ਚੰਦਰਮਾ ਦੇ ਦੱਖਣੀ ਧਰੁਵ 'ਤੇ ਪਹੁੰਚ ਵਾਲਾ ਪਹਿਲਾ ਦੇਸ਼ ਬਣਿਆ ਭਾਰਤ; ਜਾਣੋ ਕਿਵੇਂ ਰਚਿਆ ਗਿਆ ਇਹ ਇਤਿਹਾਸ
ਭਾਰਤ ਦਾ ਪਹਿਲਾ ਚੰਦਰਮਾ ਅਭਿਆਨ ਚੰਦਰਯਾਨ-1, ਸਾਲ 2008 ਵਿਚ ਲਾਂਚ ਕੀਤਾ ਗਿਆ ਸੀ
ਨਵੀਂ ਦਿੱਲੀ: ਭਾਰਤ 23 ਅਗਸਤ ਨੂੰ ਦੁਨੀਆਂ ਦੇ ਸਾਹਮਣੇ ਪੁਲਾੜ ਸ਼ਕਤੀ ਬਣ ਕੇ ਉਭਰਿਆ ਹੈ। ਦੇਸ਼ ਦੇ ਤੀਜੇ ਚੰਦਰ ਮਿਸ਼ਨ ਚੰਦਰਯਾਨ-3 ਦੇ ਲੈਂਡਰ ਵਿਕਰਮ ਨੇ ਚੰਦਰਮਾ ਦੇ ਦੱਖਣੀ ਧਰੁਵ 'ਤੇ ਕਦਮ ਰੱਖ ਕੇ ਇਤਿਹਾਸ ਰਚ ਦਿਤਾ ਹੈ। ਚੰਦਰਯਾਨ-3 ਨੇ 14 ਜੁਲਾਈ ਨੂੰ ਦੁਪਹਿਰ 2.35 ਵਜੇ ਅਪਣੀ ਇਤਿਹਾਸਕ ਯਾਤਰਾ ਸ਼ੁਰੂ ਕੀਤੀ ਸੀ। ਧਰਤੀ ਤੋਂ ਪੁਲਾੜ ਤਕ 40 ਦਿਨਾਂ ਦੀ ਲੰਬੀ ਯਾਤਰਾ ਤੋਂ ਬਾਅਦ, 23 ਅਗਸਤ ਨੂੰ ਸ਼ਾਮ 6.04 ਵਜੇ ਇਸ ਦੇ ਦੱਖਣੀ ਧਰੁਵ 'ਤੇ ਚੰਦਰਮਾ ਤਕ ਦਾ ਅਪਣਾ ਸਫ਼ਰ ਪੂਰਾ ਕਰ ਲਿਆ ਹੈ। ਇਸ ਸਫਲ ਲੈਂਡਿੰਗ ਦੇ ਨਾਲ, ਭਾਰਤ ਚੰਦਰਮਾ ਦੇ ਦੱਖਣੀ ਧਰੁਵ 'ਤੇ ਪਹੁੰਚਣ ਵਾਲਾ ਪਹਿਲਾ ਦੇਸ਼ ਬਣ ਗਿਆ ਹੈ।
ਚੰਦਰਮਾ ਦੀ ਡਾਰਕ ਸਾਈਡ ਜਾਣ ਵਾਲਾ ਪਹਿਲਾ ਦੇਸ਼ ਭਾਰਤ
ਹੁਣ ਤਕ ਕਿਸੇ ਵੀ ਦੇਸ਼ ਦਾ ਪੁਲਾੜ ਯਾਨ ਚੰਦਰਮਾ ਦੇ ਇਸ ਹਨੇਰੇ ਵਾਲੇ ਪਾਸੇ (ਦੱਖਣੀ ਧਰੁਵ) 'ਤੇ ਨਹੀਂ ਉਤਰ ਸਕਿਆ ਹੈ। ਰੂਸ ਨੇ ਯਕੀਨੀ ਤੌਰ 'ਤੇ ਕੋਸ਼ਿਸ਼ ਕੀਤੀ ਪਰ 21 ਅਗਸਤ ਨੂੰ ਰੂਸ ਦਾ ਲੂਨਾ-25 ਆਖਰੀ ਆਰਬਿਟ ਬਦਲਦੇ ਹੋਏ ਕਰੈਸ਼ ਹੋ ਗਿਆ। ਇਸ ਦੇ ਨਾਲ ਹੀ ਭਾਰਤ ਚੰਦਰਮਾ ਦੀ ਕਿਸੇ ਵੀ ਸਤ੍ਹਾ 'ਤੇ ਸਾਫਟ ਲੈਂਡਿੰਗ ਕਰਨ ਵਾਲਾ ਦੁਨੀਆ ਦਾ ਚੌਥਾ ਦੇਸ਼ ਹੈ। ਭਾਰਤ ਤੋਂ ਪਹਿਲਾਂ ਅਮਰੀਕਾ, ਰੂਸ ਅਤੇ ਚੀਨ ਅਜਿਹਾ ਕਰ ਚੁੱਕੇ ਹਨ।
