ਕੀ ਹੈ ਦਿੱਲੀ ਦੇ 'ਤੀਸ ਹਜ਼ਾਰੀ' ਦਾ ਇਤਿਹਾਸ?

ਏਜੰਸੀ

ਖ਼ਬਰਾਂ, ਰਾਸ਼ਟਰੀ

ਜੇ ਨਹੀਂ ਤਾਂ ਆਓ ਤੁਹਾਨੂੰ ਇਸ ਦੇ ਇਤਿਹਾਸ...

History of Delhi's 'Tis hazari'  

ਨਵੀਂ ਦਿੱਲੀ: ਤੀਸ ਹਜ਼ਾਰੀ ਦਾ ਨਾਮ ਆਉਂਦਿਆਂ ਹੀ ਜ਼ਿਆਦਾਤਰ ਲੋਕਾਂ ਦੀਆਂ ਅੱਖਾਂ ਸਾਹਮਣੇ ਉਤਰੀ ਦਿੱਲੀ ਵਿਚ ਇਕ ਭੀੜ ਭਾੜ ਦਾ ਇਲਾਕਾ ਅਤੇ ਜ਼ਿਲ੍ਹਾ ਅਦਾਲਤਾਂ ਦਾ ਦ੍ਰਿਸ਼ ਆ ਜਾਂਦਾ ਹੈ। ਅੱਜ-ਕੱਲ੍ਹ ਇਹ ਇਲਾਕਾ ਤੀਸ ਹਜ਼ਾਰੀ ਅਦਾਲਤ ਕਰਕੇ ਹੀ ਮਸ਼ਹੂਰ ਹੈ ਅਤੇ ਦਿਨ ਵਿਚ ਰੋਜ਼ਾਨਾ ਲੱਖਾਂ ਲੋਕ ਇੱਥੋਂ ਗੁਜ਼ਰਦੇ ਹਨ ਪਰ ਕੀ ਤੁਹਾਨੂੰ ਪਤਾ ਹੈ ਕਿ ਕੀ ਹੈ ਦਿੱਲੀ ਦੇ ਇਸ ਤੀਸ ਹਜ਼ਾਰੀ ਇਲਾਕੇ ਦਾ ਇਤਿਹਾਸ।

ਜੇ ਨਹੀਂ ਤਾਂ ਆਓ ਤੁਹਾਨੂੰ ਇਸ ਦੇ ਇਤਿਹਾਸ ਤੋਂ ਜਾਣੂ ਕਰਵਾਓਨੇ ਹਾਂ। ਤੀਸ ਹਜ਼ਾਰੀ ਦਾ ਇਤਿਹਾਸ ਸਿੱਖ ਜਰਨੈਲ ਬਾਬਾ ਬਘੇਲ ਸਿੰਘ, ਜੱਸਾ ਸਿੰਘ ਆਹਲੂਵਾਲੀਆ ਅਤੇ ਜੱਸਾ ਸਿੰਘ ਰਾਮਗੜ੍ਹੀਆ ਨਾਲ ਜੁੜਿਆ ਹੋਇਐ, ਜਿਨ੍ਹਾਂ ਨੇ ਦਿੱਲੀ ਨੂੰ ਫਤਿਹ ਕਰਕੇ ਲਾਲ ਕਿਲ੍ਹੇ 'ਤੇ ਖ਼ਾਲਸਾਈ ਝੰਡਾ ਲਹਿਰਾਇਆ ਸੀ। 8 ਅਪ੍ਰੈਲ 1783 ਨੂੰ ਇਨ੍ਹਾਂ ਤਿੰਨੇ ਜਰਨੈਲਾਂ ਦੀ ਅਗਵਾਈ ਵਿਚ 40 ਹਜ਼ਾਰ ਸੈਨਿਕ ਬੁਰਾੜੀ ਘਾਟ ਪਾਰ ਕਰਕੇ ਦਿੱਲੀ ਵਿਚ ਦਾਖ਼ਲ ਹੋਏ।

ਆਹਲੂਵਾਲੀਆ ਦੇ ਨਿਰਦੇਸ਼ 'ਤੇ ਸੈਨਾ ਨੂੰ ਤਿੰਨ ਹਿੱਸਿਆਂ ਵਿਚ ਵੰਡਿਆ ਗਿਆ, ਜਿਸ ਵਿਚ 5 ਹਜ਼ਾਰ ਸਿਪਾਹੀ ਮਜਨੂੰ ਦੇ ਟਿੱਲੇ 'ਤੇ ਤਾਇਨਾਤ ਕੀਤੇ ਗਏ, 5 ਹਜ਼ਾਰ ਦੀ ਦੂਜੀ ਟੁਕੜੀ ਅਜਮੇਰੀ ਗੇਟ 'ਤੇ ਤਾਇਨਾਤ ਕੀਤੀ ਗਈ ਅਤੇ ਬਾਕੀ ਬਚੀ 30 ਹਜ਼ਾਰ ਦੀ ਸੈਨਾ ਨੂੰ ਸਬਜ਼ੀ ਮੰਡੀ ਅਤੇ ਕਸ਼ਮੀਰੀ ਗੇਟ ਦੇ ਵਿਚਕਾਰ ਦੇ ਸਥਾਨ 'ਤੇ ਖੜ੍ਹਾ ਕੀਤਾ ਗਿਆ ਜੋ ਲਾਲ ਕਿਲ੍ਹੇ 'ਤੇ ਹਮਲਾ ਕਰਨ ਲਈ ਤਿਆਰ ਬਰ ਤਿਆਰ ਸਨ।

