ਮਸ਼ਹੂਰ ਸੈਰ ਸਪਾਟਾ ਸਥਾਨ ਦੀ ਸੂਚੀ 'ਚ ਸ਼ਾਮਲ ਰਾਜਸਥਾਨ ਦਾ ਕੁਲਧਾਰਾ ਪਿੰਡ, ਜਿਹੜਾ ਰਾਤੋ ਰਾਤ ਗਿਆ ਸੀ ਉਜੜ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਭੂਤਾਂ ਭਰਿਆ ਹੋਣ ਦੇ ਬਾਵਜੂਦ ਇਹ ਸਥਾਨ ਭਾਰਤ ਹੀ ਨਹੀਂ ਸਗੋਂ ਵਿਦੇਸ਼ੀ ਸੈਲਾਨੀਆਂ ਲਈ ਵੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।

photo

 

ਜੈਪੁਰ: "ਰਾਜਿਆਂ ਦਾ ਸ਼ਹਿਰ" ਰਾਜਸਥਾਨ ਜਿਹੜਾ ਆਪਣੇ ਰੰਗੀਨ ਸੱਭਿਆਚਾਰ ਨੂੰ ਫੈਲਾਉਣ ਅਤੇ ਭਾਰਤ ਅਤੇ ਵਿਦੇਸ਼ਾਂ ਦੇ ਸੈਲਾਨੀਆਂ ਦੀ ਵੱਡੀ ਭੀੜ ਨੂੰ ਆਕਰਸ਼ਿਤ ਕਰਦਾ ਹੈ। ਇਸ ਸ਼ਹਿਰ ਦੀਆਂ ਕਈ ਥਾਵਾਂ 'ਤੇ ਅਜਿਹੇ ਰਾਜ ਦਫ਼ਨ ਹਨ ਜਿਹੜੇ ਕਈ ਸਾਲ ਬੀਤ ਜਾਣ ਦੇ ਬਾਅਦ ਵੀ ਅੱਜ ਤਕ ਅਣਸੁਲਝੇ ਅਤੇ ਸਰਾਪਿਤ ਹਨ। ਇਸ ਤਰਾਂ ਹੀ ਰਾਜਸਥਾਨ ਦੇ ਜੈਸਲਮੇਰ ਸ਼ਹਿਰ ਤੋਂ 14 ਕਿਲੋਮੀਟਰ ਦੂਰ ਕੁਲਧਾਰਾ ਪਿੰਡ ਜਿਹੜਾ ਪਿਛਲੇ 2੦੦ ਸਾਲਾਂ ਤੋਂ ਐਸਾ ਉਜੜਿਆ  ਕਿ ਮੁੜ ਫੇਰ ਵੱਸਿਆ ਹੀ ਨਹੀਂ।

ਕੁਲਧਾਰਾ ਪਿੰਡ ਦਾ ਨਾਮ ਉਨ੍ਹਾਂ ਥਾਵਾਂ ਵਿਚੋਂ ਇਕ ਹੈ ਜੋ ਭਾਰਤ ਵਿਚ ਹੀ ਨਹੀਂ ਬਲਕਿ ਪੂਰੀ ਦੁਨੀਆਂ ਵਿਚ ਸਭ ਤੋਂ ਭੂਤ-ਭਰੀਆਂ ਥਾਵਾਂ ਵਿਚੋਂ ਇੱਕ ਹੈ। ਕਿਸੇ ਸਮੇਂ, ਚਹਿਲ ਪਹਿਲ ਨਾਲ ਭਰਿਆ ਇਹ ਪਿੰਡ ਅੱਜ ਦੁਨੀਆ ਦੇ ਸਭ ਤੋਂ ਡਰਾਉਣੇ ਸਥਾਨਾਂ ਵਿਚੋਂ ਇਕ ਹੈ। ਮੰਨਿਆ ਜਾਂਦਾ ਹੈ ਕਿ ਪਾਲੀਵਾਲ ਬ੍ਰਾਹਮਣ ਭਾਈਚਾਰੇ ਦੇ ਲੋਕਾਂ ਨੇ ਇਸ ਪਿੰਡ ਨੂੰ ਸਰਸਵਤੀ ਨਦੀ ਦੇ ਕਿਨਾਰੇ ਵਸਾਇਆ ਸੀ। 

ਪਿੰਡ ਦੇ ਉਜਾੜ ਹੋਣ ਦੀ ਕਹਾਣੀ:
1800 ਦੇ ਦਹਾਕੇ ਵਿਚ, ਇਹ ਪਿੰਡ ਮੰਤਰੀ ਸਲੀਮ ਸਿੰਘ ਦੇ ਅਧੀਨ ਹੁੰਦਾ ਸੀ, ਜੋ ਟੈਕਸ ਇਕੱਠਾ ਕਰਕੇ ਲੋਕਾਂ ਨਾਲ ਧੋਖਾ ਕਰਦਾ ਸੀ। ਪਿੰਡ ਵਾਸੀਆਂ 'ਤੇ ਲਗਾਏ ਗਏ ਟੈਕਸ ਕਾਰਨ ਇੱਥੋਂ ਦੇ ਲੋਕ ਕਾਫੀ ਪਰੇਸ਼ਾਨ ਰਹਿੰਦੇ ਸਨ। ਦੱਸਿਆ ਜਾਂਦਾ ਹੈ ਕਿ ਸਲੀਮ ਸਿੰਘ ਦੀ ਬੁਰੀ ਨਜ਼ਰ ਪਿੰਡ ਦੇ ਮੁਖੀ ਦੀ ਕੁੜੀ ਉੱਤੇ ਸੀ। ਉਸਨੇ ਪਿੰਡ ਵਾਸੀਆਂ ਨੂੰ ਧਮਕੀ ਦਿੱਤੀ ਕਿ ਜੇਕਰ ਉਨ੍ਹਾਂ ਨੇ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਹੋਰ ਟੈਕਸ ਵਸੂਲਣਾ ਸ਼ੁਰੂ ਕਰ ਦੇਣਗੇ।

