ਯਾਰਾਂ ਨਾਲ ਤਕਿਆ ਕੁਫ਼ਰੀ ਦੀਆਂ ਬਰਫ਼ੀਲੀਆਂ ਵਾਦੀਆਂ ਦਾ ਨਜ਼ਾਰਾ (ਭਾਗ - 2)

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਚੌਥੇ ਦੋਸਤ ਬਾਰੇ ਗੱਲ ਕਰਦਿਆਂ ਜੋ ਮੈਨੂੰ ਪਹਿਲੀ ਵਾਰ ਮਿਲਿਆ ਸੀ ਤੇ ਬਹੁਤਾ ਵਿਸਥਾਰ 'ਚ ਤਾਂ ਨਹੀਂ ਦੱਸ ਸਕਦਾ ਪਰ ਜਿੰਨਾ ਚਿਰ ਸਾਡੇ ਨਾਲ ਸਫ਼ਰ 'ਤੇ ਰਿਹਾ ਉਹ ਬਹੁਤ ...

Kufri

ਚੌਥੇ ਦੋਸਤ ਬਾਰੇ ਗੱਲ ਕਰਦਿਆਂ ਜੋ ਮੈਨੂੰ ਪਹਿਲੀ ਵਾਰ ਮਿਲਿਆ ਸੀ ਤੇ ਬਹੁਤਾ ਵਿਸਥਾਰ 'ਚ ਤਾਂ ਨਹੀਂ ਦੱਸ ਸਕਦਾ ਪਰ ਜਿੰਨਾ ਚਿਰ ਸਾਡੇ ਨਾਲ ਸਫ਼ਰ 'ਤੇ ਰਿਹਾ ਉਹ ਬਹੁਤ ਹੀ ਵਧੀਆ ਢੰਗ ਨਾਲ ਵਿਚਰਿਆ। ਉਸ ਦਾ ਨਾਂ ਹੈ ਤਰਲੋਕ। ਉਸ ਨੇ ਨੇ ਸਾਰਿਆਂ ਦੀਆਂ ਗੱਲਾਂ ਨੂੰ ਗਹੁ ਨਾਲ ਸੁਣਿਆ ਤੇ ਉਸ ਵਿੱਚ ਹਾਮੀ ਵੀ ਭਰੀ। ਘੁੱਟ ਲਾਉਣ ਦਾ ਸ਼ੌਕੀਨ ਸਫ਼ਰ ਸ਼ੁਰੂ ਹੁੰਦਿਆਂ ਹੀ ਦਿਲ ਦੀ ਗੱਲ ਕਹਿ ਗਿਆ। ਬਾਈ ਲੈਣੀ ਕਿਥੋਂ ਆ। ਦੂਜੇ ਸਾਥੀਆਂ ਨਾਲ ਅਪਣੀਆਂ ਯਾਦਾਂ ਸਾਂਝੀਆਂ ਕਰਦਾ ਰਿਹਾ ਤੇ ਕੁੱਝ ਮੇਰੇ ਨਾਲ ਵੀ ਕੰਮਕਾਰ ਦੀਆਂ ਗੱਲਾਂ ਕੀਤੀਆਂ। ਪਰ ਦਿਲ ਉਠਦੀ ਕਸਕ ਨੂੰ ਜ਼ਾਹਰ ਕਰਨ ਲਈ ਕਈ ਵਾਰ ਉਸ ਨੇ ਪੀੜ ਦਾ ਜ਼ਿਕਰ ਵੀ ਕੀਤਾ।