ਦੁਨੀਆਂ ਨੇ ਦੇਖਿਆ ਇਸਰੋ ਦਾ ਜਨੂੰਨ
ਇਸ ਮੌਕੇ ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਦੀ ਜਿੰਨੀ ਤਾਰੀਫ਼ ਕੀਤੀ ਜਾਵੇ ਘੱਟ ਹੈ। ਇਸਰੋ ਨੇ ਸਾਬਤ ਕਰ ਦਿਤਾ ਹੈ ਕਿ ਭਾਰਤ ਜੋ ਵੀ ਕਰਨ ਦਾ ਫੈਸਲਾ ਕਰਦਾ ਹੈ, ਉਸ ਨੂੰ ਕਰਨ ਦੀ ਹਿੰਮਤ ਅਤੇ ਜਨੂੰਨ ਰੱਖਦਾ ਹੈ। ਭਾਰਤ ਅੱਜ ਚੰਦਰਮਾ ਦੀ ਉਸ ਸਤਹ 'ਤੇ ਉਤਰਿਆ ਹੈ, ਜਿਥੇ ਅੱਜ ਤਕ ਕੋਈ ਹੋਰ ਦੇਸ਼ ਨਹੀਂ ਜਾ ਸਕਿਆ।
ਭਾਰਤ ਦੀਆਂ ਚੰਨ ’ਤੇ ਜਾਣ ਦੀਆਂ ਕੋਸ਼ਿਸ਼ਾਂ
ਭਾਰਤ ਦਾ ਪਹਿਲਾ ਚੰਦਰਮਾ ਅਭਿਆਨ ਚੰਦਰਯਾਨ-1, ਸਾਲ 2008 ਵਿਚ ਲਾਂਚ ਕੀਤਾ ਗਿਆ ਸੀ ਪਰ ਉਹ ਸ਼ੈਕਲੇਟਨ ਕਰੇਟਰ (ਜਿਸ ਨੂੰ ਬਾਅਦ ਵਿਚ ਜਵਾਹਰ ਪੁਆਇੰਟ ਕਿਹਾ ਗਿਆ), ’ਤੇ ਕਰੈਸ਼ ਹੋ ਗਿਆ ਸੀ। ਚੰਦਰਯਾਨ-2 ਨੇ ਵੀ ਚੰਦਰਮਾ ਉਤੇ ਪਾਣੀ ਦੇ ਅਣੂਆਂ ਦੀ ਖੋਜ ਵਿਚ ਅਹਿਮ ਭੂਮਿਕਾ ਨਿਭਾਈ।22 ਜੁਲਾਈ 2019 ਨੂੰ ਵਿਕਰਮ ਲੈਂਡਰ ਅਤੇ ਪ੍ਰਾਗਯਾਨ ਰੋਵਰ ਨਾਲ ਚੰਦਰਯਾਨ-2 ਨੂੰ ਲਾਂਚ ਕੀਤਾ ਗਿਆ ਸੀ। 6 ਸਤੰਬਰ 2019 ਨੂੰ ਚੰਦਰਮਾ ਦੀ ਸਤ੍ਹਾ ’ਤੇ ਸੌਫਟ ਲੈਂਡਿੰਗ ਦੀ ਕੋਸ਼ਿਸ਼ ਵਿਚ ਵਿਕਰਮ ਲੈਂਡਰ ਦਾ ਸੰਪਰਕ ਟੁੱਟ ਗਿਆ ਸੀ। ਇਸ ਦਾ ਮਲਬਾ ਤਿੰਨ ਮਹੀਨੇ ਬਾਅਦ ਨਾਸਾ ਨੂੰ ਮਿਲਿਆ ਸੀ। ਚੰਦਰਯਾਨ-3 ਦਾ ਪਲੇਲੋਡ ਲੂਨਰ ਔਰਬਿਟ ਤੋਂ ਧਰਤੀ ਦੇ ਸਪੈਕਟ੍ਰਲ ਅਤੇ ਪੋਲੌਰੀਮੈਟ੍ਰਿਕ ਮਾਪਾਂ ਦਾ ਅਧਿਐਨ ਕਰੇਗਾ, ਜਿਸ ਨਾਲ ਵਿਗਿਆਨੀਆਂ ਨੂੰ ਸਾਡੇ ਗ੍ਰਹਿ ਬਾਰੇ ਲਾਭਦਾਇਕ ਜਾਣਕਾਰੀ ਹਾਸਲ ਹੋ ਸਕੇਗੀ।
