ਅਧਿਆਤਮ ਦਾ ਕੇਂਦਰ ਵੀ ਹੈ ਖਜੁਰਾਹੋ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਧਾਰਮਕ ਪਰੰਪਰਾ ਦੇ ਪ੍ਰਤੀਕ ਮੰਦਰਾਂ 'ਚ ਬਿਰਾਜਮਾਨ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਤਾਂ ਮੈਥੁਨ ਮੂਰਤੀਆਂ ਦੇ ਮੁਕਾਬਲੇ ਦਬ ਜਿਹੀਆਂ ਜਾਂਦੀਆਂ ਹਨ

Khajuraho

ਖਜੁਰਾਹੋ ਦੇ ਗਗਨਚੁੰਬੀ ਮੰਦਰ ਅੱਜ ਵੀ ਪੂਰੇ ਵਿਸ਼ਵ 'ਚ ਪ੍ਰਸਿੱਧ ਹਨ। ਮੰਦਰਾਂ 'ਚ ਜੜੀਆਂ ਪੱਥਰ ਦੀਆਂ ਮੂਰਤੀਆਂ ਮਾਨਵ ਜੀਵਨ ਦੇ ਵੱਖੋ-ਵੱਖ ਪੱਖਾਂ ਨੂੰ ਵਿਖਾਉਂਦੀਆਂ ਹਨ। ਚੰਦੇਲ ਰਾਜਿਆਂ ਵਲੋਂ ਬਣਵਾਏ ਗਏ ਇਨ੍ਹਾਂ ਮੰਦਰਾਂ 'ਚ ਸ਼ਿਲਪ ਅਤੇ ਸਥਾਪਤ ਕਲਾ ਤੋਂ ਇਲਾਵਾ ਮੂਰਤੀਆਂ ਦੇ ਵਿਸ਼ੇ ਵੀ ਅਧਿਐਨਯੋਗ ਹਨ। ਇਥੇ ਜੀਵਨ ਦੀਆਂ ਕਈ ਝਾਕੀਆਂ ਨਾਲ ਸ਼ਿੰਗਾਰ ਨੂੰ ਵਿਸ਼ੇਸ਼ ਸਥਾਨ ਦਿਤਾ ਗਿਆ ਹੈ।

ਧਾਰਮਕ ਪਰੰਪਰਾ ਦੇ ਪ੍ਰਤੀਕ ਮੰਦਰਾਂ 'ਚ ਬਿਰਾਜਮਾਨ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਤਾਂ ਮੈਥੁਨ ਮੂਰਤੀਆਂ ਦੇ ਮੁਕਾਬਲੇ ਦਬ ਜਿਹੀਆਂ ਜਾਂਦੀਆਂ ਹਨ। ਉਸ ਸਮੇਂ ਸ਼ਲੀਲ ਅਤੇ ਅਸ਼ਲੀਲ ਦੀ ਕੀ ਪਰਿਭਾਸ਼ਾ ਰਹੀ ਹੋਵੇਗੀ, ਕੁੱਝ ਕਿਹਾ ਨਹੀਂ ਜਾ ਸਕਦਾ। ਮੈਥੁਨ ਮੂਰਤੀਆਂ ਨੂੰ ਗੱਡਣ 'ਚ ਕੋਕ ਦੀਆਂ ਕਲਾਵਾਂ ਦਾ ਖੁਲ੍ਹ ਕੇ ਪ੍ਰਦਰਸ਼ਨ ਕੀਤਾ ਗਿਆ ਹੈ।

