ਲੰਡਨ ਵਿਚ ਲੱਗੀ ਪੰਜਾਬ ਦੇ ਆਖਰੀ ਮਹਾਰਾਜਾ ਦਲੀਪ ਸਿੰਘ ਦੇ ਜੀਵਨ ’ਤੇ ਝਾਤ ਪਾਉਂਦੀ ਪ੍ਰਦਰਸ਼ਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਮਸ਼ਹੂਰ ਲੇਖਕ ਪੀਟਰ ਬੈਂਸ ਨੇ ਮਹਾਰਾਜਾ ਦਲੀਪ ਸਿੰਘ ਨਾਲ ਸਬੰਧਤ ਇਹਨਾਂ ਵਸਤੂਆਂ ਨੂੰ ਇਕੱਠਿਆਂ ਕਰਨ ਲਈ ਲਗਾਏ ਸਨ 25 ਸਾਲ

Maharaja Duleep Singh exhibition in UK

 

ਲੰਡਨ: ਇੰਗਲੈਂਡ ਨੌਰਫੋਕ ਕਾਉਂਟੀ ਵਿਚ ਪੰਜਾਬ ਦੇ ਆਖਰੀ ਮਹਾਰਾਜਾ ਦਲੀਪ ਸਿੰਘ ਦੇ ਜੀਵਨ ’ਤੇ ਝਾਤ ਪਾਉਂਦੀ ਪ੍ਰਦਰਸ਼ਨੀ ਲਗਾਈ ਗਈ ਹੈ। ਇਸ ਪ੍ਰਦਰਸ਼ਨੀ ਲਈ ਬਰਤਾਨਵੀ ਇਤਿਹਾਸਕਾਰ, ਲੇਖਕ ਅਤੇ ਕਲਾ ਸੰਗ੍ਰਹਿਕਾਰ ਪੀਟਰ ਬੈਂਸ (ਭੁਪਿੰਦਰ ਸਿੰਘ) ਨੇ ਆਪਣਾ ਨਿੱਜੀ ਸੰਗ੍ਰਹਿ ਸੌਂਪਿਆ ਹੈ।

Maharaja Duleep Singh exhibition in UK

'ਸਾਵਰੇਨ, ਸਕਵਾਇਰ ਐਂਡ ਰਿਬੇਲ: ਮਹਾਰਾਜਾ ਦਲੀਪ ਸਿੰਘ ਐਂਡ ਦਿ ਹੀਰਜ਼ ਆਫ ਏ ਲੌਸਟ ਕਿੰਗਡਮ' ਦੇ ਲੇਖਕ ਪੀਟਰ ਬੈਂਸ ਨੇ ਇਸ ਹਫਤੇ ਨੌਰਵਿਚ ਦੇ ਨੌਰਫੋਕ ਰਿਕਾਰਡ ਦਫਤਰ ਵਿਖੇ ਪ੍ਰਦਰਸ਼ਨੀ ਦਾ ਰਸਮੀ ਉਦਘਾਟਨ ਕੀਤਾ। 'ਮਹਾਰਾਜਾ ਦਲੀਪ ਸਿੰਘ: ਨੌਰਫੋਕ ਪ੍ਰਿੰਸਲੀ ਫੈਮਿਲੀ' ਨੂੰ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਅਤੇ ਵਾਰਸ 'ਤੇ ਹੁਣ ਤੱਕ ਦੀ ਸਭ ਤੋਂ ਵੱਡੀ ਪ੍ਰਦਰਸ਼ਨੀ ਮੰਨਿਆ ਜਾਂਦਾ ਹੈ ਅਤੇ ਇਹ 2022 ਦੇ 'ਫੈਸਟੀਵਲ ਆਫ ਈਸਟ ਐਂਗਲੀਆ ਐਂਡ ਪੰਜਾਬ' ਤਿਉਹਾਰ ਦਾ ਹਿੱਸਾ ਹੈ।

Maharaja Duleep Singh exhibition in UK

ਬੈਂਸ ਨੇ ਕਿਹਾ, "ਇਹਨਾਂ ਵਿਚੋਂ ਬਹੁਤ ਸਾਰੀਆਂ ਇਤਿਹਾਸਕ ਵਸਤੂਆਂ ਨੂੰ ਪਹਿਲੀ ਵਾਰ ਜਨਤਕ ਤੌਰ 'ਤੇ ਦੇਖਣ ਲਈ ਪ੍ਰਦਰਸ਼ਿਤ ਕੀਤਾ ਗਿਆ ਹੈ ਅਤੇ ਮੈਂ ਉਮੀਦ ਕਰਦਾ ਹਾਂ ਕਿ ਸੈਲਾਨੀ ਉਹਨਾਂ ਨੂੰ ਦੇਖਣ ਦਾ ਓਨਾ ਹੀ ਆਨੰਦ ਲੈਣਗੇ ਜਿੰਨਾ ਮੈਂ ਉਹਨਾਂ ਨੂੰ ਖੋਜਣ ਵਿਚ ਮਾਣਿਆ ਹੈ" ।

Maharaja Duleep Singh

ਨੌਰਫੋਕ ਕਾਉਂਟੀ ਦੇ ਕਾਉਂਸਲ ਦਾ ਕਹਿਣਾ ਹੈ ਕਿ ਇਸ 'ਅਸਧਾਰਨ ਪਰਿਵਾਰ' ਦੀਆਂ ਜ਼ਿੰਦਗੀਆਂ ਦੀ ਪੀਟਰ ਬੈਂਸ ਕਲੈਕਸ਼ਨ ਦੀਆਂ ਵਸਤੂਆਂ ਨਾਲ ਪੜਚੋਲ ਕੀਤੀ ਜਾਵੇਗੀ। ਪੀਟਰ ਬੈਂਸ ਨੇ ਇਹਨਾਂ ਨੂੰ ਇਕੱਠਿਆਂ ਕਰਨ ਲਈ 25 ਸਾਲ ਲਗਾਏ ਹਨ। ਇਹਨਾਂ ਵਿਚੋਂ ਬਹੁਤ ਸਾਰੀਆਂ ਵਸਤੂਆਂ ਪਹਿਲੀ ਵਾਰ ਪ੍ਰਦਰਸ਼ਨੀ ਵਿਚ ਲਗਾਈਆਂ ਗਈਆਂ ਹਨ।