ਗਲਤੀਆਂ ਤੋਂ ਸਿੱਖਿਆ
ਚੰਦਰਯਾਨ 2 ਦੇ ਵਿਕਰਮ ਲੈਂਡਰ ਦੇ ਗੁੰਮ ਹੋਣ ਤੋਂ ਬਾਅਦ ਇਸਰੋ ਦੇ ਸਾਬਕਾ ਮੁਖੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿਲਾਸਾ ਦਿਤਾ ਸੀ। ਇਸਰੋ ਨੇ ਅਪਣੀਆਂ ਪਿਛਲੀਆਂ ਕਮੀਆਂ ਨੂੰ ਦੂਰ ਕਰ ਕੇ ਚੰਦਰਯਾਨ-3 ਮਿਸ਼ਨ ਨੂੰ ਸਫ਼ਲ ਬਣਾਇਆ ਹੈ। ਸਾਲ 2019 ਵਿਚ ਜਦੋਂ ਚੰਦਰਯਾਨ-2 ਨੂੰ ਚੰਨ ਉਤੇ ਭੇਜਿਆ ਗਿਆ ਸੀ ਤਾਂ ਇਹ ਚੰਨ ਦੇ ਤਲ ਤੋਂ 2.1 ਕਿਲੋਮੀਟਰ ਦੀ ਉਚਾਈ ਤਕ ਪਹੁੰਚ ਗਿਆ ਸੀ, ਜਦੋਂ ਇਕ ਮਾਮੂਲੀ ਜਿਹੀ ਤਕਨੀਕੀ ਖ਼ਰਾਬੀ ਕਾਰਨ ਇਹ ਸਫਲ ਨਾ ਹੋ ਸਕਿਆ।
ਆਖਰੀ ਪੜਾਅ ਤਕ ਦਾ ਸਫ਼ਰ
ਚੰਦਰਯਾਨ ਦੇ ਚੰਨ ਉਤੇ ਉਤਰਨ ਦੇ ਆਖ਼ਰੀ 15 ਮਿੰਟ ਬਹੁਤ ਅਹਿਮ ਸਨ। 7.4 ਕਿਲੋਮੀਟਰ ਦੀ ਉਚਾਈ ਤੋਂ ਇਹ ਹੌਲੀ-ਹੌਲੀ 6.8 ਕਿਲੋਮੀਟਰ ਦੀ ਉਚਾਈ ਤਕ ਪਹੁੰਚਦਾ ਹੈ। ਉਦੋਂ ਤੱਕ ਲੈਂਡਰ ਦੀਆਂ ਲੱਤਾਂ ਜਿਹੜੀਆਂ ਕਿ ਮੁੜੀਆਂ ਹੋਈਆਂ ਸਨ, ਚੰਨ ਦੇ ਤਲ ਵੱਲ 50 ਡਿਗਰੀ ਤਕ ਘੁੰਮਦੀਆਂ ਹਨ। ਫੇਰ ਲੈਂਡਰ ਵਿਚ ਲੱਗੇ ਯੰਤਰ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਇਹ ਜਿਥੇ ਇਸ ਨੂੰ ਜਾਣਾ ਚਾਹੀਦਾ ਹੈ ਉਸ ਥਾਂ ਉਤੇ ਜਾ ਰਿਹਾ ਹੈ ਜਾਂ ਨਹੀ। ਇਸ ਤੋਂ ਬਾਅਦ ਇਹ ਚੌਥੀ ਸਟੇਜ ਵਿਚ 150 ਮੀਟਰ ਦੀ ਉਚਾਈ ਉਤੇ ਪਹੁੰਚ ਜਾਂਦਾ ਹੈ।
ਅੰਤਿਮ ਪਲ
