ਇਤਿਹਾਸ ਰਚਣ ਲਈ ਤਿਆਰ ਚੰਦਰਯਾਨ-3; ਚੰਨ ਦੀ ਸਤ੍ਹਾ ’ਤੇ ਅੱਜ ਉਤਰੇਗਾ ਲੈਂਡਰ ‘ਵਿਕਰਮ’

ਏਜੰਸੀ

ਖ਼ਬਰਾਂ, ਰਾਸ਼ਟਰੀ

‘ਮਿਸ਼ਨ ਆਪ੍ਰੇਸ਼ਨ ਕੰਪਲੈਕਸ’ ’ਚ ਉਤਸ਼ਾਹ ਦਾ ਮਾਹੌਲ : ਇਸਰੋ, ਕਿਸੇ ਗੜਬੜੀ ਦੀ ਹਾਲਤ ਵਿਚ ‘ਪਲਾਨ ਬੀ’ ਵੀ ਤਿਆਰ

Chandrayaan 3's soft landing on Moon at 6.04pm after crucial vertical turn

 

ਬੇਂਗਲੁਰੂ : ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਅਪਣੇ ਤੀਜੇ ਚੰਨ ਮਿਸ਼ਨ ਦੇ ਹਿੱਸੇ ਵਜੋਂ ਚੰਦਰਯਾਨ-3 ਦੇ ਲੈਂਡਰ ਮਾਡਿਊਲ ਨੂੰ ਚੰਨ ਦੀ ਸਤ੍ਹਾ ’ਤੇ ਉਤਰਨ ਲਈ ਤਿਆਰ-ਬਰ-ਤਿਆਰ ਹੈ। ਬੁਧਵਾਰ ਸ਼ਾਮ ਨੂੰ ‘ਵਿਕਰਮ’ ਨਾਂ ਦਾ ਲੈਂਡਰ ਚੰਨ ਦੀ ਸਤ੍ਹਾ ’ਤੇ ਉਤਾਰਦਿਆਂ ਹੀ ਭਾਰਤ, ਧਰਤੀ ਦੇ ਇਕਲੌਤੇ ਕੁਦਰਤੀ ਉਪਗ੍ਰਹਿ ਦੇ ਅਣਪਛਾਤੇ ਦਖਣੀ ਧਰੁਵ ’ਤੇ ਪਹੁੰਚਣ ਵਾਲਾ, ਦੁਨੀਆਂ ਦਾ ਪਹਿਲਾ ਦੇਸ਼ ਬਣ ਕੇ ਇਤਿਹਾਸ ਰਚੇਗਾ।

 

ਇਸਰੋ ਨੇ ਲੈਂਡਰ ਦੇ ਚੰਨ ਦੀ ਸਤ੍ਹਾ ’ਤੇ ਉਤਰਨ ਤੋਂ ਇਕ ਦਿਨ ਪਹਿਲਾਂ ਮੰਗਲਵਾਰ ਨੂੰ ਕਿਹਾ ਕਿ ਚੰਦਰਯਾਨ-3 ਮਿਸ਼ਨ ਨਿਰਧਾਰਤ ਪ੍ਰੋਗਰਾਮ ਅਨੁਸਾਰ ਅੱਗੇ ਵਧ ਰਿਹਾ ਹੈ।  ਪੁਲਾੜ ਏਜੰਸੀ ਨੇ ਕਿਹਾ ਕਿ ਇਥੇ ‘ਇਸਰੋ ਟੈਲੀਮੈਟਰੀ, ਟਰੈਕਿੰਗ ਅਤੇ ਕਮਾਂਡ ਨੈੱਟਵਰਕ’ ਸਥਿਤ ‘ਮਿਸ਼ਨ ਆਪ੍ਰੇਸ਼ਨ ਕੰਪਲੈਕਸ’ ’ਚ ਉਤਸ਼ਾਹ ਦਾ ਮਾਹੌਲ ਹੈ। ਮੰਗਲਵਾਰ ਦੁਪਹਿਰ ਨੂੰ ਚੰਦਰਮਾ ’ਤੇ ਭਾਰਤ ਦੇ ਤੀਜੇ ਮਿਸ਼ਨ ਦੀ ਤਾਜ਼ਾ ਜਾਣਕਾਰੀ ਦਿੰਦੇ ਹੋਏ, ਇਸਰੋ ਨੇ ਕਿਹਾ, ‘‘ਮਿਸ਼ਨ ਤੈਅ ਸਮੇਂ ਅਨੁਸਾਰ ਅੱਗੇ ਵਧ ਰਿਹਾ ਹੈ। ਸਿਸਟਮਾਂ ਦੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ। ਨਿਰਵਿਘਨ ਕਾਰਵਾਈ ਜਾਰੀ ਹੈ।’’