ਇਕ ਵਾਰ ਤਾਂ ਰਾਹ ਪੁਛਦਿਆਂ ਐਨ ਠੇਕੇ ਦੇ ਮੂਹਰੇ ਗੱਡੀ ਰੋਕ ਲਈ ਪਰ ਘਰ ਪਰਤਣ ਦੀ ਹੋੜ ਨੇ ਠੇਕਾ ਹੋਣ ਅੱਖਾਂ ਦੀ ਪਹੁੰਚ ਤੋਂ ਦੂਰ ਹੀ ਰਖਿਆ।  ਅੰਤ ਵਾਪਸੀ 'ਤੇ ਮੇਰੇ ਯਾਰ ਦੀ ਦਿਲ ਦੀ ਦਿਲ ਵਿਚ ਹੀ ਰਹਿ ਗਈ। ਇਸ ਬਾਈ ਦੀ ਵੀ ਇਕ ਵਾਰ ਉਪਰੋਕਤ ਕਾਮਰੇਡ ਵਾਂਗ ਦਿਲ ਦੀ ਸਟੱਪਨੀ ਪੈਂਚਰ ਹੋ ਗਈ ਸੀ।
ਵਾਪਸੀ ਵੇਲੇ ਇਕ ਵਾਰ ਮੈਨੂੰ ਵੀ ਅਪਣੇ ਰੂਹ ਦੀ ਖ਼ੁਰਾਕ ਕਹੀ ਜਾਂਦੀ ਸ਼ਾਇਰੀ ਗਾਉਣ ਦਾ ਮੌਕਾ ਮਿਲਿਆ। ਬਸ ਫਿਰ ਕੀ ਸੀ ਮੈਂ ਉੱਚੀ ਹੇਕ ਲਾ ਸਾਰਿਆਂ ਦੀ ਤੂਤੀ ਬੰਦ ਕਰਵਾ ਦਿਤੀ।

ਮੇਰਾ ਗਲਾ ਖ਼ਰਾਬ ਹੋਣ ਕਾਰਨ ਬਹੁਤਾ ਚੰਗਾ ਤਾਂ ਨਹੀਂ ਗਾ ਸਕਿਆ ਪਰ ਕੋਸ਼ਿਸ਼ ਪੂਰੀ ਕੀਤੀ। ਬਾਕੀ ਪਤਾ ਨਹੀਂ ਉਨ੍ਹਾਂ ਦੇ ਚੁੱਪ ਰਹਿਣ ਕਾਰਨ ਮੇਰੀ ਸ਼ਾਇਰੀ ਸੀ ਜਾਂ ਫਿਰ ਮਜਬੂਰੀ। ਸ਼ਿਮਲੇ ਤੋਂ ਕਰੀਬ 18 ਕਿਲੋਮੀਟਰ ਦੀ ਦੂਰ 'ਤੇ ਸੁੰਦਰ ਵਾਦੀਆਂ 'ਚ ਵਸਿਆ ਕੁਫ਼ਰੀ ਸਾਡੇ ਲਈ ਕੋਈ ਜੰਨਤ ਤੋਂ ਘੱਟ ਨਹੀਂ ਸੀ। ਕਿਉਂਕਿ ਮੇਰੇ ਲਈ ਇਹ ਅਦਭੁੱਤ ਨਜ਼ਾਰਾ ਸੀ ਜੋ ਮੈਂ ਕਦੇ ਨਹੀਂ ਸੀ ਵੇਖਿਆ। ਕੁਫ਼ਰੀ ਫਨ ਵਰਲਡ ਤੇ ਟਰੀ ਟੋਪ 'ਤੇ ਬਰਫ਼ ਨਾਲ ਢਕੀਆਂ ਪਹਾੜੀਆਂ ਦਾ ਲੁਤਫ਼ ਲੈਣ ਲਈ ਅਸੀ ਸਾਰੇ ਮਿੱਤਰਾਂ ਨੇ ਬਰਫ਼ ਨਾਲ ਬਣੇ ਰਸਤੇ ਦੀ ਚੜ੍ਹਾਈ ਸ਼ੁਰੂ ਕਰ ਦਿੱਤੀ। ਜਿਹੜਾ ਵੀ ਰਸਤੇ ਵਿਚ ਮਿਲਦਾ ਉਸ ਨੂੰ ਬਾਈ ਕਿੰਨੀ ਚੜ੍ਹਾਈ ਆ ਪੁੱਛਦੇ ਜਾਂਦੇ।

