ਫਿੰਗਰਪ੍ਰਿੰਟ ਅਨਲਾਕ ਪੈ ਸਕਦੈ ਮਹਿੰਗਾ!

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਕੋਈ ਸਮਾਂ ਸੀ ਜਦੋਂ ਮੋਬਾਇਲ ਫ਼ੋਨ ਵਿਚ ਖ਼ੂਬ ਲੰਬੇ ਲੰਬੇ ਪਾਸਵਰਡ ਅਤੇ ਪੈਟਰਨ ਲੌਕ ਲਗਾਇਆ ਕਰਦੇ ਸੀ.........

password

ਕੋਈ ਸਮਾਂ ਸੀ ਜਦੋਂ ਮੋਬਾਇਲ ਫ਼ੋਨ ਵਿਚ ਖ਼ੂਬ ਲੰਬੇ ਲੰਬੇ ਪਾਸਵਰਡ ਅਤੇ ਪੈਟਰਨ ਲੌਕ ਲਗਾਇਆ ਕਰਦੇ ਸੀ, ਫਿਰ ਆਇਆ ਫਿੰਗਰ ਪ੍ਰਿੰਟ ਸੈਂਸਰ ਅਤੇ ਫੇਸ ਅਨਲਾਕ ਵਾਲਾ ਚਮਤਕਾਰੀ ਸਿਸਟਮ।

ਹੁਣ ਤਾਂ ਕਈਆਂ ਨੂੰ ਯਾਦ ਵੀ ਨਹੀਂ ਹੋਵੇਗਾ ਕਿ ਕਦੋਂ ਖ਼ੁਦ ਪਿੰਨ ਜਾਂ ਪੈਟਰਨ ਲਗਾ ਕੇ ਉਨ੍ਹਾਂ ਨੇ ਅਪਣਾ ਫ਼ੋਨ ਖੋਲ੍ਹਿਆ ਸੀ। ਹੋਰ ਤਾਂ ਹੋਰ ਹੁਣ ਬਹੁਤ ਸਾਰੇ ਐਪਲੀਕੇਸ਼ਨਜ਼ ਵਿਚ ਵੀ ਫਿੰਗਰਪ੍ਰਿਟ ਲੌਕ ਵਾਲਾ ਸਿਸਟਮ ਆਉਣ ਲੱਗ ਪਿਆ, ਬਹੁਤ ਸਾਰਿਆਂ ਨੂੰ ਇਸ ਦੀ ਵੀ ਆਦਤ ਪੈ ਗਈ  ਹੈ ਪਰ ਸਾਈਬਰ ਸਕਿਓਰਟੀ ਮਾਹਿਰਾਂ ਨੇ ਫਿੰਗਰਪ੍ਰਿੰਟ ਅਨਲਾਕ ਸਿਸਟਮ ਨੂੰ ਲੈ ਕੇ ਅਜਿਹਾ ਖੁਲਾਸਾ ਕੀਤਾ ਏ, ਜਿਸ ਨੂੰ ਸੁਣ ਕੇ ਤੁਹਾਡੇ ਹੋਸ਼ ਫ਼ਾਖ਼ਤਾ ਹੋ ਜਾਣਗੇ।

ਦਰਅਸਲ ਇੰਡੀਅਨ ਸਾਈਬਰ ਸਕਿਓਰਟੀ ਸੈਲਿਊਸ਼ਨ ਦੇ ਇਕ ਮਾਹਿਰ ਨੇ ਦੱਸਿਆ ਕਿ ''ਤੁਸੀਂ ਜੋ ਵੀ ਐਪਲੀਕੇਸ਼ਨ ਦੀ ਵਰਤੋਂ ਕਰਦੇ ਹੋ ਉਸ ਨੂੰ ਅਪਣਾ ਕੁੱਝ ਨਾ ਕੁੱਝ ਡਾਟਾ ਤਾਂ ਦਿੰਦੇ ਹੀ ਹੋ। ਇਹ ਡਾਟਾ ਐਪ ਦੇ ਕਲਾਊਡ ਸਰਵਰ 'ਤੇ ਸਟੋਰ ਹੁੰਦਾ ਹੈ।

ਜਦੋਂ ਤੁਸੀਂ ਐਪ ਵਿਚ ਦਿੱਤੇ ਗਏ ਫਿੰਗਰਪ੍ਰਿੰਟ ਅਨਲਾਕ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਫਿੰਗਰ ਪ੍ਰਿੰਟ ਦਾ ਡਾਟਾ ਵੀ ਇਸੇ ਸਰਵਰ 'ਤੇ ਸੇਵ ਹੁੰਦੈ। ਹੁਣ ਮੰਨ ਲਓ ਕਿ ਇਹ ਹੈਕ ਹੋ ਜਾਵੇ ਤਾਂ ਤੁਹਾਡੀ ਜਾਣਕਾਰੀ ਦੇ ਨਾਲ-ਨਾਲ ਤੁਹਾਡਾ ਫਿੰਗਰਪ੍ਰਿੰਟ ਦਾ ਡਾਟਾ ਵੀ ਲੀਕ ਹੋ ਜਾਵੇਗਾ''