 

ਇਸ ਵਿਚ ਕਿਹਾ ਗਿਆ ਹੈ ਕਿ ਚੰਦਰਯਾਨ-3 ਦੇ ਚੰਦਰਮਾ ਦੀ ਸਤ੍ਹਾ ’ਤੇ ਉਤਰਨ ਦਾ ਸਿੱਧਾ ਪ੍ਰਸਾਰਣ ਬੁਧਵਾਰ ਸ਼ਾਮ 5:20 ਵਜੇ ਤੋਂ ਸ਼ੁਰੂ ਕੀਤਾ ਜਾਵੇਗਾ। ਲੈਂਡਰ (ਵਿਕਰਮ) ਅਤੇ ਰੋਵਰ (ਪ੍ਰਗਿਆਨ) ਵਾਲੇ ਲੈਂਡਰ ਮੋਡਿਊਲ ਦੇ ਬੁਧਵਾਰ ਸ਼ਾਮ 6.04 ਵਜੇ ਚੰਦਰਮਾ ਦੀ ਸਤ੍ਹਾ ਦੇ ਦਖਣੀ ਧਰੁਵੀ ਖੇਤਰ ਦੇ ਨੇੜੇ ਉਤਰਨ ਦੀ ਉਮੀਦ ਹੈ। ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਦੇਸ਼ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਕਿਹਾ ਹੈ ਕਿ ਉਹ 23 ਅਗੱਸਤ ਨੂੰ ਚੰਦਰਯਾਨ-3 ਦੇ ਚੰਦਰਮਾ ’ਤੇ ਲੈਂਡਿੰਗ ਦਾ ਸਿੱਧਾ ਪ੍ਰਸਾਰਣ ਵੇਖਣ ਲਈ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਉਤਸ਼ਾਹਿਤ ਕਰਨ।

ਇਸਰੋ ਨੇ ਅੱਜ 19 ਅਗੱਸਤ ਨੂੰ ਲਗਭਗ 70 ਕਿਲੋਮੀਟਰ ਦੀ ਉਚਾਈ ਤੋਂ ਚੰਦਰਯਾਨ-3 ਮਿਸ਼ਨ ਦੇ ‘ਲੈਂਡਰ ਪੋਜਸ਼ਨ ਡਿਟੈਕਸ਼ਨ ਕੈਮਰੇ’ (ਐਨ.ਪੀ.ਡੀ.ਸੀ.) ਤੋਂ ਲਈਆਂ ਚੰਨ ਦੀਆਂ ਤਸਵੀਰਾਂ ਮੰਗਲਵਾਰ ਨੂੰ ਜਾਰੀ ਕੀਤੀਆਂ। ਇਸਰੋ ਨੇ ਕਿਹਾ ਕਿ ਇਹ ਤਸਵੀਰਾਂ ਲੈਂਡਰ ਮਾਡਿਊਲ ਨੂੰ ਉਤਰਨ ’ਚ ਮਦਦ ਕਰਦੀਆਂ ਹਨ।
ਜੇਕਰ ਚੰਦਰਯਾਨ-3 ਮਿਸ਼ਨ ਚੰਦਰਮਾ ’ਤੇ ਉਤਰਨ ਅਤੇ ਇਸਰੋ ਦੀ ਚਾਰ ਸਾਲਾਂ ਵਿਚ ਦੂਜੀ ਕੋਸ਼ਿਸ਼ ਵਿਚ ਰੋਬੋਟਿਕ ਚੰਦਰ ਰੋਵਰ ਨੂੰ ਲੈਂਡ ਕਰਨ ਵਿਚ ਸਫ਼ਲ ਹੋ ਜਾਂਦਾ ਹੈ, ਤਾਂ ਭਾਰਤ ਅਮਰੀਕਾ, ਚੀਨ ਅਤੇ ਸਾਬਕਾ ਸੋਵੀਅਤ ਤੋਂ ਬਾਅਦ ਚੰਦਰਮਾ ਦੀ ਸਤ੍ਹਾ ’ਤੇ ਸਾਫਟ-ਲੈਂਡ ਕਰਨ ਵਾਲਾ ਦੁਨੀਆ ਦਾ ਚੌਥਾ ਦੇਸ਼ ਬਣ ਜਾਵੇਗਾ।

 

