ਮੋਬਾਈਲ ਦੀ ਵਰਤੋਂ ਨਾਲ ਨੌਜਵਾਨਾਂ ਦੀ ਖੋਪੜੀ ਵਿਚ ਨਿਕਲ ਰਹੇ ਹਨ ਸਿੰਗ, ਖੋਜ ਵਿਚ ਹੋਇਆ ਖ਼ੁਲਾਸਾ
ਇਕ ਨਵੀਂ ਖੋਜ ਮੁਤਾਬਕ ਮੋਬਾਈਲ ਦੀ ਜ਼ਿਆਦਾ ਵਰਤੋਂ ਕਰਨ ਵਾਲੇ ਨੌਜਵਾਨਾਂ ਦੇ ਸਿਰ ਵਿਚ ਸਿੰਗ ਨਿਕਲ ਰਹੇ ਹਨ।
ਵਾਸ਼ਿੰਗਟਨ: ਮੋਬਾਈਲ ਤਕਨੀਕ ਨੇ ਸਾਰਿਆਂ ਦੇ ਕੰਮਾਂ ਨੂੰ ਬਹੁਤ ਹੀ ਅਸਾਨ ਕਰ ਦਿੱਤਾ ਹੈ। ਫਿਰ ਚਾਹੇ ਉਹ ਪੜਨਾ ਹੋਵੇ, ਕੰਮ ਕਰਨਾ ਹੋਵੇ ਜਾਂ ਸ਼ਾਪਿੰਗ ਹੋਵੇ। ਮੋਬਾਈਲ ਦੇ ਆਉਣ ਤੋਂ ਬਾਅਦ ਸਾਰਿਆਂ ਦੇ ਜੀਣ ਦਾ ਢੰਗ ਵੀ ਬਦਲ ਗਿਆ ਹੈ। ਪਰ ਧਿਆਨਦੇਣਯੋਗ ਗੱਲ ਇਹ ਹੈ ਕਿ ਮੋਬਾਈਲ ਦੀ ਵਰਤੋਂ ਨਾਲ ਸਾਨੂੰ ਸਰੀਰਕ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਕ ਨਵੀਂ ਖੋਜ ਮੁਤਾਬਕ ਮੋਬਾਈਲ ਦੀ ਜ਼ਿਆਦਾ ਵਰਤੋਂ ਕਰਨ ਵਾਲੇ ਨੌਜਵਾਨਾਂ ਦੇ ਸਿਰ ਵਿਚ ਸਿੰਗ ਨਿਕਲ ਰਹੇ ਹਨ। ਸਿਰ ਦੇ ਸਕੈਨ ਵਿਚ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ।
ਬਾਇਓਮਕੈਨਿਕਸ ‘ਤੇ ਕੀਤੀ ਗਈ ਇਕ ਨਵੀਂ ਰਿਸਰਚ ਵਿਚ ਖ਼ੁਲਾਸਾ ਹੋਇਆ ਹੈ ਕਿ ਸਿਰ ਨੂੰ ਜ਼ਿਆਦਾ ਝੁਕਾਉਣ ਕਾਰਨ ਨੌਜਵਾਨ ਅਪਣੀ ਖੋਪੜੀ ਦੇ ਪਿੱਛੇ ਸਿੰਗ ਵਿਕਸਿਤ ਕਰ ਰਹੇ ਹਨ। ਰਿਸਰਚ ਮੁਤਾਬਕ ਮੋਬਾਈਲ ‘ਤੇ ਜ਼ਿਆਦਾ ਸਮਾਂ ਬਤੀਤ ਕਰਨ ਵਾਲੇ ਨੌਜਵਾਨ ਖ਼ਾਸ ਕਰ ਜਿਨ੍ਹਾਂ ਦੀ ਉਮਰ 18 ਤੋਂ 30 ਸਾਲ ਵਿਚਕਾਰ ਹੈ, ਉਹ ਇਸ ਦਾ ਜ਼ਿਆਦਾ ਸ਼ਿਕਾਰ ਹੋ ਰਹੇ ਹਨ। ਇਸ ਰਿਸਰਚ ਨੂੰ ਆਸਟਰੇਲੀਆ ਦੇ ਕਵੀਂਜ਼ਲੈਂਡ ਸਥਿਤ ਸਨਸ਼ਾਈਨ ਕੋਸਟ ਯੂਨਿਵਰਸਿਟੀ ਵਿਚ ਕੀਤਾ ਗਿਆ ਹੈ।