ਇਹੀ ਮੂਰਤੀਆਂ ਸੈਲਾਨੀਆਂ ਦੇ ਕੋਤੂਹਲ ਅਤੇ ਅਧਿਐਨ ਦੀ ਚੀਜ਼ ਬਣੀਆਂ ਹੋਈਆਂ ਹਨ। ਮੂਰਤੀਆਂ ਨੂੰ ਵੇਖਣ ਤੇ ਪਤਾ ਲਗਦਾ ਹੈ ਕਿ ਉਸ ਕਾਲ ਦੇ ਲੋਕਾਂ ਦਾ ਜੀਵਨ ਪੱਧਰ ਕਿਹੋ ਜਿਹਾ ਸੀ। ਖਜੁਰਾਹੋ ਦੇ ਮੰਦਰਾਂ 'ਚ ਬੈਠ ਕੇ ਸੈਲਾਨੀ ਉਸ ਯੁਗ ਦੀ ਕਲਪਨਾ 'ਚ ਗੁਆਚ ਜਾਂਦੇ ਹਨ। ਇਹ ਮੰਦਰ ਅਪਣੇ ਨਿਰਮਾਣ ਦੇ ਇਕ ਹਜ਼ਾਰ ਸਾਲ ਪੂਰੇ ਕਰ ਚੁੱਕੇ ਹਨ। ਮੰਦਰਾਂ ਦੀ ਵਾਸਤੂ ਕਲਾ ਅਤੇ ਸ਼ਿਲਪ ਕਲਾ ਦੇ ਕਾਰਨ ਹੀ ਇਹ ਆਕਰਸ਼ਕ ਮੰਦਰ ਅੱਜ ਯੂਨੈਸਕੋ ਦੀ ਵਿਰਾਸਤੀ ਸੂਚੀ 'ਚ ਦਰਜ ਹਨ।

ਭੂਗੋਲਿਕ ਸਥਿਤੀ ਦੇ ਆਧਾਰ ਤੇ ਖਜੁਰਾਹੋ 'ਚ ਮੰਦਰਾਂ ਨੂੰ ਤਿੰਨ ਸਮੂਹਾਂ ਪੂਰਬੀ, ਪਛਮੀ ਅਤੇ ਦਖਣੀ ਸਮੂਹ 'ਚ ਵੰਡਿਆ ਗਿਆ ਹੈ। ਪੂਰਬੀ ਸਮੂਹ 'ਚ ਹਨੂੰਮਾਨ, ਬ੍ਰਹਮਾ, ਬ੍ਰਾਹਮਣ, ਖਰਵਰਾ, ਜਵਾਰੀ, ਘਟਾਈ, ਪਾਸ਼ਵਰਨਾਥ, ਆਦਿਨਾਥ ਅਤੇ ਸ਼ਾਂਤੀਨਾਥ ਮੰਦਰ ਹਨ। ਪਛਮੀ ਸਮੂਹ 'ਚ ਚੌਹਟ, ਯੋਗਿਨੀਆਂ, ਲਾਲਗੁਵਾਂ, ਮੰਤਗੇਸ਼ਵਰ, ਬਰਾਹ, ਲਛਮਣ, ਵਿਸ਼ਵਨਾਥ, ਪਾਰਵਤੀ, ਚਿੱਤਰਗੁਪਤ, ਦੇਵੀ ਜਗਦੰਬਾ, ਮਹਾਂਦੇਵ ਅਤੇ ਕੰਦਾਰੀਆ ਮਹਾਂਦੇਵ ਮੰਦਰ ਹਨ। ਦਖਣੀ ਸਮੂਹ 'ਚ ਦੂਲਹਾ ਦੇਵ ਅਤੇ ਚਤੁਰਭੁਜ ਮੰਦਰ ਹਨ।

ਇਕ ਵਿਚਾਰ ਅਨੁਸਾਰ ਤਾਂ ਖਜੁਰਾਹੋ 'ਚ 85 ਮੰਦਰ ਬਣੇ ਸਨ, ਪਰ ਹੁਣ ਸਿਰਫ਼ 22 ਮੰਦਰ ਹੀ ਵੇਖਣ ਨੂੰ ਮਿਲਦੇ ਹਨ। ਇਨ੍ਹਾਂ 'ਚ ਸੱਭ ਤੋਂ ਪ੍ਰਾਚੀਨ ਮੰਗਤੇਸ਼ਵਰ ਮੰਦਰ ਹੈ, ਜਿਸ ਨੂੰ ਰਾਜਾ ਹਰਸ਼ਵਰਧਨ ਨੇ 920 ਈਸਵੀ 'ਚ ਬਣਾਇਆ ਸੀ। ਲਛਮਣ ਮੰਦਰ ਪੰਚਾਤਨ ਸ਼ੈਲੀ 'ਚ ਬਣਿਆ ਹੈ। ਰੱਥ 'ਚ ਸਵਾਰ ਸੂਰਜ ਦੇਵ ਦੀ ਮੂਰਤੀ ਨਾਲ ਉਸ ਸਮੇਂ ਦੀ ਮਾਨਵ ਜੀਵਨਸ਼ੈਲੀ ਦੇ ਦਰਸ਼ਨ ਹੁੰਦੇ ਹਨ।