ਅਮਰੀਕਾ, ਸਾਬਕਾ ਸੋਵੀਅਤ ਸੰਘ ਅਤੇ ਚੀਨ ਨੇ ਚੰਦਰਮਾ ਦੀ ਸਤ੍ਹਾ ’ਤੇ ‘ਸਾਫਟ ਲੈਂਡਿੰਗ’ ਕੀਤੀ ਹੈ ਪਰ ਚੰਨ ਦੇ ਦਖਣੀ ਧਰੁਵੀ ਖੇਤਰ ’ਤੇ ਉਨ੍ਹਾਂ ਦੀ ‘ਸਾਫਟ ਲੈਂਡਿੰਗ’ ਨਹੀਂ ਹੋਈ ਹੈ। ਚੰਦਰਯਾਨ-3 ਚੰਦਰਯਾਨ-2 ਦਾ ਉਤਰਾਧਿਕਾਰੀ ਮਿਸ਼ਨ ਹੈ ਅਤੇ ਇਸ ਦਾ ਉਦੇਸ਼ ਚੰਨ ਦੀ ਸਤ੍ਹਾ ’ਤੇ ਸੁਰੱਖਿਅਤ ਅਤੇ ਸਾਫ਼ਟ-ਲੈਂਡਿੰਗ ਦਾ ਪ੍ਰਦਰਸ਼ਨ ਕਰਨਾ, ਚੰਦਰਮਾ ’ਤੇ ਚਲਣਾ ਅਤੇ ਸਥਿਤੀ ਵਿਚ ਵਿਗਿਆਨਕ ਪ੍ਰਯੋਗ ਕਰਨਾ ਹੈ। ਚੰਦਰਯਾਨ-2 ਮਿਸ਼ਨ 7 ਸਤੰਬਰ, 2019 ਨੂੰ ਚੰਦਰਮਾ ’ਤੇ ਉਤਰਨ ਦੀ ਪ੍ਰਕਿਰਿਆ ਦੌਰਾਨ ਅਸਫ਼ਲ ਹੋ ਗਿਆ ਸੀ ਜਦੋਂ ਇਸ ਦਾ ਲੈਂਡਰ ‘ਵਿਕਰਮ’ ਬ੍ਰੇਕ ਸਿਸਟਮ ਦੀ ਅਸਫਲਤਾ ਕਾਰਨ ਚੰਦਰਮਾ ਦੀ ਸਤ੍ਹਾ ’ਤੇ ਕ੍ਰੈਸ਼ ਹੋ ਗਿਆ ਸੀ। ਭਾਰਤ ਦਾ ਪਹਿਲਾ ਚੰਦਰ ਮਿਸ਼ਨ ਚੰਦਰਯਾਨ-1 ਨੂੰ 2008 ’ਚ ਲਾਂਚ ਕੀਤਾ ਗਿਆ ਸੀ।

14 ਜੁਲਾਈ ਨੂੰ ਭਾਰਤ ਨੇ ‘ਲਾਂਚ ਵਹੀਕਲ ਮਾਰਕ-3’ (ਐੱਲ.ਵੀ.ਐੱਮ.) ਰਾਕੇਟ ਰਾਹੀਂ 600 ਕਰੋੜ ਰੁਪਏ ਦੀ ਲਾਗਤ ਨਾਲ ਅਪਣਾ ਤੀਜਾ ਚੰਨ ਮਿਸ਼ਨ-‘ਚੰਦਰਯਾਨ-3’ ਲਾਂਚ ਕੀਤਾ। ਇਸ ਮੁਹਿੰਮ ਤਹਿਤ ਇਹ ਪਲਾੜ ਜਹਾਜ਼ 41 ਦਿਨਾਂ ਦੀ ਅਪਣੀ ਯਾਤਰਾ ਦੌਰਾਨ ਚੰਦਰਮਾ ਦੇ ਦਖਣੀ ਧਰੁਵੀ ਖੇਤਰ ’ਤੇ ਇਕ ਵਾਰ ਫਿਰ ‘ਸਾਫਟ ਲੈਂਡਿੰਗ’ ਦੀ ਕੋਸ਼ਿਸ਼ ਕਰੇਗਾ, ਜਿੱਥੇ ਹੁਣ ਤਕ ਕੋਈ ਵੀ ਦੇਸ਼ ਨਹੀਂ ਪਹੁੰਚਿਆ ਹੈ।   

 

