ਮੋਬਾਈਲ ਗੇਮ ਚੈਲੇਂਜ ਪੂਰਾ ਕਰਨ ਲਈ 12 ਸਾਲਾ ਬੱਚੇ ਨੇ ਲਿਆ ਫ਼ਾਹਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਬੱਚੇ ਨੇ ਆਪਣੇ ਦੋਹਾਂ ਹੱਥਾਂ 'ਚ ਚੂੜੀਆਂ ਅਤੇ ਗਲੇ 'ਚ ਮੰਗਲਸੂਤਰ ਪਾਇਆ ਹੋਇਆ ਸੀ

12-year-old boy playing game on mobile, hanged in bathroom

ਕੋਟਾ : ਰਾਜਸਥਾਨ ਦੇ ਕੋਟਾ 'ਚ 12 ਸਾਲਾ ਲੜਕੇ ਨੇ ਮੋਬਾਈਲ 'ਤੇ ਆਨਲਾਈਨ ਗੇਮ ਖੇਡਦਿਆਂ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਜਦੋਂ ਉਸ ਦੇ ਇਹ ਖੌਫ਼ਨਾਕ ਕਦਮ ਚੁੱਕਿਆ ਉਦੋਂ ਉਹ ਕਮਰੇ 'ਚ ਇਕੱਲਾ ਸੀ ਅਤੇ ਉਸ ਨੇ ਹੱਥਾਂ 'ਚ ਚੂੜੀਆਂ ਅਤੇ ਗਲੇ 'ਚ ਮੰਗਲਸੂਤਰ ਵੀ ਪਾਇਆ ਹੋਇਆ ਸੀ। ਮ੍ਰਿਤਕ ਬੱਚੇ ਦੇ ਪਰਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬੱਚਾ ਮੋਬਾਈਲ 'ਤੇ ਬਲੂ ਵਹੇਲ ਜਿਹੀ ਕੋਈ ਗੇਮ ਖੇਡਦਾ ਰਹਿੰਦਾ ਸੀ।

ਕੋਟਾ 'ਚ ਆਨਲਾਈਨ ਗੇਮ ਕਾਰਨ ਮੌਤ ਦਾ ਪਹਿਲਾ ਮਾਮਲਾ ਹੈ। ਮ੍ਰਿਤਕ ਬੱਚੇ ਦੀ ਪਛਾਣ ਕੁਸ਼ਾਲ ਵਜੋਂ ਹੋਈ ਹੈ। ਉਹ ਵਿਗਿਆਨ ਨਗਰ ਵਾਸੀ ਫ਼ਤਿਹਚੰਦ ਦਾ ਪੁੱਤਰ ਸੀ। ਇਨ੍ਹੀਂ ਦਿਨੀਂ ਉਸ ਦੇ ਸਕੂਲ ਦੀਆਂ ਛੁੱਟੀਆਂ ਚੱਲ ਰਹੀਆਂ ਸਨ। ਉਹ ਸਾਰਾ ਦਿਨ ਘਰ 'ਚ ਹੀ ਰਹਿੰਦਾ ਸੀ। ਕੁਝ ਦਿਨਾਂ ਤੋਂ ਉਹ ਮੋਬਾਈਲ 'ਤੇ ਕੋਈ ਆਨਲਾਈਨ ਗੇਮ ਖੇਡ ਰਿਹਾ ਸੀ। ਇਸੇ ਕਾਰਨ ਉਸ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ।

ਪਰਵਾਰ ਮੁਤਾਬਕ ਸੋਮਵਾਰ ਰਾਤ ਉਹ ਖਾਣਾ ਖਾ ਕੇ ਆਪਣੇ ਕਮਰੇ 'ਚ ਸੌਣ ਚਲੇ ਗਏ ਸਨ। ਮੰਗਲਵਾਰ ਸਵੇਰ ਜਦੋਂ ਕੁਸ਼ਾਲ ਕਮਰੇ 'ਚੋਂ ਨਿਕਲ ਕੇ ਬਾਹਰ ਨਾ ਆਇਆ ਤਾਂ ਪਰਵਾਰ ਨੇ ਉਸ ਨੂੰ ਕਮਰੇ 'ਚ ਜਾ ਕੇ ਵੇਖਿਆ। ਉਹ ਕਮਰੇ ਅੰਦਰ ਨਹੀਂ ਸੀ। ਉਸ ਦੇ ਕਮਰੇ ਦੇ ਪਖਾਨੇ ਦਾ ਦਰਵਾਜ਼ਾ ਬੰਦ ਸੀ। ਕਾਫ਼ੀ ਦੇਰ ਤਕ ਦਰਵਾਜਾ ਖੜਕਾਉਣ 'ਤੇ ਜਦੋਂ ਉਸ ਨੇ ਨਾ ਖੋਲ੍ਹਿਆ ਤਾਂ ਉਨ੍ਹਾਂ ਨੇ ਦਰਵਾਜ਼ਾ ਤੋੜ ਦਿੱਤਾ। ਪਖਾਨੇ ਅੰਦਰ ਦਾ ਦ੍ਰਿਸ਼ ਵੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ। ਕੁਸ਼ਾਲ ਫਾਹੇ 'ਤੇ ਲਮਕਿਆ ਪਿਆ ਸੀ।

ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਉਸ ਨੇ ਆਪਣੇ ਦੋਹਾਂ ਹੱਥਾਂ 'ਚ ਚੂੜੀਆਂ ਅਤੇ ਗਲੇ 'ਚ ਮੰਗਲਸੂਤਰ ਪਾਇਆ ਹੋਇਆ ਸੀ। ਮਾਪੇ ਉਸ ਨੂੰ ਤੁਰੰਤ ਹਸਪਤਾਲ ਲੈ ਗਏ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਰਵਾਰ ਮੁਤਾਬਕ ਕੁਸ਼ਾਲ ਨੇ ਪਹਿਲਾਂ ਕਦੇ ਅਜਿਹੀ ਕੋਈ ਚੀਜ਼ ਨਹੀਂ ਪਹਿਨੀ ਸੀ। ਉਧਰ ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਬੱਚਾ ਆਨਲਾਈਨ ਗੇਮ ਖੇਡਦਾ ਸੀ ਪਰ ਉਹ ਕਿਹੜੀ ਗੇਮ ਖੇਡ ਰਿਹਾ ਸੀ, ਇਸ ਬਾਰੇ ਪਤਾ ਨਹੀਂ ਲੱਗਾ ਹੈ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਰਵਾਰ ਨੂੰ ਸੌਂਪ ਦਿੱਤੀ।