Aarogya Setu App ਰਾਹੀਂ ਵੀ ਹੋ ਸਕਦੀਆਂ ਨੇ ਸਾਈਬਰ ਠੱਗੀਆਂ! ਸਾਈਬਰ ਸੁਰੱਖਿਆ ਏਜੰਸੀ ਦਾ ਖ਼ੁਲਾਸਾ

ਏਜੰਸੀ

ਜੀਵਨ ਜਾਚ, ਤਕਨੀਕ

ਏਜੰਸੀ ਦਾ ਕਹਿਣਾ ਹੈ ਕਿ ਕੋਰੋਨਾ ਮਹਾਮਾਰੀ ਦੌਰਾਨ ਇੰਟਰਨੈੱਟ ਯੂਜ਼ਰਸ ਵਧੇ ਹੋਏ ਹਨ ਅਤੇ ਉਨ੍ਹਾਂ ਦਾ ਫਾਇਦਾ ਚੁੱਕਦਿਆਂ ਸਾਈਬਰ ਠੱਗ ਉਨ੍ਹਾਂ ਨਾਲ ਧੋਖਾ ਕਰ ਰਹੇ ਹਨ।

File Photo

ਨਵੀਂ ਦਿੱਲੀ - ਵਿਸ਼ਵ ਮਹਾਂਮਾਰੀ ਬਣੇ ਕੋਰੋਨਾ ਵਾਇਰਸ ਤੋਂ ਸੁਰੱਖਿਆ ਤੇ ਜਾਣਕਾਰੀ ਲਈ ਸਹਾਇਕ ਮੰਨੀ ਜਾਂਦੀ ਆਰੋਗਿਆ ਸੇਤੂ ਐਪ ਵੀ ਸਾਈਬਰ ਠੱਗਾਂ ਦਾ ਨਵਾਂ ਹਥਿਆਰ ਬਣ ਰਹੀ ਹੈ। ਭਾਰਤ ਦੀਆਂ ਸਾਈਬਰ ਸੁਰੱਖਿਆ ਏਜੰਸੀ ਵੱਲੋਂ ਦਿੱਤੀ ਜਾਣਕਾਰੀ ਮੁਤਾਬਿਕ ਦੇਸ਼ 'ਚ ਆਰੋਗਿਆ ਸੇਤੂ ਮੋਬਾਈਲ ਐਪ ਦੇ ਨਾਂ 'ਤੇ ਆਨਲਾਈਨ ਧੋਖਾਧੜੀ ਦੇ ਮਾਮਲੇ ਵਧ ਸਕਦੇ ਹਨ।

ਏਜੰਸੀ ਦਾ ਕਹਿਣਾ ਹੈ ਕਿ ਕੋਰੋਨਾ ਮਹਾਮਾਰੀ ਦੌਰਾਨ ਇੰਟਰਨੈੱਟ ਯੂਜ਼ਰਸ ਵਧੇ ਹੋਏ ਹਨ ਅਤੇ ਉਨ੍ਹਾਂ ਦਾ ਫਾਇਦਾ ਚੁੱਕਦਿਆਂ ਸਾਈਬਰ ਠੱਗ ਉਨ੍ਹਾਂ ਨਾਲ ਧੋਖਾ ਕਰ ਰਹੇ ਹਨ। ਸਾਈਬਰ ਠੱਗ ਵਿਸ਼ਵ ਸਿਹਤ ਸੰਗਠਨ ਨਾਲ ਜੁੜੇ ਲਿੰਕ 'ਤੇ ਜ਼ੂਮ ਜਿਹੀਆਂ ਸਾਈਟਾਂ ਦੇ ਮਿਲਦੇ-ਜੁਲਦੇ ਲਿੰਕ ਬਣਾ ਕੇ ਵੀ ਲੋਕਾਂ ਦਾ ਨਿੱਜੀ ਡਾਟਾ ਚੋਰੀ ਕਰ ਰਹੇ ਹਨ।

ਠੱਗ ਕਿਸੇ ਵਿਭਾਗ ਦੇ ਸੀਈਓ ਜਾਂ ਹੋਰ ਕਿਸੇ ਜਾਣਕਾਰ ਵਿਅਕਤੀ ਦਾ ਨਾਂ ਲੈ ਕੇ ਯੂਜ਼ਰਸ ਨੂੰ ਇਹ ਕਹਿ ਕੇ ਨਿਸ਼ਾਨਾ ਬਣਾਉਂਦੇ ਹਨ ਕਿ ਤੁਹਾਡਾ ਗੁਆਂਢੀ ਕੋਰੋਨਾ ਵਾਇਰਸ ਤੋਂ ਪੀੜਤ ਹੈ, ਦੇਖੋ ਹੋਰ ਕੌਣ-ਕੌਣ ਪ੍ਰਭਾਵਿਤ ਹੈ, ਕੀ ਤੁਹਾਡੇ ਸੰਪਰਕ 'ਚ ਆਇਆ ਕੋਈ ਵਿਅਕਤੀ ਪ੍ਰਭਾਵਿਤ ਹੋਇਆ, ਆਰੋਗਿਆ ਸੇਤੂ ਐਪ ਦੀ ਵਰਤੋਂ ਕਰਨ ਦੇ ਦਿਸ਼ਾ-ਨਿਰਦੇਸ਼ਾਂ ਜਿਹੇ ਬਹਾਨਿਆਂ ਦੀ ਵਰਤੋਂ ਕਰਦੇ ਹਨ। ਕੋਰੋਨਾ ਵਾਇਰਸ ਮਹਾਮਾਰੀ ਦਾ ਫਾਇਦਾ ਚੁੱਕਦਿਆਂ ਸਾਈਬਰ ਠੱਗ ਲੋਕਾਂ ਦੇ ਫ਼ੋਨਾਂ ਰਾਹੀਂ ਉਨ੍ਹਾਂ ਦਾ ਸੰਵੇਦਨਸ਼ੀਲ ਤੇ ਨਿੱਜੀ ਡਾਟਾ ਚੋਰੀ ਕਰ ਰਹੇ ਹਨ।

