ਇਕ ਲੱਖ ਲੋਕਾਂ ਨੂੰ ਮੰਗਲ ਗ੍ਰਹਿ ਦੀ ਯਾਤਰਾ ਕਰਾਵੇਗੀ ਇਹ ਕੰਪਨੀ, ਨੌਕਰੀ-ਯਾਤਰਾ ਲਈ ਦੇਵੇਗੀ ਲੋਨ

ਏਜੰਸੀ

ਜੀਵਨ ਜਾਚ, ਤਕਨੀਕ

ਸਪੇਸਐਕਸ (SpaceX) ਕੰਪਨੀ ਦੇ ਮਾਲਕ ਐਲਨ ਮਸਕ ਨੇ ਐਲਾਨ ਕੀਤਾ ਹੈ ਕਿ ਉਹ ਅਗਲੇ 30 ਸਾਲਾਂ ਵਿਚ 1 ਲੱਖ ਇਨਸਾਨਾਂ ਨੂੰ ਮੰਗਲ ਗ੍ਰਹਿ ‘ਤੇ ਲੈ ਕੇ ਜਾਣਗੇ।

Photo

ਨਵੀਂ ਦਿੱਲੀ: ਅਮਰੀਕੀ ਉਦਯੋਗਪਤੀ ਅਤੇ ਸਪੇਸਐਕਸ (SpaceX) ਕੰਪਨੀ ਦੇ ਮਾਲਕ ਐਲਨ ਮਸਕ ਨੇ ਐਲਾਨ ਕੀਤਾ ਹੈ ਕਿ ਉਹ ਅਗਲੇ 30 ਸਾਲਾਂ ਵਿਚ 1 ਲੱਖ ਇਨਸਾਨਾਂ ਨੂੰ ਮੰਗਲ ਗ੍ਰਹਿ ‘ਤੇ ਲੈ ਕੇ ਜਾਣਗੇ। ਇਸ ਦੇ ਲਈ ਉਹ ਸਟਾਰਸ਼ਿਪ (Starship) ਬਣਾ ਰਹੇ ਹਨ। ਐਲਨ ਮਸਕ ਦੀ ਯੋਜਨਾ ਹੈ ਕਿ ਭਵਿੱਖ ਵਿਚ ਹਰ ਸਾਲ ਉਹ 100 ਸਟਾਰਸ਼ਿਪ ਬਣਾਉਣਗੇ।

ਇਸ ਸਟਾਰਸ਼ਿਪ ਨਾਲ ਉਹ 1 ਲੱਖ ਲੋਕਾਂ ਨੂੰ ਮੰਗਲ ਗ੍ਰਹਿ ਦੀ ਯਾਤਰਾ ਕਰਵਾਉਣਗੇ। ਸਟਾਰਸ਼ਿਪ ਰਾਕੇਟ ਨੂੰ 2021 ਵਿਚ ਚੰਨ ‘ਤੇ ਭੇਜਿਆ ਜਾਵੇਗਾ। ਇਹ ਯਾਨ ਚੰਨ ‘ਤੇ ਲੈਂਡ ਕਰੇਗਾ। ਇਸ ਤੋਂ ਬਾਅਦ ਉੱਥੇ ਪੁਲਾੜ ਯਾਤਰੀ ਘੁੰਮਣਗੇ। ਇਸ ਦੇ ਕਰੀਬ ਤਿੰਨ ਸਾਲ ਬਾਅਦ ਐਲਨ ਮਸਕ ਮੰਗਲ ਦੀ ਤਿਆਰੀ ਕਰਨਗੇ।

ਹਾਲ ਹੀ ਵਿਚ ਸਟਾਰਸ਼ਿਪ ਯਾਨ ਦੀ ਪਹਿਲੀ ਤਸਵੀਰ ਐਲਨ ਮਸਕ ਨੇ ਜਾਰੀ ਕੀਤੀ ਸੀ। ਇਕ ਰਾਕੇਟ ਵਿਚ ਇਕੱਠੇ 100 ਲੋਕਾਂ ਨੂੰ ਪੁਲਾੜ ਵਿਚ ਲੈ ਕੇ ਜਾਣ ਦੀ ਸਮਰੱਥਾ ਹੈ। ਐਲਨ ਮਸਕ ਨੇ ਕਿਹਾ ਕਿ ਅਸੀਂ ਚੰਨ ‘ਤੇ ਸਥਾਈ ਬਸਤੀ ਬਣਾਉਣ ਦੀ ਸੋਚ ਰਹੇ ਹਾਂ। ਅਜਿਹਾ ਹੀ ਕੁਝ ਮੰਗਲ ਗ੍ਰਹਿ ਲਈ ਵੀ ਪਲਾਨ ਕੀਤਾ ਜਾਵੇਗਾ।