ਅੱਜ ਲਗਭਗ ਸਾਰੇ ਬੈਂਕਿੰਗ ਅਤੇ ਪੇਮੈਂਟ ਐਪਸ ਫਿੰਗਰਪ੍ਰਿੰਟ ਅਨਲਾਕ ਦੀ ਆਪਸ਼ਨ ਦਿੰਦੇ ਨੇ। ਇਸ ਦੇ ਨਾਲ ਹੀ ਤੁਸੀਂ ਪੇਮੈਂਟ ਕਰਨ ਦੇ ਲਈ ਵੀ ਫਿੰਗਰ ਪ੍ਰਿੰਟ ਆਪਸ਼ਨ ਦੀ ਵਰਤੋਂ ਕਰ ਸਕਦੇ ਹੋ। ਬੈਂਕਿੰਗ ਅਤੇ ਪੇਮੈਂਟ ਤੋਂ ਇਲਾਵਾ ਵਾਟਸਐਪ ਵਰਗੇ ਐਪਲੀਕੇਸ਼ਨ ਵੀ ਤੁਹਾਡਾ ਫਿੰਗਰਪ੍ਰਿੰਟ ਲੈ ਕੇ ਐਪ ਅਨਲਾਕ ਕਰਦੇ ਨੇ। ਮਾਹਿਰ ਕਹਿੰਦੇ ਨੇ ਤੁਸੀਂ ਥਰਡ ਪਾਰਟੀ ਐਪਲੀਕੇਸ਼ਨ ਨੂੰ ਲਾਕ ਕਰਨ ਲਈ ਫਿੰਗਰਪ੍ਰਿੰਟ ਦੀ ਵਰਤੋਂ ਕਰੋ, ਉਹ ਵੀ ਓਨਾ ਹੀ ਸੇਫ਼ ਹੈ।

ਹੁਣ ਸਵਾਲ ਇਹ ਐ ਕਿ ਜੇਕਰ ਫਿੰਗਰਪ੍ਰਿੰਟ ਚੋਰੀ ਹੋਇਆ ਤਾਂ ਕੀ ਹੋਵੇਗਾ। ਫਿੰਗਰਪ੍ਰਿੰਟ ਡਾਟਾ ਦੇ ਚੋਰੀ ਹੋ ਜਾਣ ਦੇ ਖ਼ਤਰੇ ਨੂੰ ਲੈ ਕੇ ਮਾਹਿਰਾਂ ਦਾ ਕਹਿਣੈ ਕਿ ਇਸ ਦੀ ਵਜ੍ਹਾ ਨਾਲ ਤੁਹਾਡਾ ਪੂਰਾ ਫ਼ੋਨ ਹੈਕ ਹੋ ਸਕਦੈ।

ਮਾਹਿਰਾਂ ਦਾ ਕਹਿਣਾ ਕਿ ਇਸ ਨਾਲ ਹੈਕਰ ਤੁਹਾਡੇ ਫ਼ੋਨ ਦਾ ਫਰੰਟ ਕੈਮਰਾ, ਬੈਕ ਕੈਮਰਾ ਅਤੇ ਐਸਐਮਐਸ ਵਗੈਰਾ ਸਭ ਕੁੱਝ ਦੇਖ ਲਵੇਗਾ। ਜੇਕਰ ਹੈਕਰ ਤੁਹਾਡੇ ਮੈਸੇਜ਼ ਪੜ੍ਹ ਲਵੇਗਾ ਤਾਂ ਬਾਕੀ ਐਪਲੀਕੇਸ਼ਨਜ਼ ਦੇ ਅਕਾਊਂਟ ਵੀ ਆਸਾਨੀ ਨਾਲ ਖੁੱਲ੍ਹ ਜਾਣਗੇ।

ਮੰਨ ਲਓ ਹੈਕਰ ਨੂੰ ਤੁਹਾਡੀ ਈ-ਮੇਲ ਆਈਡੀ ਪਤਾ ਚੱਲ ਗਈ। ਹੁਣ ਉਸ ਨੇ ਸਿਰਫ਼ ਇਹ ਸਲੈਕਟ ਕਰਨਾ ਹੋਵੇਗਾ ਕਿ ਉਹ ਅਪਣਾ ਪਾਸਵਰਡ ਭੁੱਲ ਗਿਆ। ਫਿਰ ਉਹ ਓਟੀਪੀ ਦੇਖ ਕੇ ਤੁਹਾਡਾ ਈ-ਮੇਲ ਅਕਾਊਂਟ ਵੀ ਹੈਕ ਕਰ ਲਵੇਗਾ। ਸਾਇਬਰ ਮਾਹਿਰਾਂ ਦਾ ਕਹਿਣਾ ਕਿ ਇਹ ਬਹੁਤ ਖ਼ਤਰਨਾਕ ਚੀਜ਼ ਹੈ।