ਵਿਸ਼ਵਨਾਥ ਮੰਦਰ 90 ਫ਼ੁੱਟ ਉੱਚਾ ਅਤੇ 45 ਫ਼ੁੱਟ ਚੌੜਾ ਭਗਵਾਨ ਸ਼ਿਵ ਨੂੰ ਸਮਰਪਿਤ ਹੈ। ਗਰਭਗ੍ਰਹਿ ਦੀਆਂ ਕੰਧਾਂ ਤੇ ਸ਼ਿਵ ਦੇ ਕਈ ਰੂਪ ਚਿਤਰਿਤ ਹਨ।
ਚਿੱਤਰਗੁਪਤ ਮੰਦਰ 'ਚ ਸੱਤ ਘੋੜਿਆਂ ਦੇ ਰੱਥ ਤੇ ਸਵਾਰ ਭਗਵਾਨ ਸੂਰਜ ਦੀ ਮੂਰਤੀ ਹੈ। ਹੋਰ ਮੂਰਤੀਆਂ ਦੇ ਜ਼ਰੀਏ ਨਾਇਕ-ਨਾਇਕਾ ਦੇ ਆਲਿੰਗਨ ਨੂੰ ਵੱਖ ਵੱਖ ਰੂਪਾਂ 'ਚ ਦਰਸਾਇਆ ਗਿਆ ਹੈ। ਨਾਲ ਹੀ ਜਗਦੰਬਾ ਮੰਦਰ ਹੈ। ਇਸ ਦੀਆਂ ਕੰਧਾਂ ਤੇ ਮੈਥੁਨ ਮੂਰਤੀਆਂ ਜੜੀਆਂ ਹਨ। ਕਾਮਦੇਵ ਮੰਦਰ ਛੋਟਾ ਅਤੇ ਖੰਡਿਤ ਅਵਸਥਾ 'ਚ ਹੈ।

ਕੰਦਾਰਿਆ ਮਹਾਂਦੇਵ ਮੰਦਰ ਸੱਭ ਤੋਂ ਵਿਸ਼ਾਲ ਅਤੇ ਵਿਕਸਤ ਸ਼ੈਲੀ ਦਾ ਮੰਦਰ ਹੈ। ਸਪਤਰੱਥ ਸ਼ੈਲੀ 'ਚ ਬਣੇ 117 ਫ਼ੁੱਟ ਉੱਚੇ ਇਸ ਮੰਦਰ ਦਾ ਨਿਰਮਾਣ ਰਾਜਾ ਵਿਦਿਆਧਰ ਨੇ 1065 'ਚ ਕਰਵਾਇਆ ਸੀ। ਇਸ ਦੀਆਂ ਬਾਹਰੀ ਕੰਧਾਂ ਤੇ 646 ਮੂਰਤੀਆਂ ਹਨ ਅਤੇ ਅੰਦਰ ਵੀ 226 ਮੂਰਤੀਆਂ ਜੜੀਆਂ ਹਨ। ਮੰਦਰ ਦੀ ਸਰਦਲ ਤੇ ਸ਼ਿਵ ਦੀ ਚਾਰਮੁਖੀ ਮੂਰਤੀ ਨਾਲ ਬ੍ਰਹਮਾ ਅਤੇ ਵਿਸ਼ਨੂੰ ਵੀ ਬਿਰਾਜਮਾਨ ਹਨ।