ਐਲਨ ਮਸਕ ਨੇ ਦੱਸਿਆ ਕਿ 2050 ਵਿਚ ਉਹ ਹਰ ਦਿਨ ਤਿੰਨ ਸਟਾਰਸ਼ਿਪ ਲਾਂਚ ਕਰਨਗੇ। ਯਾਨੀ ਹਰ ਦਿਨ 300 ਯਾਤਰੀ ਮੰਗਲ ਗ੍ਰਹਿ ਲਈ ਰਵਾਨਾ ਹੋਣਗੇ। ਕਰੀਬ 1000 ਉਡਾਨਾਂ ਹਰ ਸਾਲ ਮੰਗਲ ਗ੍ਰਹਿ ‘ਤੇ ਜਾਣਗੀਆਂ। ਯਾਨੀ ਇਕ ਸਾਲ ਵਿਚ ਕੁੱਲ ਇਕ ਲੱਖ ਯਾਤਰੀ ਮੰਗਲ ਗ੍ਰਹਿ ਦੀ ਯਾਤਰਾ ਕਰਨਗੇ।

ਹਾਲਾਂਕਿ ਐਲਨ ਮਸਕ ਨੇ ਕਿਹਾ ਇਸ ਤੋਂ ਪਹਿਲਾਂ ਉਹਨਾਂ ਨੂੰ ਮੰਗਲ ਗ੍ਰਹਿ ‘ਤੇ ਈਂਧਨ ਸਟੇਸ਼ਨ ਬਣਾਉਣ ਦੀ ਲੋੜ ਪਵੇਗੀ। ਤਾਂ ਜੋ ਜੇਕਰ ਉੱਥੇ ਪਹੁੰਚਣ ਤੋਂ ਬਾਅਦ ਈਂਧਨ ਘੱਟ ਹੋ ਜਾਵੇ ਤਾਂ ਮੰਗਲ ਤੋਂ ਈਂਧਨ ਭਰ ਕੇ ਲੋਕਾਂ ਨੂੰ ਵਾਪਸ ਧਰਤੀ ‘ਤੇ ਲਿਆਂਦਾ ਜਾ ਸਕੇ। ਐਲਨ ਮਸਕ ਨੇ ਇਹ ਨਹੀਂ ਦੱਸਿਆ ਕਿ ਮੰਗਲ ਗ੍ਰਹਿ ‘ਤੇ ਜਾਣ ਲਈ ਕਿੰਨਾ ਪੈਸਾ ਲੱਗੇਗਾ।

ਪਰ ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਕੋਲ ਮੰਗਲ ਯਾਤਰਾ ਲਈ ਪੈਸਾ ਨਹੀਂ ਹੋਵੇਗਾ ਤਾਂ ਉਸ ਨੂੰ ਲੋਨ ਦਿੱਤਾ ਜਾਵੇਗਾ। ਤਾਂ ਜੋ ਉਹ ਮੰਗਲ ਦੀ ਯਾਤਰਾ ਦੀ ਅਪਣੀ ਇੱਛਾ ਪੂਰੀ ਕਰ ਸਕੇ। ਐਲਨ ਮਸਕ ਨੇ ਕਿਹਾ ਕਿ ਇੰਨਾ ਹੀ ਨਹੀਂ ਮੰਗਲ ਗ੍ਰਹਿ ‘ਤੇ ਈਂਧਨ ਸਟੇਸ਼ਨ ਬਣਾਉਣ ਤੋਂ ਬਾਅਦ ਉੱਥੇ ਲੋਕਾਂ ਨੂੰ ਰੁਜ਼ਗਾਰ ਵੀ ਦਿੱਤਾ ਜਾ ਸਕਦਾ ਹੈ।