ਬੱਸ ਰਾਹੀਂ ਜਾਓ ਦਿੱਲੀ ਤੋਂ ਲੰਡਨ, 70 ਦਿਨਾਂ ‘ਚ ਕਰੋ 18 ਦੇਸ਼ਾਂ ਦੀ ਸੈਰ, ਪੜ੍ਹੋ ਪੂਰੀ ਖ਼ਬਰ

ਏਜੰਸੀ

ਜੀਵਨ ਜਾਚ, ਯਾਤਰਾ

ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲਦਿਆਂ ਦੁਨੀਆਂ ਭਰ ਦੇ ਕਈ ਦੇਸ਼ਾਂ ਵਿਚ ਲੌਕਡਾਊਨ ਜਾਰੀ ਹੈ।

Bus To London

ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲਦਿਆਂ ਦੁਨੀਆਂ ਭਰ ਦੇ ਕਈ ਦੇਸ਼ਾਂ ਵਿਚ ਲੌਕਡਾਊਨ ਜਾਰੀ ਹੈ। ਕਈ ਦੇਸ਼ਾਂ ਵੱਲੋਂ ਹਵਾਈ ਯਾਤਰਾ ਨੂੰ ਵੀ ਸੀਮਤ ਕੀਤਾ ਗਿਆ ਹੈ। ਇਸ ਦੌਰਾਨ ਇਕ ਟਰੈਵਲ  ਏਜੰਸੀ ਨੇ ਦਿੱਲੀ ਤੋਂ ਲੰਡਨ ਵਿਚਕਾਰ ਇਕ ਅਨੋਖੇ ਸਫ਼ਰ ਦੀ ਪੇਸ਼ਕਸ਼ ਕੀਤੀ ਹੈ। ਇਹ ਸਫ਼ਰ ਅਨੋਖਾ ਇਸ ਲਈ ਹੈ ਕਿਉਂਕਿ ਇਹ ਸਫ਼ਰ ਹਵਾਈ ਜਹਾਜ਼ ਦੀ ਬਜਾਏ ਬੱਸ ਜ਼ਰੀਏ ਤੈਅ ਕੀਤਾ ਜਾਵੇਗਾ।

ਗੁਰੂਗ੍ਰਾਮ ਦੀ ਇਕ ਕੰਪਨੀ ਨੇ 15 ਅਗਸਤ ਨੂੰ ‘ਬਸ ਟੂ ਲੰਡਨ’ ਨਾਮ ਦੀ ਇਕ ਯਾਤਰਾ ਦਾ ਅਯੋਜਨ ਕੀਤਾ ਹੈ। ਇਹ ਟੂਰ 70 ਦਿਨਾਂ ਦਾ ਹੈ, ਜਿਸ ਵਿਚ ਯਾਤਰੀਆਂ ਨੂੰ ਸੜਕ ਦੇ ਰਾਸਤੇ ਦਿੱਲੀ ਤੋਂ ਲੰਡਨ ਪਹੁੰਚਾਇਆ ਜਾਵੇਗਾ। ਟਰੈਵਲ  ਕੰਪਨੀ ਨੇ 15 ਅਗਸਤ ਯਾਨੀ ਭਾਰਤ ਦੇ 74ਵੇਂ ਅਜ਼ਾਦੀ ਦਿਹਾੜੇ ਮੌਕੇ ਸੋਸ਼ਲ ਮੀਡੀਆ ਜ਼ਰੀਏ ਜਾਣਕਾਰੀ ਦਿੱਤੀ ਹੈ।

ਦਿੱਲੀ ਤੋਂ ਲੰਡਨ ਵਿਚਕਾਰ 18 ਦੇਸ਼ਾਂ ਦੀ ਹੋਵੇਗੀ ਸੈਰ

ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਗਈ ਇਕ ਪੋਸਟ ਮੁਤਾਬਕ ਦਿੱਲੀ ਤੋਂ ਲੰਡਨ ਵਿਚਕਾਰ 70 ਦਿਨਾਂ ਦਾ ਇਹ ਖ਼ਾਸ ਟੂਰ ਦਿਲਚਸਪ ਰਹਿਣ ਵਾਲਾ ਹੈ। ਇਹਨਾਂ 70 ਦਿਨਾਂ ਵਿਚ ਲੋਕ 20,000 ਕਿਲੋਮੀਟਰ ਦੀ ਦੂਰੀ ਸੜਕ ਜ਼ਰੀਏ ਤੈਅ ਕਰਨਗੇ। ਬ੍ਰਿਟੇਨ ਪਹੁੰਚਣ ਤੋਂ ਪਹਿਲਾਂ ਇਹ ਬੱਸ ਮੀਆਂਮਾਰ, ਥਾਈਲੈਂਡ, ਲਾਓਸ, ਚੀਨ, ਕਿਰਗਿਸਤਾਨ, ਉਜ਼ਬੇਕਿਸਤਾਨ, ਕਜ਼ਾਕਿਸਤਾਨ, ਰੂਸ, ਲਾਤਵੀਆ, ਲਿਥੁਆਨੀਆ, ਪੋਲੈਂਡ, ਚੈੱਕ ਗਣਰਾਜ, ਜਰਮਨੀ, ਨੀਦਰਲੈਂਡਜ਼, ਬੈਲਜੀਅਮ ਅਤੇ ਫਰਾਂਸ ਆਦਿ 18 ਦੇਸ਼ਾਂ ਦੀ ਯਾਤਰਾ ਕਰਵਾਏਗੀ।

