ਫੇਸਬੁੱਕ ਨੇ ਪੇਸ਼ ਕੀਤੀ Bitcoin ਵਰਗੀ ਕ੍ਰਿਪਟੋਕਰੰਸੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਹ ਅਪਣੀ ਖ਼ੁਦ ਦੀ ਵਰਚੁਅਲ ਕਰੰਸੀ ਸ਼ੁਰੂ ਕਰਨ ਜਾ ਰਹੀ ਹੈ।

Facebook's Libra Cryptocurrency

ਸਨਫਰਾਂਸਿਸਕੋ: ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਹ ਅਪਣੀ ਖ਼ੁਦ ਦੀ ਵਰਚੁਅਲ ਕਰੰਸੀ ਸ਼ੁਰੂ ਕਰਨ ਜਾ ਰਹੀ ਹੈ। ਇਸ ਨੂੰ ‘ਲਿਬਰਾ’ ਦੇ ਨਾਂਅ ਨਾਲ ਜਾਣਿਆ ਜਾਵੇਗਾ। ਇਸ ਕਦਮ ਦਾ ਮੁੱਖ ਮਕਸਦ ਮੌਜੂਦਾ ਸਮਾਰਟ ਸਾਧਨਾਂ ਦੇ ਜ਼ਰੀਏ ਘੱਟ ਲਾਗਤ ਵਾਲਾ ਗਲੋਬਲ ਭੁਗਤਾਨ ਸਿਸਟਮ ਤਿਆਰ ਕਰਨਾ ਹੈ। ‘ਲਿਬਰਾ’ ਨੂੰ ਇਕ ਨਵੀਂ ਗਲੋਬਲ ਕਰੰਸੀ ਕਰਾਰ ਦਿੱਤਾ ਜਾ ਰਿਹਾ ਹੈ।

ਇਸ ਤੋਂ ਇਲਾਵਾ ਅਗਲੇ ਸਾਲ ਤੱਕ ਇਸ ਦੇ ਵਰਤੋਂ ਵਿਚ ਆਉਣ ਦੀ ਵੀ ਉਮੀਦ ਹੈ। ਇਸ ਨੂੰ ਗੈਰ-ਲਾਭਕਾਰੀ ਅਤੇ ਵਿੱਤੀ ਸੇਵਾਵਾਂ ਅਤੇ ਆਨਲਾਈਨ ਵਪਾਰ ਨਾਲ ਜੁੜੀਆਂ ਸੰਸਥਾਵਾਂ ਸਮੇਤ 25 ਤੋਂ ਜ਼ਿਆਦਾ ਸਾਂਝੇਦਾਰਾਂ ਦਾ ਸਮਰਥਨ ਹਾਸਲ ਹੈ। ਇਸ ਨਵੀਂ ਵਰਚੁਅਲ ਕਰੰਸੀ ਨੂੰ ਉਸ ਦੇ ਮੁੱਲ ਮੁਤਾਬਕ ਅਸਲ ਸੰਪਤੀ ਦਾ ਸਮਰਥਨ ਪ੍ਰਾਪਤ ਹੋਵੇਗਾ ਅਤੇ ਇਹ ਨਿਯਮਾਂ ਦੇ ਘੇਰੇ ਵਿਚ ਹੋਵੇਗੀ। ਮੰਗਲਵਾਰ ਨੂੰ ਕੀਤੇ ਗਏ ਐਲਾਨ ਮੁਤਾਬਕ ਇਹ ਫੇਸਬੁੱਕ ਦੀ ਅਪਣੀ ਡਿਜੀਟਲ ਵਾਲਿਟ ਕੈਲੀਬਰਾ  ਅਤੇ ਹੋਰ ਸੇਵਾਵਾਂ ਦੇ ਜ਼ਰੀਏ ਉਪਲਬਧ ਹੋਵੇਗੀ।

ਕ੍ਰਿਪਟੋਕਰੰਸੀ ‘ਲਿਬਰਾ’ ਫੇਸਬੁੱਕ, ਵਾਟਸਐਪ, ਮੈਸੇਂਜਰ ਅਤੇ ਇੰਸਟਾਗ੍ਰਾਮ ਦੇ ਪੇਮੈਂਟ ਸਿਸਟਮ ਵਿਚ ਅਹਿਮ ਰੋਲ ਨਿਭਾਵੇਗੀ। ਫੇਸਬੁੱਕ ਨੇ ਪਹਿਲਾਂ ਹੀ ਕਿਹਾ ਸੀ ਕਿ ਕੰਪਨੀ ਸਰਕਾਰ ਅਤੇ ਵਿੱਤੀ ਖੇਤਰਾਂ ਦੇ ਦਿੱਗਜਾਂ ਦੇ ਸਹਿਯੋਗ ਨਾਲ ਨਵੀਂ ਵਰਚੁਅਲ ਕਰੰਸੀ ਲਿਆਉਣਾ ਚਾਹੁੰਦੀ ਹੈ। ਦੁਨੀਆ ਦੀ ਸਭ ਤੋਂ ਵੱਡੀ ਸੋਸ਼ਲ ਨੈੱਟਵਰਕਿੰਗ ਕੰਪਨੀ ਦਾ ਮੰਨਣਾ ਹੈ ਕਿ ਇਸ ਨਵੀਂ ਵਰਚੁਅਲ ਕਰੰਸੀ ਨਾਲ ਬਿੱਟਕੁਆਇਨ ਵਰਗੀਆਂ ਬਲਾਕਚੈਨ ਤਕਨੀਕ ਅਧਾਰਿਤ ਮੁੱਦਰਾਵਾਂ ਵਿਚ ਉਤਾਰ-ਚੜਾਅ ਤੋਂ ਬਚਿਆ ਜਾ ਸਕੇਗਾ।

ਵਾਲ ਸਟ੍ਰੀਟ ਜਰਨਲ ਦੇ ਅਨੁਸਾਰ ਫੇਸਬੁੱਕ ਦੀ ਕ੍ਰਿਪਟੋਕਰੰਸੀ ‘ਲਿਬਰਾ’ ਵਿਚ ਵੀਜ਼ਾ, ਮਾਸਟਰਕਾਰਡ, ਪੇਪੈਲ ਅਤੇ ਊਬਰ ਵਰਗੀਆਂ ਦਰਜਨ ਤੋਂ ਜ਼ਿਆਦਾ ਕੰਪਨੀਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕੰਪਨੀਆਂ ਵੈਂਚਰ ਪੁੰਜੀਵਾਦੀਆਂ ਅਤੇ ਦੂਰਸੰਚਾਰ ਕੰਪਨੀਆਂ ਨਾਲ ਮਿਲ ਕੇ ਇਸ ਗਠਜੋੜ ਵਿਚ ਇਕ-ਇਕ ਕਰੋੜ ਡਾਲਰ ਦਾ ਨਿਵੇਸ਼ ਕਰਨਗੀਆਂ।