ਸੰਨ 1825 ਵਿਚ ਪਿੰਡ ਵਾਸੀਆਂ ਨੇ ਆਪਣੀ ਧੀ ਦੀ ਇੱਜ਼ਤ ਬਚਾਉਣ ਲਈ ਸਰਦਾਰ ਸਮੇਤ ਸਾਰਾ ਪਿੰਡ ਰਾਤੋ-ਰਾਤ ਖਾਲੀ ਕਰ ਦਿੱਤਾ। ਕਿਹਾ ਜਾਂਦਾ ਹੈ ਕਿ ਪਿੰਡ ਵਾਸੀਆਂ ਨੇ ਪਿੰਡ ਨੂੰ ਛੱਡਣ ਸਮੇਂ ਇਹ ਸ਼ਰਾਪ ਦਿਤਾ ਸੀ ਕਿ ਜੋ ਵੀ ਇਸ ਪਿੰਡ ਵਿਚ ਵਸਣ ਦੀ ਕੋਸ਼ਿਸ਼ ਕਰੇਗਾ ਉਹ ਪੂਰੀ ਤਰ੍ਹਾਂ ਬਰਬਾਦ ਹੋ ਜਾਵੇਗਾ। ਇਹ ਘਟਨਾ ਤੋਂ ਬਾਅਦ ਇਹ ਪਿੰਡ ਮੁੜ ਕਦੇ ਆਬਾਦ ਨਹੀਂ ਹੋਇਆ। 

ਭੂਤਾਂ ਨੇ ਕੀਤਾ ਹੈ ਕਬਜ਼ਾ:
ਖਸਤਾ ਹਾਲਤ ਵਿਚ ਪਏ ਖੰਡਰ ਅੱਜ ਵੀ ਪਿੰਡ ਵਾਲਿਆਂ ਦੇ ਦੁੱਖ ਦੀ ਗਵਾਹੀ ਭਰਦੇ ਨਜ਼ਰ ਆਉਂਦੇ ਹਨ। ਕਿਹਾ ਜਾਂਦਾ ਹੈ ਕਿ ਉਸ ਘਟਨਾ ਤੋਂ ਬਾਅਦ ਹੀ ਇਸ ਪਿੰਡ 'ਚ ਭੂਤ-ਪ੍ਰੇਤ ਦਾ ਕਬਜ਼ਾ ਹੈ। ਅਕਸਰ ਹੀ  ਲੋਕ ਅਜੀਬੋ-ਗਰੀਬ ਆਵਾਜ਼ਾਂ ਸੁਣਦੇ ਹਨ। ਇੱਥੇ ਆਉਣ ਵਾਲੇ ਲੋਕ ਵੱਖ-ਵੱਖ ਤਰੀਕਿਆਂ ਦਾ ਦਾਅਵਾ ਕਰਦੇ ਹਨ। ਸ਼ਾਮ ਨੂੰ ਸੂਰਜ ਡੁੱਬਣ ਤੋਂ ਬਾਅਦ ਕੋਈ ਇੱਥੇ ਰੁਕਣ ਦੀ ਹਿੰਮਤ ਨਹੀਂ ਕਰਦਾ।

ਘੁੰਮਣ ਦਾ ਸਮਾਂ:
ਭੂਤਾਂ ਭਰਿਆ ਹੋਣ ਦੇ ਬਾਵਜੂਦ ਇਹ ਸਥਾਨ ਭਾਰਤ ਹੀ ਨਹੀਂ ਸਗੋਂ ਵਿਦੇਸ਼ੀ ਸੈਲਾਨੀਆਂ ਲਈ ਵੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਤੁਸੀਂ ਰੋਜ਼ਾਨਾ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਪਿੰਡ ਵਿੱਚ ਘੁੰਮ ਸਕਦੇ ਹੋ ਕਿਉਂਕਿ ਇਸ ਜਗ੍ਹਾ ਨੂੰ ਭੂਤ ਭਰਿਆ ਮੰਨਿਆ ਜਾਂਦਾ ਹੈ। ਇਸ ਲਈ ਸਥਾਨਕ ਲੋਕ ਸੂਰਜ ਡੁੱਬਣ ਤੋਂ ਬਾਅਦ ਗੇਟ ਬੰਦ ਕਰ ਦਿੰਦੇ ਹਨ। ਕੁਲਧਾਰਾ ਪਿੰਡ ਲਈ ਦਾਖਲਾ ਫੀਸ 1੦ ਰੁਪਏ ਪ੍ਰਤੀ ਵਿਅਕਤੀ ਹੈ ਅਤੇ ਜੇਕਰ ਤੁਸੀਂ ਕਾਰ ਰਾਹੀਂ ਅੰਦਰ ਜਾ ਰਹੇ ਹੋ ਤਾਂ INR 50 ਹੈ।