ਮਹਾਰਾਜਾ ਦਲੀਪ ਸਿੰਘ ਯਾਦਗਾਰੀ ਕੋਠੀ ਬੱਸੀਆਂ ਦੀ ਹਾਲਤ ਕਰੋੜਾਂ ਰੁਪਏ ਲੱਗਣ ਤੋਂ ਬਾਅਦ ਵੀ ਹੋਣ ਲੱਗੀ ਖ਼ਸਤਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਅੰਗਰੇਜ਼ਾਂ ਵਲੋਂ ਮਹਾਰਾਜਾ ਦਲੀਪ ਸਿੰਘ ਨੂੰ ਲਾਹੌਰ ਤੋਂ ਬੰਦੀ ਬਣਾ ਕੇ ਲਿਆਉਣ ਸਮੇਂ ਇਸ ਆਰਾਮ ਘਰ ਵਿਚ ਇਕ ਰਾਤ ਵਿਸ਼ਰਾਮ ਕਰਵਾਇਆ ਸੀ

Maharaja Duleep Singh Memorial Kothi Busia condition is dire

 

ਰਾਏਕੋਟ (ਜਸਵੰਤ ਸਿੰਘ ਸਿੱਧੂ) : ਪੰਜਾਬ ਸਰਕਾਰ ਵਲੋਂ ਪੁਰਾਤਨ ਇਤਿਹਾਸਕ ਯਾਦਗਾਰਾਂ ਦੀ ਸਾਂਭ-ਸੰਭਾਲ ਲਈ ਵੱਡੇ ਪੱਧਰ ਤੇ ਬਜਟ ਰਖਿਆ ਜਾਂਦਾ ਹੈ, ਪਰ ਇਥੋਂ ਨਜ਼ਦੀਕੀ ਪਿੰਡ ਬੱਸੀਆਂ ਵਿਖੇ ਬਣੀ ਮਹਾਰਾਜਾ ਰਣਜੀਤ ਸਿੰਘ ਦੇ ਵਾਰਸ ਮਹਾਰਾਜਾ ਦਲੀਪ ਸਿੰਘ ਯਾਦਗਾਰੀ ਕੋਠੀ ਸਰਕਾਰ ਤੇ ਪ੍ਰਸ਼ਾਸਨ ਦੀ ਬੇਰੁਖੀ ਦਾ ਸ਼ਿਕਾਰ ਹੋ ਰਹੀ ਹੈ। ਭਾਵੇਂ ਪ੍ਰਸ਼ਾਸਨ ਵਲੋਂ ਇਥੇ ਡਿਪਟੀ ਕਮਿਸ਼ਨਰ ਲੁਧਿਆਣਾ ਦੀ ਅਗਵਾਈ ਹੇਠ ਜ਼ਿਲ੍ਹਾ ਪਧਰੀ ਮੈਨੇਜਮੈਂਟ ਕਮੇਟੀ ਤੇ ਮਹਾਰਾਜਾ ਦਲੀਪ ਸਿੰਘ ਯਾਦਗਾਰੀ ਟਰੱਸਟ ਬਣਾ ਕੇ ਕੋਠੀ ਦੀ ਸਾਂਭ-ਸੰਭਾਲ ਦਾ ਜ਼ਿੰਮਾ ਸੌਂਪਿਆ ਗਿਆ ਸੀ। ਪਰ ਸਰਕਾਰ ਦੀ ਅਣਦੇਖੀ ਕਾਰਨ ਇਹ ਕੋਠੀ ਅਪਣੀ ਪਹਿਲਾਂ ਵਾਲੀ ਦਿਖ ਗਵਾਉਂਦੀ ਹੋਈ ਨਜ਼ਰ ਆ ਰਹੀ ਹੈ। ਜਾਣਕਾਰੀ ਅਨੁਸਾਰ ਇਹ ਯਾਦਗਾਰੀ ਕੋਠੀ ਜੋ ਕਿ 13 ਏਕੜ ਵਿਚ ਬਣੀ ਹੋਈ ਹੈ ਤੇ ਬੱਸੀਆਂ ਦੀ ਕੋਠੀ ਵਜੋਂ ਜਾਣੇ ਜਾਂਦੇ ਇਸ ਆਰਾਮ ਘਰ ਦਾ ਇਤਿਹਾਸ ਸਿੱਖ ਰਾਜ ਦੇ ਆਖ਼ਰੀ ਵਾਰਸ ਮਹਾਰਾਜਾ ਦਲੀਪ ਸਿੰਘ ਨਾਲ ਜੁੜਿਆ ਹੋਇਆ ਹੈ।

