ਅੱਜ ਦਿਖੇਗਾ ਸਾਲ 2020 ਦਾ ਪਹਿਲਾਂ ਚੰਨ-ਗ੍ਰਹਿਣ 

ਏਜੰਸੀ

ਖ਼ਬਰਾਂ, ਰਾਸ਼ਟਰੀ

ਚਾਰ ਘੰਟੇ ਤੋਂ ਵੱਧ ਸਮਾਂ ਟਿਕਿਆ ਰਹੇਗਾ ਗ੍ਰਹਿਣ 

File

ਦਿੱਲੀ- ਸਾਲ 2020 ਦਾ ਪਹਿਲਾ ਚੰਨ-ਗ੍ਰਹਿਣ ਪੋਹ ਦੀ ਪੂਰਨਮਾਸ਼ੀ ਅੱਜ ਰਾਤ ਨੂੰ ਲੱਗਣ ਜਾ ਰਿਹਾ ਹੈ। ਭਾਰਤ ਦੇ ਪ੍ਰਾਚੀਨ ਜੋਤਿਸ਼ ਦੇ ਜਾਣਕਾਰ ਇਸ ਗ੍ਰਹਿਣ ਨੂੰ ਉੱਪ–ਛਾਇਆ ਗ੍ਰਹਿਣ ਮੰਨ ਰਹੇ ਹਨ। ਇਸ ਦਾ ਮਤਲਬ ਹੈ ਕਿ ਇਹ ਸਿਰਫ਼ ਨਾਂਅ ਦਾ ਹੀ ਗ੍ਰਹਿਣ ਹੋਵੇਗਾ ਤੇ ਇਸ ਦਾ ਕੋਈ ‘ਅਸ਼ੁਭ’ ਅਸਰ ਨਹੀਂ ਪਵੇਗਾ।

ਇਹ ਚੰਨ–ਗ੍ਰਹਿਣ ਅੱਜ ਰਾਤੀਂ 10:37 ਵਜੇ ਸ਼ੁਰੂ ਹੋਵੇਗਾ ਤੇ ਤੜਕੇ 2:42 ਵਜੇ ਤੱਕ ਰਹੇਗਾ। ਇੰਝ ਇਹ ਗ੍ਰਹਿਣ ਚਾਰ ਘੰਟੇ ਤੋਂ ਵੱਧ ਸਮਾਂ ਟਿਕਿਆ ਰਹੇਗਾ। ਜੋਤਸ਼ੀਆਂ ਮੁਤਾਬਕ ਇਸ ਗ੍ਰਹਿਣ ਤੋਂ ਕਿਸੇ ਨੂੰ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਇਸ ਗ੍ਰਹਿਣ ਵਿੱਚ ਨਾ ਤਾਂ ਸੂਤਕ ਲੱਗਦਾ ਹੈ ਤੇ ਨਾ ਹੀ ਇਸ ਦਾ ਕੋਈ ਅਸਰ ਵੇਖਣ ਨੂੰ ਮਿਲਦਾ ਹੈ। 

ਚੰਨ ਸੀਤਲਤਾ ਦਾ ਉੱਪ–ਗ੍ਰਹਿ ਮੰਨਿਆ ਜਾਂਦਾ ਹੈ, ਇਸ ਲਈ ਗ੍ਰਹਿਣ ਦਾ ਅਸਰ ਕੁਦਰਤੀ ਹੋਵੇਗਾ ਤਾਂ ਠੰਢ ਹੋਰ ਵਧ ਸਕਦੀ ਹੈ, ਮੀਂਹ ਪੈ ਸਕਦਾ ਹੈ। ਕੁਝ ਜੋਤਸ਼ੀਆਂ ਨੇ ਇਸ ਗ੍ਰਹਿਣ ਕਾਰਨ ਧਰਤੀ ਕਿਸੇ ਹਿੱਸੇ ’ਤੇ ਭੂਚਾਲ ਆਉਣ ਦੀ ਸੰਭਾਵਨਾ ਵੀ ਪ੍ਰਗਟਾਇਆ ਹੈ।

ਵਿਗਿਆਨ ਮੁਤਾਬਕ ਅੱਜ ਦਾ ਚੰਨ–ਗ੍ਰਹਿਣ ਸਿਰਫ਼ ਅੰਸ਼ਕ ਹੀ ਰਹੇਗਾ ਭਾਵ ਪੂਰਾ ਨਹੀਂ ਲੱਗੇਗਾ। ਚੰਨ, ਧਰਤੀ ਤੇ ਸੂਰਜ ਜਦੋਂ ਇੱਕੋ ਕਤਾਰ ਵਿੱਚ ਸਿੱਧੇ ਆ ਜਾਂਦੇ ਹਨ ਤਾਂ ਚੰਨ ’ਤੇ ਧਰਤੀ ਦਾ ਪਰਛਾਵਾਂ ਪੈਂਦਾ ਹੈ, ਜਿਸ ਨੂੰ ਮਨੁੱਖ ਚੰਨ–ਗ੍ਰਹਿਣ ਦਾ ਨਾਂਅ ਦਿੰਦਾ ਹੈ।

ਇਸ ਵਾਰ ਧਰਤੀ ਦਾ ਪਰਛਾਵਾਂ ਚੰਨ ਦੇ ਬਾਹਰੀ ਕੰਢੇ ਤੋਂ ਹੋ ਕੇ ਲੰਘੇਗਾ ਭਾਵ ਚੰਨ ਪੂਰੀ ਤਰ੍ਹਾਂ ਧਰਤੀ ਦੇ ਪਰਛਾਵੇਂ ਹੇਠ ਨਹੀਂ ਲੁਕੇਗਾ। ਹੋ ਸਕਦਾ ਹੈ ਕਿ ਇਹ ਮਾਮੂਲੀ ਜਿਹਾ ਅੰਸ਼ਕ ਚੰਨ–ਗ੍ਰਹਿਣ ਆਮ ਅੱਖ ਨਾਲ ਵਿਖਾਈ ਵੀ ਨਾ ਦੇਵੇ।