ਸਾਰਿਆਂ ਮੂੰਹ ਵਿਚ ਚੁਇੰਗਮ ਪਾਈ ਪਰ ਫਿਰ ਵੀ ਸਾਰਿਆਂ ਦਾ ਸਾਹ ਉਪਰ ਚੜ੍ਹਿਆ ਹੋਇਆ ਸੀ। ਆਖ਼ਰ ਉਹ ਨਜ਼ਾਰਾ ਸਾਡੀਆਂ ਅੱਖਾਂ ਮੂਹਰੇ ਆ ਹੀ ਗਿਆ ਜਿਸ ਨੂੰ ਵੇਖਣ ਲਈ ਸਾਰੇ ਕਾਹਲੇ ਸੀ। ਉਪਰ ਜਾ ਕੇ ਵੇਖਿਆ ਤਾਂ ਇਉਂ ਜਾਪਿਆ ਜਿਵੇਂ ਸਾਰੇ ਲੋਕ ਹੀ ਇਸ ਮੌਸਮ ਦਾ ਆਨੰਦ ਲੈਣ ਲਈ ਆਏ ਸਨ। ਮੇਲੇ ਦੇ ਰੂਪ ਵਿਚ ਜੁੜੇ ਸਾਰੇ ਲੋਕ ਆਪਣੇ ਮਨ ਦੀਆਂ ਰੀਝਾਂ ਪੂਰੀਆਂ ਕਰਨ ਲੱਗੇ ਹੋਏ ਸਨ। ਅਸੀ ਵੀ ਕਿਸੇ ਤੋਂ ਘੱਟ ਨਾ ਰਹੇ। ਸਾਡਾ ਕਾਮਰੇਡ ਤਾਂ ਜਿਵੇਂ ਬਰਫ਼ ਵੇਖ ਕੇ ਕਮਲਾ ਹੀ ਹੋ ਗਿਆ। ਕੂਕਾਂ ਮਾਰਨ ਲੱਗਾ। ਜਿਵੇਂ ਉਸ ਨੇ ਦਹਾਕਿਆਂ ਤੋਂ ਦਬਿਆ ਕੋਈ ਖ਼ਜ਼ਾਨਾ ਮਿਲ ਗਿਆ ਹੋਵੇ।

ਕੁਫ਼ਰੀ ਦੀ ਉੱਚੀ ਚੋਟੀ 'ਤੇ ਉਸਾਰੀ ਅਧੀਨ ਨਾਗ ਮੰਦਰ ਦੇ ਦਰਸ਼ਨ ਕੀਤੇ ਜਿਥੇ ਖੜ੍ਹ ਕੇ ਇਉਂ ਜਾਪਦਾ ਸੀ ਜਿਵੇਂ ਦੁਨੀਆਂ ਦੀ ਸੱਭ ਤੋਂ ਉੱਚੀ ਥਾਂ 'ਤੇ ਖੜੇ ਹੋਈਏ। ਯਾਕ ਨਾਲ ਤਸਵੀਰਾਂ ਖਿਚਵਾਉਣ ਲਈ ਭਾਈ ਨੇ ਬੜਾ ਜ਼ੋਰ ਲਾਇਆ। ਇਕ ਪਾਸੇ ਬੰਦੂਕਚੀ ਨਿਸ਼ਾਨੇ ਲਾਉਣ ਲਈ ਵਾਜਾਂ ਮਾਰਦਾ ਨਜ਼ਰ ਆਇਆ ਤੇ ਕਿਸੇ ਪਾਸੇ ਤਰ੍ਹਾਂ-ਤਰ੍ਹਾਂ ਦਾ ਸਮਾਨ ਵੀ ਅਪਣੇ ਵਲ ਆਕਰਸ਼ਤ ਕਰ ਰਿਹਾ ਸੀ। ਢਿੱਡ ਵਿਚ ਚੂਹੇ ਨੱਚਣ ਲੱਗੇ ਤਾਂ ਗਰਮ-ਗਰਮ ਮੈਗੀ ਨੂੰ ਅਹਾਰ ਬਣਾ ਲਿਆ ਜੋ ਕਿ ਉਸ ਸਮੇਂ ਬਹੁਤ ਸੁਆਦਲੀ ਲੱਗੀ। ਥੋੜੀ ਜਿਹੀ ਵਿੱਥ 'ਤੇ ਹੀ ਮੈਗੀ ਦੇ ਕਈ ਸਟਾਲ ਲੱਗੇ ਹੋਏ ਸਨ।