Maharaja Ranjit Singh

ਅੰਗਰੇਜ਼ਾਂ ਵਲੋਂ ਮਹਾਰਾਜਾ ਦਲੀਪ ਸਿੰਘ ਨੂੰ ਲਾਹੌਰ ਤੋਂ ਬੰਦੀ ਬਣਾ ਕੇ ਲਿਆਉਣ ਸਮੇਂ ਇਸ ਆਰਾਮ ਘਰ ਵਿਚ ਇਕ ਰਾਤ ਵਿਸ਼ਰਾਮ ਕਰਵਾਇਆ ਸੀ ਅਤੇ ਦਿਨ ਚੜ੍ਹਦੇ ਹੀ ਉਸ ਨੂੰ ਅਪਣੇ ਨਾਲ ਵਿਦੇਸ਼ ਲੈ ਗਏ। ਇਹ ਪੁਰਾਤਨ ਆਰਾਮ ਘਰ ਕਦੇ ਅੰਗਰੇਜ਼ ਅਫ਼ਸਰਾਂ ਲਈ ਠਹਿਰ ਦਾ ਕੇਂਦਰ ਬਿੰਦੂ ਹੋਇਆ ਕਰਦਾ ਸੀ ਜੋ ਅੰਗਰੇਜ਼ਾਂ ਲਈ ਬਹੁਤ ਅਹਿਮੀਅਤ ਰਖਦਾ ਸੀ। ਪਰ ਹੁਣ 13 ਏਕੜ ਦੇ ਰਕਬੇ ਵਿਚ ਲੱਗੇ ਰੁੱਖ ਜੰਗਲ ਵਾਂਗ ਜਾਪ ਰਹੇ ਹਨ। ਘਾਹ, ਫੂਸ, ਝਾੜੀਆਂ ਅਤੇ ਡਿਗੂੰ-ਡਿਗੂੰ ਕਰਦੀ ਇਮਾਰਤ ਕਿਸੇ ਖੰਡਰ ਦਾ ਭੁਲੇਖਾ ਪਾ ਰਹੇ ਹਨ। ਮਹਾਰਾਜਾ ਦਲੀਪ ਸਿੰਘ ਯਾਦਗਾਰੀ ਕੋਠੀ ਜੋ ਅਪਣੀ ਹਦੂਦ ਅੰਦਰ ਇਤਿਹਾਸ ਸਮੋਈ ਖੜੀ ਹੈ।
ਇਹ ਕੋਠੀ ਫ਼ਿਰੋਜ਼ਪੁਰ ਸਥਿਤ ਬ੍ਰਿਟਿਸ਼ ਮਿਲਟਰੀ ਡਿਵੀਜ਼ਨ ਦੀ ਅਸਲਾ ਸਪਲਾਈ ਡਿਪੂ ਵੀ ਰਹੀ ਹੈ।