ਲੈਂਡਰ ਨੂੰ ਇਸ ਪੜਾਅ ਵਿਚ 800 ਮੀਟਰ ਦੀ ਉਚਾਈ 'ਤੇ ਲਿਆਂਦਾ ਗਿਆ ਜਿਥੇ ਇਹ ਅੰਤਿਮ ਪੜਾਅ ਵਿਚ ਤਬਦੀਲ ਹੋ ਗਿਆ। ਇਹ ਅੰਤਿਮ ਪੜਾਅ ਸੀ ਜਦੋਂ ਪੂਰੀ ਤਰ੍ਹਾਂ ਲੈਂਡਰ ਨੇ ਚੰਦਰਮਾ ਦੀ ਸਤ੍ਹਾ ਨੂੰ ਛੂਹਿਆ।
ਭਵਿੱਖ ਦੇ ਮਿਸ਼ਨਾਂ ਲਈ ਵੱਡੀ ਉਮੀਦ: ਇਸਰੋ ਚੇਅਰਮੈਨ
ਇਸਰੋ ਦੇ ਚੇਅਰਮੈਨ ਐਸ. ਸੋਮਨਾਥ ਅਨੁਸਾਰ, ਲੈਂਡਿੰਗ ਵੇਲੋਸਿਟੀ ਟੀਚੇ ਤੋਂ 2 ਮੀਟਰ ਪ੍ਰਤੀ ਸਕਿੰਟ ਘੱਟ ਸੀ ਅਤੇ ਭਵਿੱਖ ਦੇ ਮਿਸ਼ਨਾਂ ਲਈ ਵੱਡੀ ਉਮੀਦ ਹੈ। ਹਾਲਾਂਕਿ ਫਿਲਹਾਲ ਲੈਂਡਰ ਦੀ ਸਿਹਤ ਦਾ ਮੁਲਾਂਕਣ ਕੀਤਾ ਜਾਵੇਗਾ ਅਤੇ ਅਗਲੇ ਕੁਝ ਘੰਟਿਆਂ ਵਿਚ ਰੋਵਰ ਲੈਂਡਰ ਤੋਂ ਬਾਹਰ ਆ ਜਾਵੇਗਾ
ਔਰਤਾਂ ਦੀ ਭਾਗੀਦਾਰੀ
ਰੀਪੋਰਟਾਂ ਅਨੁਸਾਰ ਲਗਭਗ 54 ਮਹਿਲਾ ਇੰਜੀਨੀਅਰ/ਵਿਗਿਆਨੀ ਚੰਦਰਯਾਨ-3 ਮਿਸ਼ਨ ਵਿਚ ਵੱਖ-ਵੱਖ ਕੇਂਦਰਾਂ 'ਤੇ ਕੰਮ ਕਰ ਰਹੇ ਵੱਖ-ਵੱਖ ਪ੍ਰਣਾਲੀਆਂ ਦੇ ਐਸੋਸੀਏਟ ਅਤੇ ਡਿਪਟੀ ਪ੍ਰੋਜੈਕਟ ਡਾਇਰੈਕਟਰਾਂ ਅਤੇ ਪ੍ਰਾਜੈਕਟ ਮੈਨੇਜਰਾਂ ਵਜੋਂ ਸਿੱਧੇ ਤੌਰ 'ਤੇ ਕੰਮ ਕਰਦੇ ਹਨ।
ਕਦੇ ਨਾ ਭੁੱਲਣ ਵਾਲਾ ਇਹ ਪਲ: ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਪ੍ਰਧਾਨ ਮੰਤਰੀ ਨੇ ਇਸ ਸਫਲਤਾ ਮਗਰੋਂ ਕਿਹਾ, ‘‘ਜਦੋਂ ਅਸੀਂ ਅਪਣੀਆਂ ਅੱਖਾਂ ਸਾਹਮਣੇ ਅਜਿਹਾ ਇਤਿਹਾਸ ਬਣਦਾ ਵੇਖਦੇ ਹਾਂ ਤਾਂ ਜੀਵਨ ਧੰਨ ਹੋ ਜਾਂਦਾ ਹੈ। ਅਜਿਹੀਆਂ ਇਤਿਹਾਸਕ ਘਟਨਾਵਾਂ ਕੌਮੀ ਜੀਵਨ ਦੀ ਚਿਰਾਂ ’ਚ ਰਹਿਣ ਵਾਲੀ ਚੇਤਨਾ ਬਣ ਜਾਂਦੀਆਂ ਹਨ। ਇਹ ਪਲ ਕਦੇ ਨਾ ਭੁੱਲਣ ਵਾਲਾ ਹੈ।’’