ਕੰਦਾਰਿਆ ਮਹਾਂਦੇਵ ਮੰਦਰ ਦੀਆਂ ਕੰਧਾਂ ਤੇ ਸਰ-ਸੁੰਦਰੀ, ਨਰ-ਕਿੰਨਰ, ਦੇਵੀ- ਦੇਵਤਾ  ਅਤੇ  ਪ੍ਰੇਮੀ- ਜੁਗਲ  ਦੀਆਂ  ਮੂਰਤੀਆਂ ਹਨ। ਉਪਰ ਤੋਂ ਹੇਠਾਂ ਤਕ ਦੇ ਕਰਮ 'ਚ ਤਿੰਨ ਮੂਰਤੀਆਂ ਕਾਮਸੂਤਰ ਦੇ ਸਿਧਾਂਤ ਨੂੰ ਦਰਸਾਉਂਦੀਆਂ ਹਨ। ਅਸਲ 'ਚ ਇਥੇ ਦਿਲ ਦੀਆਂ ਗਹਿਰਾਈਆਂ 'ਚ ਉਤਰ ਜਾਣ ਵਾਲੇ ਅਨੋਖੇ ਮੈਥੁਨ ਦ੍ਰਿਸ਼ ਹਨ। 
ਵਾਮਨ ਮੰਦਰ ਵਿਸ਼ਨੂੰ ਦੇ ਵਾਮਨ ਅਵਤਾਰ ਨੂੰ ਸਮਰਪਿਤ ਹਨ।

ਕੰਧਾਂ ਤੇ ਪ੍ਰੇਮੀ ਜੋੜਿਆਂ ਦੇ ਆਲਿੰਗਨ ਦ੍ਰਿਸ਼ ਛੱਡ ਕੇ ਜ਼ਿਆਦਾਤਰ ਏਕਲ ਮੂਰਤੀਆਂ ਹਨ। ਜਵਾਰੀ ਮੰਦਰ 'ਚ ਭਗਵਾਨ ਵਿਸ਼ਨੂੰ ਦਾ ਬੈਕੁੰਠ ਰੂਪ ਮਿਲਦਾ ਹੈ। ਘਟਾਈ ਮੰਦਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਦੂਲਹਾ ਦੇਵ ਮੰਦਰ 'ਚ ਇਕ ਵਿਸ਼ਾਲ ਸ਼ਿਵਲਿੰਗ ਅਤੇ ਛੋਟੇ ਛੋਟੇ ਹਜ਼ਾਰ ਸ਼ਿਵਲਿੰਗ ਬਣੇ ਹਨ।12ਵੀਂ ਸ਼ਤਾਬਦੀ 'ਚ ਬਣਿਆ ਇਹ ਮੰਦਰ ਚੰਦੇਲ ਰਾਜਿਆਂ ਦੀ ਅੰਤਮ ਧਰੋਹਰ ਹੈ। ਚੰਦੇਲ  ਰਾਜਿਆਂ  ਵਲੋਂ ਬਣਾਏ ਮੰਦਰ  ਅਧਿਆਤਮ ਹੀ ਨਹੀਂ, ਸਥਾਪਤ ਅਤੇ ਇਤਿਹਾਸ ਦੀ ਨਜ਼ਰ 'ਚ ਵੀ ਬੇਜੋੜ ਹੈ। ਇਹ ਮੰਦਰ ਵਿਸ਼ਵ ਦੇ ਕਲਾ-ਪ੍ਰੇਮੀਆਂ ਲਈ ਅਨੂਠੇ ਉਪਹਾਰ ਹਨ।

ਨਿਊਯਾਰਕ ਤੋਂ ਖਜੁਰਾਹੋ ਦਰਸ਼ਨਾਂ ਨੂੰ ਆਈ 26 ਸਾਲਾਂ ਦੀ ਬੈਲੇ ਲਿੰਕਨ ਮੰਦਰ ਅਤੇ ਕਾਮ ਕ੍ਰੀੜਾ ਮੂਰਤੀਆਂ ਨੂੰ ਵੇਖਣ ਤੋਂ ਬਾਅਦ ਕਹਿੰਦੀ ਹੈ ਕਿ ਇਨ੍ਹਾਂ ਤੋਂ ਜੀਵਨ ਜਿਊਣ ਦੀ ਕਲਾ ਦਾ ਉਦੇਸ਼ ਮਿਲ ਗਿਆ ਜਦਕਿ ਉਸ ਨਾਲ ਆਏ ਉਸ ਦੇ ਪ੍ਰੇਮੀ ਸ਼ਰਲੇ ਨੇ ਚਹਿਕਦੇ ਹੋਏ ਕਿਹਾ ਕਿ ਇਨ੍ਹਾਂ ਮੂਰਤੀਆਂ ਨੂੰ ਵੇਖ ਕੇ ਨੈਸਰਗਿਕ ਆਨੰਦ ਦੀ ਪ੍ਰਾਪਤੀ ਹੋਈ ਹੈ। ਸਰੀਰ 'ਚ ਨਵੀਂ ਊਰਜਾ ਦਾ ਸੰਚਾਰ ਹੋਇਆ ਹੈ।