Duleep Singh

ਰਾਏਕੋਟ ਦੇ ਬੁੱਚੜਾਂ ਨੂੰ ਸੋਧਣ ਵਾਲੇ ਕੂਕਿਆਂ ਨੂੰ ਫਾਂਸੀ ਦੀ ਸਜ਼ਾ ਇਸੇ ਕੋਠੀ ’ਚ ਸੈਸ਼ਨ ਕੋਰਟ ਲਗਾ ਕੇ ਦਿਤੀ ਗਈ ਸੀ। ਪੰਜਾਬ ਦੀ ਵੰਡ ਦਾ ਨਕਸ਼ਾ ਸੰਯੁਕਤ ਪੰਜਾਬ ਦੇ ਆਗੂਆਂ ਅਤੇ ਅੰਗਰੇਜ਼ ਸ਼ਾਸਕਾਂ ਵਲੋਂ ਇਥੇ ਹੀ ਤਿਆਰ ਕੀਤਾ ਗਿਆ। ਰਾਜ ਵਿੱਚ ਇਕ ਦਹਾਕੇ ਤੋਂ ਵੱਧ ਚੱਲੀ ਅਸ਼ਾਂਤੀ ਦੌਰਾਨ ਪੰਜਾਬ ਪੁਲਿਸ ਨੇ ਇਸ ਇਮਾਰਤ ਨੂੰ ਰੱਜ ਕੇ ‘ਤਸੀਹੇ ਕੇਂਦਰ’ ਵਜੋਂ ਵਰਤਿਆ। ਇਸੇ ਲਈ ਇਸ ਨੂੰ ‘ਸਰਾਪੀ ਕੋਠੀ’ ਵੀ ਕਿਹਾ ਜਾਂਦਾ ਰਿਹਾ। ਬਾਅਦ ਵਿਚ ਨਹਿਰੀ ਰੈਸਟ ਹਾਊਸ ਬਣਨ ਨਾਲ ਇਹ ਨਹਿਰੀ ਵਿਭਾਗ ਦੀ ਮਲਕੀਅਤ ਹੋ ਗਈ।

ਸੰਨ 2011 ’ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਅਪਣੇ ਸੰਗਤ ਦਰਸ਼ਨ ਪ੍ਰੋਗਰਾਮ ਦੇ ਚਲਦੇ ਅਪਣੇ ਦੌਰੇ ਦੌਰਾਨ ਇਸ ਕੋਠੀ ਨੂੰ ਵਧੀਆ ਯਾਦਗਾਰ ਵਜੋਂ ਉਭਾਰਨ ਦਾ ਹੁਕਮ ਦਿਤਾ ਸੀ ਜਿਸ ਤੋੰ ਬਾਅਦ ਸਰਕਾਰ ਤੇ ਪ੍ਰਸ਼ਾਸਨ ਵਲੋਂ ਕਰੋੜਾਂ ਰੁਪਏ ਲਗਾਕੇ ਇਸ ਕੋਠੀ ਦੀ ਦਿਖ ਨੂੰ ਸਵਾਰਿਆ ਗਿਆ ਪਰ ਅਫ਼ਸੋਸ ਕਿ ਹੁਣ ਇਹ ਇਤਿਹਾਸਕ ਕੋਠੀ ਫਿਰ ਤੋਂ ਖੰਡਰ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ, ਜਿਸ ਵਿਚ ਮਹਾਰਾਜਾ ਦਲੀਪ ਸਿੰਘ ਦੇ ਬਣਾਏ ਆਦਮ-ਕੱਦ ਬੁੱਤ ਤੋਂ ਰੰਗ-ਰੋਗਨ ਲੈਣ ਕਰ ਕੇ ਇਹ ਬੁੱਤ ਅਪਣਾ ਰੂਪ ਗਵਾਉਂਦਾ ਨਜ਼ਰ ਆ ਰਿਹਾ ਹੈ ਉਥੇ ਹੀ ਲੱਕੜੀ ਦੀ ਕਾਰੀਗਰੀ ਖ਼ਰਾਬ ਹੋ ਗਈ ਹੈ ਤੇ ਸਿਉਂਕ ਲੱਕੜ ਨੂੰ ਖਾ ਗਈ ਹੈ। ਤਿੰਨੋਂ ਹਾਲਾਂ ਦੀਆਂ ਕੰਧਾਂ ਵਿਚ ਤਰੇੜਾਂ ਆ ਗਈਆਂ ਹਨ। ਕਈ ਥਾਵਾਂ ’ਤੇ ਪੇਂਟ ਅਤੇ ਪਲਾਸਟਰ ਉਖੜ ਰਿਹਾ ਹੈ। ਕੁੱਝ ਫੋਕਸ ਲਾਈਟਾਂ ਕੰਮ ਨਹੀਂ ਕਰ ਰਹੀਆਂ। ਤਸਵੀਰਾਂ ਫਿੱਕੀਆਂ ਪੈ ਗਈਆਂ ਹਨ ਤੇ ਹਰਿਆਵਲ ਜੰਗਲੀ ਹੋ ਰਹੀ ਹੈ ਜਿਸ ਕਾਰਨ ਇਹ ਕੋਠੀ ਖੰਡਰ ਰੂਪ ਧਾਰਨ ਕਰਦੀ ਜਾ ਰਹੀ ਹੈ।