ਵਾਸ਼ਿੰਗਟਨ ਟਾਈਮਜ਼ ਦੀ ਇਕ ਖ਼ਬਰ ਮੁਤਾਬਕ ਖੋਪੜੀ ਦੇ ਹੇਠਲੇ ਹਿੱਸੇ ‘ਤੇ ਇਸ ਕੰਢੇਦਾਰ ਹੱਡੀ ਨੂੰ ਦੇਖਿਆ ਜਾ ਸਕਦਾ ਹੈ। ਇਹ ਹੱਡੀ ਕਿਸੇ ਸਿੰਗ ਦੀ ਤਰ੍ਹਾਂ ਲੱਗਦੀ ਹੈ। ਡਾਕਟਰਾਂ ਮੁਤਾਬਕ ਖੋਪੜੀ ਦਾ ਵਜ਼ਨ ਕਰੀਬ ਸਾਢੇ ਚਾਰ ਕਿਲੋਗ੍ਰਾਮ ਹੁੰਦਾ ਹੈ ਭਾਵ ਇਹ ਇਕ ਤਰਬੂਜ਼ ਬਰਾਬਰ ਹੁੰਦੀ ਹੈ। ਮੋਬਾਈਲ ਦੀ ਵਰਤੋਂ ਕਰਦੇ ਸਮੇਂ ਲੋਕ ਅਪਣੇ ਸਿਰ ਨੂੰ ਲਗਾਤਾਰ ਅੱਗੇ-ਪਿੱਛੇ ਹਿਲਾਉਂਦੇ ਹਨ। ਅਜਿਹੇ ਵਿਚ ਗਰਦਨ ਦੇ ਹੇਠਲੇ ਹਿੱਸੇ ਦੀਆਂ ਮਾਸਪੇਸ਼ੀਆਂ ਵਿਚ ਖਿੱਚ ਆਉਂਦੀ ਹੈ ਅਤੇ ਹੱਡੀਆਂ ਬਾਹਰ ਨਿਕਲ ਜਾਂਦੀਆਂ ਹਨ, ਜੋ ਕਿ ਸਿੰਗ ਦੀ ਤਰ੍ਹਾਂ ਦਿਖਾਈ ਦਿੰਦੀਆਂ ਹਨ।
ਦੱਸ ਦਈਏ ਕਿ ਖੋਜਕਰਤਾਵਾਂ ਦਾ ਪਹਿਲਾ ਪੇਪਰ ਜਰਨਲ ਆਫ ਐਟਾਨਾਮੀ ਵਿਚ ਸਾਲ 2016 ਵਿਚ ਪ੍ਰਕਾਸ਼ਿਤ ਹੋਇਆ ਸੀ। ਇਸ ਵਿਚ 216 ਲੋਕਾਂ ਦੇ ਐਕਸਰੇ ਨੂੰ ਬਤੌਰ ਉਦਾਹਰਣ ਪੇਸ਼ ਕੀਤਾ ਗਿਆ ਸੀ, ਜਿਨ੍ਹਾਂ ਦੀ ਉਮਰ 18 ਤੋਂ 30 ਸਾਲ ਦੇ ਵਿਚਕਾਰ ਸੀ। ਖੋਜ ਵਿਚ ਕਿਹਾ ਗਿਆ ਹੈ ਕਿ 41 ਫੀਸਦੀ ਨੌਜਵਾਨਾਂ ਦੇ ਸਿਰਾਂ ਦੀ ਹੱਡੀ ਵਿਚ ਵਾਧਾ ਦੇਖਿਆ ਜਾ ਸਕਦਾ ਹੈ, ਜੋ ਕਿ ਪਹਿਲਾਂ ਲਗਾਏ ਗਏ ਅਨੁਮਾਨ ਦੀ ਤੁਲਨਾ ਵਿਚ ਬਹੁਤ ਜ਼ਿਆਦਾ ਹੈ। ਇਹ ਔਰਤਾਂ ਦੀ ਤੁਲਨਾ ਵਿਚ ਪੁਰਸ਼ਾਂ ‘ਚ ਜ਼ਿਆਦਾ ਹਨ।
ਇਸੇ ਤਰ੍ਹਾਂ ਇਹ ਦੂਜਾ ਪੇਪਰ ਸਾਲ 2018 ਵਿਚ ਪੇਸ਼ ਕੀਤਾ ਗਿਆ, ਜਿਸ ਵਿਚ ਚਾਰ ਨੌਜਵਾਨਾਂ ਨੂੰ ਬਤੌਰ ਕੇਸ ਸਟੱਡੀ ਲਿਆ ਗਿਆ ਸੀ। ਖੋਜ ਵਿਚ ਕਿਹਾ ਗਿਆ ਕਿ ਇਹਨਾਂ ਨੌਜਵਾਨਾਂ ਦੇ ਸਿਰ ‘ਤੇ ਸਿੰਗ ਜੈਨੇਟਿਕ ਨਹੀਂ ਬਲਕਿ ਖੋਪੜੀ ਅਤੇ ਗਰਦਨ ‘ਤੇ ਪੈ ਰਹੇ ਦਬਾਅ ਕਾਰਨ ਵਿਕਸਿਤ ਹੋਏ ਸਨ। ਇਸ ਪੇਪਰ ਨਾਲ ਮਹੀਨੇ ਭਰ ਪਹਿਲਾਂ ਪ੍ਰਕਾਸ਼ਿਤ ਕੀਤੀ ਗਈ ਖੋਜ ਰਿਪੋਰਟ ਵਿਚ 18 ਸਾਲ ਤੋਂ ਲੈ ਕੇ 86 ਸਾਲ ਤੱਕ ਦੇ 1200 ਲੋਕਾਂ ਦੇ ਐਕਸਰੇ ਸ਼ਾਮਲ ਕੀਤੇ ਗਏ ਸਨ। ਖੋਜਕਰਤਾਵਾਂ ਨੇ ਪਾਇਆ ਕਿ 33 ਫੀਸਦੀ ਲੋਕਾਂ ਵਿਚ ਸਿੰਗ ਵਰਗੀਆਂ ਹੱਡੀਆਂ ਵਿਕਸਿਤ ਹੋਣ ਦੀ ਗੱਲ ਸਾਹਮਣੇ ਆਈ ਸੀ।