਰ ਡੈਨਸਿਟੀ ਕਿੰਨੀ ਹੈ? ਰੋਵਰ ਚੰਨ ਦੀ ਪਰਤ ਦੀ ਰਾਸਾਇਣਕ ਜਾਂਚ ਵੀ ਕਰੇਗਾ।