Punjab Government

ਇਕ ਕਰਮਚਾਰੀ ਨੇ ਦਸਿਆ ਕਿ ਕਿਸੇ ਵੀ ਉੱਚ ਅਧਿਕਾਰੀ ਨੇ ਇਸ ਪਾਸੇ ਧਿਆਨ ਨਹੀਂ ਦਿਤਾ ਅਤੇ ਸਰਕਾਰ ਵਲੋਂ ਫ਼ੰਡਾਂ ਅਤੇ ਧਿਆਨ ਦੀ ਘਾਟ ਕਾਰਨ ਇਤਿਹਾਸਕ ਸਥਾਨ ਅਪਣੀ ਚਮਕ ਗੁਆ ਰਿਹਾ ਹੈ। ਉਥੇ ਹੀ ਆਲੇ-ਦੁਆਲੇ ਦੀ ਸਾਫ਼-ਸਫ਼ਾਈ ਦਾ ਬੁਰਾ ਹਾਲ ਹੈ ਜਿਸ ਕਰ ਕੇ ਇਸ ਦੀ ਖੂਬਸੂਰਤੀ ਨੂੰ ਦਾਗ ਲੱਗ ਰਿਹਾ ਹੈ। ਜ਼ਿਕਰਯੋਗ ਹੈ ਕਿ ਇਥੇ ਅੱਧੀ ਦਰਜਨ ਦੇ ਕਰੀਬ ਮੁਲਾਜ਼ਮ ਕੰਮ ਕਰਦੇ ਹਨ ਜਿੰਨਾਂ ਨੂੰ ਤਨਖਾਹਾਂ ਵੀ ਸਮੇਂ ਸਿਰ ਨਹੀਂ ਮਿਲ ਰਹੀਆਂ। ਹੁਣ ਵੇਖਣਾ ਇਹ ਹੈ ਕਿ ਮੌਜੂਦਾ ਸਰਕਾਰ ਇਸ ਮਹਾਨ ਇਤਿਹਾਸਕ ਯਾਦਗਾਰੀ ਕੋਠੀ ਦੀ ਸਾਰ ਲਵੇਗੀ ਜਾਂ ਫਿਰ ਰਾਏਕੋਟ ਇਲਾਕੇ ਨੂੰ ਮਿਲੀ ਸ਼ਾਨਦਾਰ ਯਾਦਗਾਰ ਇਕ ਵਾਰ ਫੇਰ ਖੰਡਰ ’ਚ ਬਣ ਕੇ ਰਹਿ ਜਾਵੇਗੀ। ਇਸ ਸਬੰਧੀ ਜਦੋਂ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਮੈਡਮ ਸੁਰਭੀ ਮਲਿਕ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਮੈਂ ਇਸ ਮਹਾਰਾਜਾ ਦਲੀਪ ਸਿੰਘ ਯਾਦਗਾਰੀ ਕੋਠੀ ਦਾ ਦੌਰਾ ਕਰ ਚੁੱਕੀ ਹਾਂ ਤੇ ਇਹ ਮਾਮਲਾ ਮੇਰੇ ਧਿਆਨ ’ਚ ਹੈ ਜੋ ਵੀ ਸਮੱਸਿਆਵਾਂ ਆ ਰਹੀਆਂ ਹਨ ਉਸ ਸਬੰਧੀ ਪ੍ਰਪੋਜਲ ਬਣਾ ਕੇ ਸਰਕਾਰ ਨੂੰ ਭੇਜੀ ਜਾ ਚੁੱਕੀ ਹੈ।