ਸਫ਼ਤ ‘ਤੇ ਜਾਣਗੇ 20 ਯਾਤਰੀ

ਅਗਲੇ ਸਾਲ ਦਿੱਲੀ ਤੋਂ ਲੰਡਨ ਜਾਣ ਵਾਲੇ ਇਸ ਟੂਰ ਵਿਚ ਸਰਫ਼ 20 ਯਾਤਰੀ ਹਿੱਸਾ ਲੈਣਗੇ। ਦੱਸ ਦਈਏ ਕਿ ਇਸ ਬੱਸ ਦੀਆਂ ਸਾਰੀਆਂ ਸੀਟਾਂ ਬਿਜ਼ਨਸ ਕਲਾਸ ਦੀਆਂ ਹੋਣਗੀਆਂ। ਬੱਸ ਵਿਚ ਸਵਾਰ 20 ਯਾਤਰੀਆਂ ਤੋਂ ਇਲਾਵਾ ਇਕ ਚਾਲਕ, ਸਹਾਇਕ ਚਾਲਕ, ਪ੍ਰਬੰਧਕ ਕੰਪਨੀ ਦਾ ਏਜੰਟ ਅਤੇ ਇਕ ਗਾਈਡ ਹੋਵੇਗਾ। 18 ਵੱਖ-ਵੱਖ ਦੇਸ਼ਾਂ ਵਿਚ ਗਾਈਡ ਬਦਲਦੇ ਰਹਿਣਗੇ।

ਮਿਲਣਗੀਆਂ ਇਹ ਸਹੂਲਤਾਂ

ਇਸ ਟੂਰ ਲਈ ਯਾਤਰੀਆਂ ਕੋਲ 10 ਦੇਸ਼ਾਂ ਦਾ ਵੀਜ਼ਾ ਹੋਣਾ ਲਾਜ਼ਮੀ ਹੈ। ਇਸ ਦਾ ਇੰਤਜ਼ਾਮ ਵੀ ਕੰਪਨੀ ਵੱਲੋਂ ਹੀ ਕੀਤਾ ਜਾਵੇਗਾ। ਵੱਖ-ਵੱਖ ਦੇਸ਼ਾਂ ਦੀ ਯਾਤਰਾ ਕਰਨ ਦਾ ਸੁਪਨਾ ਦੇਖਣ ਵਾਲਿਆਂ ਲਈ ਇਹ ਕਾਫ਼ੀ ਚੰਗਾ ਮੌਕਾ ਹੋ ਸਕਦਾ ਹੈ। ਯਾਤਰਾ ਦੌਰਾਨ ਲੋਕਾਂ ਦੇ ਠਹਿਰਣ ਦਾ ਇੰਤਜ਼ਾਮ 4 ਸਟਾਰ ਅਤੇ 5 ਸਟਾਰ ਹੋਟਲਾਂ ਵਿਚ ਕੀਤਾ ਜਾਵੇਗਾ। ਹਾਲਾਂਕਿ ਇਸ ਦੇ ਲਈ ਲੋਕਾਂ ਨੂੰ ਭਾਰੀ ਰਕਮ ਵੀ ਖਰਚ ਕਰਨੀ ਪਵੇਗੀ।

ਕਿੰਨਾ ਹੋਵੇਗਾ ਕਿਰਾਇਆ

ਰਿਪੋਰਟ ਮੁਤਾਬਕ ਦਿੱਲੀ ਤੋਂ ਲੰਡਨ ਜਾਣ ਵਾਲੀ ਇਸ ਬੱਸ ਦੀ ਟਿਕਟ ਲਈ ਤੁਹਾਨੂੰ 15 ਲੱਖ ਰੁਪਏ ਭਰਨੇ ਪੈਣਗੇ, ਜੋ ਲੋਕ 15 ਲੱਖ ਰੁਪਏ ਇਕੱਠੇ ਨਹੀਂ ਦੇ ਸਕਦੇ, ਉਹ ਕਿਸ਼ਤਾਂ ਵਿਚ ਵੀ ਕਿਰਾਇਆ ਭਰ ਸਕਦੇ ਹਨ। ਟਰੈਵਲ ਕੰਪਨੀ ਦੇ ਸੰਸਥਾਪਕ ਦਾ ਕਹਿਣਾ ਹੈ ਉਹ ਅਤੇ ਉਹਨਾਂ ਦੇ ਸਾਥੀ ਸਾਲ 2017, 2018 ਅਤੇ 2019 ਵਿਚ ਵੀ ਕਾਰ ਰਾਹੀਂ ਦਿੱਲੀ ਤੋਂ ਲੰਡਨ ਦਾ ਸਫ਼ਰ ਕਰ ਚੁੱਕੇ ਹਨ।