ਜਿਵੇਂ ਹੀ ਇਸ ਦੀ ਖ਼ਬਰ ਬਾਦਸ਼ਾਹ ਸ਼ਾਹ ਆਲਮ ਨੂੰ ਪਈ ਤਾਂ ਉਹ ਘਬਰਾ ਗਿਆ ਅਤੇ ਉਸ ਨੇ ਮਿਰਜ਼ਾ ਸ਼ਿਕੋਹ ਦੀ ਅਗਵਾਈ ਵਿਚ ਮਹਿਤਾਬਪੁਰ ਕਿਲ੍ਹੇ 'ਤੇ ਸਿੱਖ ਸੈਨਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਹਾਰ ਕੇ ਭੱਜ ਗਿਆ ਅਤੇ ਲਾਲ ਕਿਲ੍ਹੇ ਵਿਚ ਲੁਕ ਗਿਆ। ਇਸ ਮਗਰੋਂ ਫਿਰ ਫਜ਼ਲ ਅਲੀ ਖ਼ਾਨ ਨੇ ਵੀ ਸਿੱਖਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਵੀ ਖ਼ਾਲਸਾ ਫ਼ੌਜ ਅੱਗੇ ਨਹੀਂ ਟਿਕ ਸਕਿਆ।

ਇਸ ਤੋਂ ਬਾਅਦ ਗੁਰੂ ਦੀਆਂ ਫ਼ੌਜਾਂ ਨੇ 'ਵਾਹਿਗੁਰੂ ਜੀ ਦਾ ਖ਼ਾਲਸਾ, ਵਾਹਿਗੁਰੂ ਜੀ ਦੀ ਫ਼ਤਿਹ' ਦੇ ਜੈਕਾਰੇ ਛੱਡਦਿਆਂ ਲਾਲ ਕਿਲ੍ਹੇ 'ਤੇ ਧਾਵਾ ਬੋਲ ਦਿੱਤਾ, ਦੂਜੇ ਪਾਸੇ ਅਜਮੇਰੀ ਗੇਟ 'ਤੇ ਤਾਇਨਾਤ ਸਿੰਘਾਂ ਨੇ ਵੀ ਸ਼ਹਿਰ 'ਤੇ ਹਮਲਾ ਕਰ ਦਿੱਤਾ। ਮੁਗ਼ਲ ਸੈਨਾ ਯੁੱਧ ਕਰਨ ਦੀ ਬਜਾਏ ਲੁਕ ਕੇ ਜਾਨ ਬਚਾਉਣ ਲੱਗੀ। ਆਖ਼ਰਕਾਰ 11 ਮਾਰਚ ਨੂੰ ਸਿੱਖ ਸੈਨਾ ਨੇ ਲਾਹੌਰੀ ਗੇਟ ਅਤੇ ਮੀਨਾ ਬਜ਼ਾਰ ਪਾਰ ਕਰਦੇ ਹੋਏ ਲਾਲ ਕਿਲ੍ਹੇ ਦੇ ਦੀਵਾਨ-ਏ-ਆਮ 'ਤੇ ਕਬਜ਼ਾ ਕਰ ਲਿਆ ਅਤੇ ਸਿੱਖ ਫ਼ੌਜਾਂ ਨੇ ਲਾਲ ਕਿਲ੍ਹੇ ਦੇ ਮੁੱਖ ਦੁਆਰ 'ਤੇ ਖ਼ਾਲਸਾ ਪੰਥ ਦਾ ਕੇਸਰੀ ਨਿਸ਼ਾਨ ਝੁਲਾ ਦਿੱਤਾ।

ਇਹ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਸੀ ਜਦੋਂ ਸਿੱਖਾਂ ਨੇ ਲਾਲ ਕਿਲ੍ਹੇ 'ਤੇ ਕਬਜ਼ਾ ਕੀਤਾ ਸੀ। ਇਸ ਹਮਲੇ ਦੌਰਾਨ ਜਿਸ ਜਗ੍ਹਾ 'ਤੇ ਸਿੱਖਾਂ ਦੀ 30 ਹਜ਼ਾਰ ਸੈਨਿਕਾਂ ਦੀ ਫ਼ੌਜ ਤਾਇਨਾਤ ਕੀਤੀ ਗਈ ਸੀ, ਉਸੇ ਥਾਂ ਨੂੰ ਅੱਜ ਤੀਸ ਹਜ਼ਾਰੀ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਮੌਜੂਦਾ ਸਮੇਂ ਇਸ ਜਗ੍ਹਾ 'ਤੇ ਦਿੱਲੀ ਦੀ ਸਭ ਤੋਂ ਪੁਰਾਣੀ ਅਦਾਲਤ ਬਣੀ ਹੋਈ ਹੈ, ਜੋ ਤੀਸ ਹਜ਼ਾਰੀ ਅਦਾਲਤ ਦੇ ਨਾਂਅ ਨਾਲ ਜਾਣੀ ਜਾਂਦੀ ਹੈ। ਅੱਜ ਪੂਰੀ ਸਿੱਖ ਕੌਮ ਨੂੰ ਅਪਣੇ ਇਸ ਮਾਣਮੱਤੇ ਇਤਿਹਾਸ 'ਤੇ ਮਾਣ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।