FB ਤੋਂ Data ਮੰਗਣ ਵਿਚ ਨੰਬਰ 2 'ਤੇ ਭਾਰਤ, 2019 ਵਿਚ ਮੰਗਿਆ 40 ਹਜ਼ਾਰ ਲੋਕਾਂ ਦਾ Data

ਏਜੰਸੀ

ਜੀਵਨ ਜਾਚ, ਤਕਨੀਕ

ਫੇਸਬੁੱਕ ਕੋਲੋਂ ਯੂਜ਼ਰ ਡਾਟਾ ਦੀ ਮੰਗ ਵਿਚ 9.5 ਫੀਸਦੀ ਦਾ ਗਲੋਬਲ ਵਾਧਾ ਦਰਜ ਕੀਤਾ ਗਿਆ ਹੈ।

Photo

ਨਵੀਂ ਦਿੱਲੀ: ਫੇਸਬੁੱਕ ਕੋਲੋਂ ਯੂਜ਼ਰ ਡਾਟਾ ਦੀ ਮੰਗ ਵਿਚ 9.5 ਫੀਸਦੀ ਦਾ ਗਲੋਬਲ ਵਾਧਾ ਦਰਜ ਕੀਤਾ ਗਿਆ ਹੈ। ਇਹ ਡਾਟਾ ਜੁਲਈ ਤੋਂ ਦਸੰਬਰ 2019 ਤੱਕ ਦਾ ਹੈ। ਅਮਰੀਕਾ ਤੋਂ ਬਾਅਦ ਫੇਸਬੁੱਕ ਤੋਂ ਯੂਜ਼ਰ ਡਾਟਾ ਮੰਗਣ ਵਿਚ ਭਾਰਤ ਸਰਕਾਰ ਦੂਜੇ ਨੰਬਰ 'ਤੇ ਹੈ।

ਫੇਸਬੁੱਕ ਦੀ ਤਾਜ਼ਾ ਰਿਪੋਰਟ ਮੁਤਾਬਕ ਇਸ ਦੌਰਾਨ ਭਾਰਤ ਵੱਲੋਂ 39,664 ਅਕਾਊਂਟਸ ਲਈ 26,698 ਬੇਨਤੀਆਂ ਕੀਤੀਆਂ ਗਈਆਂ ਹਨ। ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ 57 ਫੀਸਦੀ ਮਾਮਲਿਆਂ ਵਿਚੋਂ ਕੁਝ ਡਾਟਾ ਫੇਸਬੁੱਕ ਨੇ ਦਿੱਤਾ ਹੈ।

ਅਮਰੀਕਾ ਦੀ ਗੱਲ ਕਰੀਏ ਤਾਂ ਫੇਸਬੁੱਕ ਤੋਂ ਡਾਟਾ ਮੰਗਣ ਦੇ ਮਾਮਲੇ ਵਿਚ ਇਹ ਦੇਸ਼ ਨੰਬਰ ਇਕ 'ਤੇ ਹੈ। ਫੇਸਬੁੱਕ ਟ੍ਰਾਂਸਪਰੇਂਸੀ ਰਿਪੋਰਟ ਮੁਤਾਬਕ ਅਮਰੀਕਾ ਵੱਲੋਂ 82,321 ਯੂਜ਼ਰ ਅਕਾਊਂਟਸ ਲਈ ਫੇਸਬੁੱਕ ਨੂੰ 51,121 ਬੇਨਤੀਆਂ ਮਿਲੀਆਂ ਹਨ। ਕੰਪਨੀ ਨੇ ਕੁੱਲ 88 ਫੀਸਦੀ ਡਾਟਾ ਦਿੱਤਾ ਹੈ।

2019 ਦੇ ਪਿਛਲੇ ਛੇ ਮਹੀਨਿਆਂ ਵਿਚ ਦੁਨੀਆ ਭਰ ਵਿਚ ਫੇਸਬੁੱਕ ਕੋਲੋਂ ਡਾਟਾ ਦੀ ਮੰਗ ਵਿਚ 9.5 ਫੀਸਦੀ ਦਾ ਗਲੋਬਲ ਵਾਧਾ ਦਰਜ ਕੀਤਾ ਗਿਆ ਹੈ। ਇਹ ਪਹਿਲਾਂ 1,28,617 ਸੀ ਜੋ ਕਿ ਵਧ ਕੇ 1,40,875 ਹੋ ਚੁੱਕਿਆ ਹੈ।

ਅਮਰੀਕਾ ਅਤੇ ਭਾਰਤ ਤੋਂ ਇਲਾਵਾ ਬ੍ਰਿਟੇਨ, ਜਰਮਨ, ਫਰਾਂਸ ਅਤੇ ਇਟਲੀ ਵੀ ਇਸ ਸੂਚੀ ਵਿਚ ਸ਼ਾਮਲ ਹਨ। ਫੇਸਬੁੱਕ ਨੇ ਇਹ ਵੀ ਕਿਹਾ ਹੈ ਕਿ ਕੰਪਨੀ ਸਰਕਾਰ ਨੂੰ ਗੈਰ ਸਰਕਾਰੀ ਡਾਟਾ ਜਾਰੀ ਨਹੀਂ ਕਰਦੀ।