ਚੰਦਰਯਾਨ-3 ਦੀ ਲੈਂਡਿੰਗ 27 ਅਗੱਸਤ ਤਕ ਟਾਲੀ ਵੀ ਜਾ ਸਕਦੀ ਹੈ

ਚੇਨਈ: ਚੰਦਰਯਾਨ-3 ਪੁਲਾੜ ਜਹਾਜ਼ ਦੀ ਚੰਦਰਮਾ ਦੀ ਸਤ੍ਹਾ ’ਤੇ ਚਿਰਉਡੀਕਵੀਂ ‘ਸਾਫ਼ਟ ਲੈਂਡਿੰਗ’ ਦੀਆਂ ਤਿਆਰੀਆਂ ਵਿਚਕਾਰ ਲੈਂਡਰ ਮਾਡਿਊਲ ਦੇ ਤਕਨੀਕੀ ਮਾਨਕ ‘ਅਸਾਧਾਰਨ’ ਪਾਏ ਜਾਣ ਦੀ ਸਥਿਤੀ ’ਚ ਇਸ ਦੀ ‘ਲੈਂਡਿੰਗ’ 27 ਅਗੱਸਤ ਤਕ ਲਈ ਟਾਲੀ ਜਾ ਸਕਦੀ ਹੈ। ਇਹ ਜਾਣਕਾਰੀ ਇਕ ਸੀਨੀਅਰ ਅਧਿਕਾਰੀ ਨੇ ਦਿਤੀ। ਇਸਰੋ ਪੁਲਾੜ ਪ੍ਰਯੋਗ ਕੇਂਦਰ ਦੇ ਡਾਇਰੈਕਟਰ ਨੀਲੇਸ਼ ਦੇਸਾਈ ਅਨੁਸਾਰ, ਵਿਗਿਆਨੀਆਂ ਦਾ ਧਿਆਨ ਚੰਦਰਮਾ ਦੀ ਸਤ੍ਹਾ ’ਤੇ ਉਪਰ ਪੁਲਾੜ ਜਹਾਜ਼ ਦੀ ਗਤੀ ਨੂੰ ਘਟਾਉਣ ’ਤੇ ਹੋਵੇਗਾ।

ਉਨ੍ਹਾਂ ਨੇ ਅਹਿਮਦਾਬਾਦ ’ਚ ਦਸਿਆ, ‘‘ਲੈਂਡਰ 23 ਅਗੱਸਤ ਨੂੰ 30 ਕਿਲੋਮੀਟਰ ਦੀ ਉਚਾਈ ਤੋਂ ਚੰਦਰਮਾ ਦੀ ਸਤ੍ਹਾ ’ਤੇ ਉਤਰਨ ਦੀ ਕੋਸ਼ਿਸ਼ ਕਰੇਗਾ ਅਤੇ ਉਸ ਸਮੇਂ ਇਸ ਦੀ ਰਫ਼ਤਾਰ 1.68 ਕਿਲੋਮੀਟਰ ਪ੍ਰਤੀ ਸੈਕਿੰਡ ਹੋਵੇਗੀ। ਸਾਡਾ ਧਿਆਨ ਉਸ ਗਤੀ ਨੂੰ ਘਟਾਉਣ ’ਤੇ ਹੋਵੇਗਾ ਕਿਉਂਕਿ ਚੰਦਰਮਾ ਦੀ ਗੁਰੂਤਾ ਸ਼ਕਤੀ ਵੀ ਇਸ ’ਚ ਭੂਮਿਕਾ ਨਿਭਾਏਗੀ।’’ ਉਨ੍ਹਾਂ ਕਿਹਾ, ‘‘ਜੇਕਰ ਅਸੀਂ ਉਸ ਰਫ਼ਤਾਰ ਨੂੰ ਕੰਟਰੋਲ ਨਹੀਂ ਕਰਦੇ, ਤਾਂ ‘ਕਰੈਸ਼ ਲੈਂਡਿੰਗ’ ਦੀ ਸੰਭਾਵਨਾ ਹੋਵੇਗੀ। ਜੇਕਰ 23 ਅਗੱਸਤ ਨੂੰ ਕੋਈ ਤਕਨੀਕੀ ਮਾਪਦੰਡ (ਲੈਂਡਰ ਮੋਡੀਊਲ ਦਾ) ਅਸਾਧਾਰਨ ਪਾਇਆ ਜਾਂਦਾ ਹੈ, ਤਾਂ ਅਸੀਂ ਲੈਂਡਿੰਗ ਨੂੰ 27 ਅਗੱਸਤ ਤਕ ਮੁਲਤਵੀ ਕਰ ਦੇਵਾਂਗੇ।’’