ਜੇਕਰ ਬੈਂਕਿੰਗ ਵਾਲੇ ਐਪ ਹੈਕ ਹੋ ਗਏ ਤਾਂ ਇਹ ਹੋਰ ਵੀ ਖ਼ਤਰਨਾਕ ਹੈ  ਆਨਲਾਈਨ ਸੇਫਟੀ ਬਾਰੇ ਸਾਇਬਰ ਮਾਹਿਰਾਂ ਦਾ ਕਹਿਣੈ ਕਿ ਕਿਸੇ ਵੀ ਅਣਜਾਣ ਲਿੰਕ ਨੂੰ ਖੋਲ੍ਹਣ ਦੀ ਕੋਸ਼ਿਸ਼ ਨਾ ਕਰੋ। ਹੋ ਸਕਦੈ ਇਹ ਲਿੰਕ ਹੈਕਰਾਂ ਨੇ ਭੇਜਿਆ ਹੋਵੇ ਅਤੇ ਇਸ ਨੂੰ ਕਲਿੱਕ ਕਰਨ ਨਾਲ ਤੁਹਾਡੇ ਫ਼ੋਨ ਦਾ ਸਾਰਾ ਡਾਟਾ ਹੈਕਰ ਕੋਲ ਪਹੁੰਚ ਜਾਵੇਗਾ।

ਮਾਹਿਰਾਂ ਦਾ ਕਹਿਣੈ ਕਿ ਜੇਕਰ ਕਿਸੇ ਲਿੰਕ ਵਿਚ ਐਚਟੀਟੀਪੀਐਸ ਦੀ ਜਗ੍ਹਾ ਐਚਟੀਟੀਪੀ ਹੈ ਤਾਂ ਉਸ ਨੂੰ ਬਿਲਕੁਲ ਨਾ ਖੋਲ੍ਹੋ। ਮਾਹਿਰਾਂ ਦਾ ਇਹ ਵੀ ਕਹਿਣੈ ਕਿ ਐਪਲੀਕੇਸ਼ਨਜ਼ ਸਿਰਫ਼ ਗੂਗਲ ਪਲੇਅ ਸਟੋਰ ਜਾਂ ਐਪਲ ਪਲੇਅ ਸਟੋਰ ਤੋਂ ਹੀ ਡਾਊਨਲੋਡ ਕਰੋ ਕਿਉਂਕਿ ਇਨ੍ਹਾਂ ਸਟੋਰਜ਼ 'ਤੇ ਆਉਣ ਲਈ ਐਪਲੀਕੇਸ਼ਨਜ਼ ਨੂੰ ਕਾਫ਼ੀ ਸਾਰੇ ਕਾਇਦੇ ਕਾਨੂੰਨ ਮੰਨਣੇ ਪੈਂਦੇ ਨੇ। ਇਸ ਲਈ ਇੱਥੇ ਤੁਹਾਨੂੰ ਡਾਟਾ ਚੋਰੀ ਕਰਨ ਵਾਲੇ ਜਾਂ ਅਨਸੇਫ਼ ਐਪ ਨਹੀਂ ਮਿਲਣਗੇ।

ਸਾਇਬਬਰ ਮਾਹਿਰਾਂ ਦਾ ਕਹਿਣੈ ਕਿ ਹੈਕਰ ਫੇਕ ਲਿੰਕ ਫਾਰਵਰਡ ਕਰਕੇ ਤੁਹਾਡੇ ਫ਼ੋਨ ਵਿਚ ਜਾਅਲੀ ਐਪਸ ਇੰਸਟੌਲ ਕਰਵਾਉਂਦੇ ਨੇ ਅਤੇ ਫਿਰ ਤੁਹਾਡਾ ਡਾਟਾ ਚੋਰੀ ਕਰ ਲੈਂਦੇ ਨੇ। ਯੂਰਪ ਵਾਂਗ ਭਾਰਤ ਵਿਚ ਸਖ਼ਤ ਸਾਇਬਰ ਸਕਿਓਰਟੀ ਕਾਨੂੰਨ ਨਹੀਂ, ਇੱਥੇ ਜੇਕਰ ਤੁਹਾਡਾ ਡਾਟਾ ਚੋਰੀ ਹੋ ਜਾਂਦੈ ਤਾਂ ਬਦਲੇ ਵਿਚ ਤੁਹਾਨੂੰ ਲੱਖਾਂ ਕਰੋੜਾਂ ਰੁਪਏ ਨਹੀਂ ਮਿਲਣਗੇ।

ਇਸ ਅਜਿਹੇ ਅਣਜਾਣ ਐਪਲੀਕੇਸ਼ਨਜ਼ ਤੋਂ ਬਚ ਕੇ ਰਹੋ ਅਤੇ ਅਪਣੇ ਫਿੰਗਰਪ੍ਰਿੰਟ ਦਾ ਡਾਟਾ ਕਿਸੇ ਥਰਡ ਪਾਰਟੀ ਐਪਲੀਕੇਸ਼ਨ ਨੂੰ ਨਾ ਦਿਓ। ਅਜਿਹਾ ਕਰਕੇ ਤੁਸੀਂ ਅਪਣੇ ਫ਼ੋਨ ਡਾਟਾ ਨੂੰ ਚੋਰੀ ਹੋਣ ਤੋਂ ਬਚਾ ਸਕਦੇ ਹੋ।