ਅਮਰੀਕੀ ਸੈਲਾਨੀ ਐਮ. ਟਾਮਸ ਕਹਿੰਦੇ ਹਨ ਕਿ ਕਾਮ ਅਤੇ ਰਾਮ ਦੀ ਜਾਣਕਾਰੀ ਦੇਣ ਵਾਲਾ ਇਹ ਖਜੁਰਾਹੋ ਵਿਸ਼ਵ ਦਾ ਅਨੋਖਾ ਸੈਲਾਨੀ ਸਥਾਨ ਹੈ। ਮੂਰਤੀਆਂ ਨੂੰ ਵੇਖਣ ਮਗਰੋਂ ਸਰੀਰ 'ਚ ਨਵੀਂ ਸ਼ਕਤੀ ਆ ਜਾਂਦੀ ਹੈ। ਮੱਧ ਪ੍ਰਦੇਸ਼ ਦੇ ਸਿਖਿਆ ਵਿਭਾਗ ਦੇ ਸਾਬਕਾ ਸਹਾਇਕ ਨਿਰਦੇਸ਼ਕ ਮੁਸ਼ਤਾਕ ਅਹਿਮਦ ਹਨਫ਼ੀ ਦਸਦੇ ਹਨ ਕਿ ਚੰਦੇਲ ਵੰਸ਼ ਦੇ ਪਤਨ ਮਗਰੋਂ ਖਜੁਰਾਹੋ ਦੀ ਪਛਾਣ ਖ਼ਤਮ ਹੋ ਚੁੱਕੀ ਸੀ। ਸੰਨ 1838 'ਚ ਅੰਗਰੇਜ਼ ਸਰਕਾਰ ਨੇ ਇਸ ਨੂੰ ਮੁੜ ਪਛਾਣ ਦਿਤੀ ਸੀ। 

ਭਾਰਤੀ ਪੁਰਾਤੱਤਵ ਸ਼ੰਰਕਸ਼ਣ ਖਜੁਰਾਹੋ ਦੇ ਅਧਿਕਾਰੀ ਅਨੁਸਾਰ ਵਿਦੇਸ਼ੀ ਸੈਲਾਨੀਆਂ ਤੋਂ ਹਰ ਸਾਲ ਲਗਭਗ ਡੇਢ ਕਰੋੜ ਰੁਪਏ ਵਿਦੇਸ਼ ਮੁਦਰਾ ਦੇ ਰੂਪ 'ਚ ਸਰਕਾਰ ਨੂੰ ਖਜੁਰਾਹੋ ਤੋਂ ਮਿਲਦਾ ਹੈ। ਖਜੁਰਾਹੋ ਦੀਆਂ ਕਲਾਕ੍ਰਿਤੀਆਂ ਭਾਰਤ ਸਰਕਾਰ ਲਈ ਕਾਮਧੇਨੂ ਬਣੀਆਂ ਹੋਈਆਂ ਹਨ। ਉਥੇ ਆਸਥਾ ਤੋਂ ਆਸ਼ਕੀ ਤਕ ਜੀਵਨ ਪੱਥਰਾਂ 'ਚ ਸਮਾਇਆ ਹੋਇਆ ਹੈ। 

ਪੇਸ਼ਕਸ਼ : ਦਲਜੀਤ ਸਿੰਘ ਸਮਾਧਵੀ
ਸੰਪਰਕ : 90414-07443