ਬਰਫ਼ ਦੇ ਗੋਲੇ ਬਣਾ ਕੇ ਇਕ-ਦੂਜੇ ਦੇ ਮਾਰ ਕੇ ਖ਼ੂਬ ਮਜ਼ੇ ਕੀਤੇ ਅਤੇ ਕੁਦਰਤ ਦੇ ਰੰਗਾਂ ਦਾ ਲੁਤਫ਼ ਲਿਆ। ਸਾਰਿਆਂ ਨੇ ਬਰਫ਼ ਦੀ ਉਚਾਈ 'ਤੇ ਚੜ੍ਹ ਕੇ ਬਰਫ਼ 'ਤੇ ਤਿਲਕ ਕੇ ਝੂਟੇ ਲੈਣ ਦਾ ਮਜ਼ਾ ਲਿਆ। ਮੈਂ ਬਰਫ਼ 'ਤੇ ਤਿਲਕਣ ਤੋਂ ਬਚਦਾ ਰਿਹਾ ਪਰ ਬਰਫ਼ ਦੀ ਪਰਹਾਰ ਤੋਂ ਮੈਂ ਵੀ ਨਾ ਬਚ ਸਕਿਆ ਜਿਵੇਂ ਕੁਦਰਤ ਦੀ ਇਸ ਅਜਬ ਵਸਤੂ ਨੇ ਮੈਨੂੰ ਅਪਣੀ ਹੋਂਦ ਤੇ ਤਾਕਤ ਦਾ ਅੰਦਾਜ਼ਾ ਦਸਿਆ ਹੋਵੇ। ਮੈਂ ਮੁੱਧੇ ਮੂੰਹ ਬਰਫ਼ 'ਤੇ ਤਿਲਕ ਕੇ ਡਿਗਿਆ। ਕਈ ਸੈਲਾਨੀਆਂ ਨੂੰ ਬਰਫ਼ 'ਤੇ ਅਠਖੇਲੀਆਂ ਕਰਦਿਆਂ ਨੂੰ ਵੇਖ ਕੇ ਸਾਡੇ ਸਾਥੀਆਂ ਨੇ ਵੀ ਨਕਲ ਕਰਨ ਵਿਚ ਕੋਈ ਕਮੀ ਨਾ ਛੱਡੀ। ਉਨ੍ਹਾਂ ਨੇ ਵੀ ਅਪਣੇ ਜੋਸ਼ ਤੇ ਉਤਸ਼ਾਹ ਦਾ ਪੂਰਾ ਫ਼ਾਇਦਾ ਚੁਕਿਆ। ਉਸ ਸਮੇਂ ਸਾਡਾ ਇਥੇ ਆਉਣਾ ਸਫ਼ਲ ਹੋ ਗਿਆ ਜਦੋਂ ਕੁਦਰਤ ਨੇ ਅਪਣਾ ਅਜਬ ਰੂਪ ਦਿਖਾਇਆ : ਸੋਹਣ ਸਿੰਘ ਸੋਨੀ