ਕੁਝ ਦਿਨ ਪਹਿਲਾਂ ਏਲੀਅਟ ਐਲਡਰਸਨ ਨਾਂਅ ਦੀ ਇੱਕ ਆਈਡੀ ਤੋਂ ਟਵਿੱਟਰ ਰਾਹੀਂ ਫ਼ਰਾਂਸ ਮੂਲ ਦੇ ਹੈਕਰ ਨੇ ਵੀ ਇਸ ਐਪ ਦੀ ਸੁਰੱਖਿਆ ਦੇ ਮੁੱਦੇ ਦਾ ਖੁਲਾਸਾ ਕਰਦਿਆਂ ਕਿਹਾ ਸੀ ਕਿ ਇਹ ਐਪ 90 ਮਿਲੀਅਨ ਭਾਰਤੀ ਲੋਕਾਂ ਦੀ ਨਿੱਜੀ ਜਾਣਕਾਰੀ ਨੂੰ ਦਾਅ 'ਤੇ ਲਾ ਸਕਦੀ ਹੈ। ਇੱਕ ਨੈਤਿਕ ਹੈਕਰ ਵਜੋਂ ਐਲਡਰਸਨ ਨੇ ਇਸ ਦੀ ਜਾਣਕਾਰੀ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (CERT) ਅਤੇ ਨੈਸ਼ਨਲ ਇਨਫ਼ਾਰਮੈਟਿਕਸ ਸੈਂਟਰ (NIC) ਤੱਕ ਵੀ ਪਹੁੰਚਾਈ, ਅਤੇ ਇਹ ਦੋਵੇਂ ਅਦਾਰੇ ਭਾਰਤ ਦੀ ਇਲੈਕਟ੍ਰਾਨਿਕਸ ਤੇ ਇਨਫ਼ਾਰਮੇਸ਼ਨ ਤਕਨਾਲੋਜੀ ਅਧੀਨ ਆਉਂਦੇ ਹਨ।

ਇਸ ਤੋਂ ਪਹਿਲਾਂ ਐਲਡਰਸਨ ਭਾਰਤ ਸਰਕਾਰ ਦੀ mAadhar ਐਪ ਨਾਲ ਜੁੜੇ ਸੁਰੱਖਿਆ ਮੁੱਦਿਆਂ ਦਾ ਵੀ ਖੁਲਾਸਾ ਕਰ ਚੁੱਕਿਆ ਹੈ। ਟਵਿੱਟਰ ਰਾਹੀਂ ਐਲਡਰਸਨ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਆਰੋਗਿਆ ਸੇਤੂ ਨਾਲ ਜੁੜੇ ਸੁਰੱਖਿਆ ਮੁੱਦੇ ਦਾ ਪਤਾ ਲਗਾਇਆ ਹੈ ਅਤੇ ਸਰਕਾਰ ਉਣ ਨੂੰ ਨਿੱਜੀ ਤੌਰ 'ਤੇ ਸੰਪਰਕ ਕਰੇ ਤਾਂ ਉਹ ਸੰਬੰਧਿਤ ਮਾਹਿਰਾਂ ਨੂੰ ਇਸ ਬਾਰੇ ਜਾਣਕਾਰੀ ਦੇ ਸਕਦਾ ਹੈ। ਪਰ ਸਰਕਰ ਵੱਲੋਂ ਆਰੋਗਿਆ ਸੇਤੂ ਐਪ ਬਾਰੇ "ਸਭ ਠੀਕ ਹੈ" ਵਾਲੀ ਗੱਲ ਕਹੀ ਗਈ ਸੀ। ਹੁਣ ਭਾਰਤ ਦੀਆਂ ਆਪਣੀ ਸਾਈਬਰ ਸੁਰੱਖਿਆ ਏਜੰਸੀ ਵੱਲੋਂ ਆਰੋਗਿਆ ਸੇਤੂ ਬਾਰੇ ਦਿੱਤੀ ਇਸ ਜਾਣਕਾਰੀ ਨਾਲ ਲੋਕਾਂ ਦੇ ਮਨਾਂ 'ਚ ਨਿੱਜੀ ਜਾਣਕਾਰੀ ਤੇ ਸਾਈਬਰ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ।