ਬਰਫ਼ਾਂ ਲੱਦੀ ਰਾਣੀ ਸੂਈ ਝੀਲ ਲਭਦੇ ਹੋਏ (ਭਾਗ 2)

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਪਹਿਲੇ ਦਿਨ 6 ਘੰਟੇ ਤੁਰ ਕੇ ਲਾਮਾਡੁੱਗ ਦੇ ਹਰੇ ਮੈਦਾਨ ਵਿਚ ਫ਼ਰੈਂਚ ਤੰਬੁ ਗੱਡ ਦਿਤੇ। ਸ਼ਾਮ ਦੀ ਚਾਹ ਬਣਾਉਣ ਲੱਗੇ ਤਾਂ ਸਟੋਵ ਹੋਰੀਂ ਰੁੱਸ ਗਏ। ਮਿਹਰਚੰਦ ਨੇ ਬੜੀਆਂ ...

Rani Sui Lake

ਪਹਿਲੇ ਦਿਨ 6 ਘੰਟੇ ਤੁਰ ਕੇ ਲਾਮਾਡੁੱਗ ਦੇ ਹਰੇ ਮੈਦਾਨ ਵਿਚ ਫ਼ਰੈਂਚ ਤੰਬੁ ਗੱਡ ਦਿਤੇ। ਸ਼ਾਮ ਦੀ ਚਾਹ ਬਣਾਉਣ ਲੱਗੇ ਤਾਂ ਸਟੋਵ ਹੋਰੀਂ ਰੁੱਸ ਗਏ। ਮਿਹਰਚੰਦ ਨੇ ਬੜੀਆਂ ਪਿੰਨਾਂ ਮਾਰੀਆਂ, ਬੋਕੀਆਂ ਕਸੀਆਂ ਪਰ ਸੱਭ ਵਿਅਰਥ। ਏਨੇ ਨੂੰ 6 ਸਥਾਨਕ ਮੁੰਡੇ ਵੀ ਦੂਜੇ ਪਾਸਿਉਂ ਆ ਗਏ। ਉਨ੍ਹਾਂ ਨੇ ਸਾਡੇ ਸਟੋਵ ਨਾਲ ਅੱਧਾ ਘੰਟਾ ਮੱਥਾ ਮਾਰਿਆ। ਸਟੋਵ ਹੋਰੀਂ ਮਾੜੇ ਮੋਟੇ ਰੁਕ ਰੁਕ ਕੇ ਚੱਲੇ ਤਾਂ ਸਹੀ ਪਰ ਨੀਲੀ ਲਾਟ ਦਾ ਚੰਗਿਆੜਾ ਨਾ ਦਿਸਿਆ। ਸੋ, ਦੁੱਖ ਤੋੜ ਚਾਹ ਦੀ ਤਲਬ ਜਾਂਦੀ ਰਹੀ। ਅਖ਼ੀਰ ਛੋਟੀਆਂ ਲੱਕੜਾਂ 'ਤੇ ਉਬਾਲੀ ਦਿਵਾਈ ਤੇ ਫਿਰ ਪਾਬੰਦੀਸ਼ੁਦਾ ਮੈਗੀ ਨੂਡਲ ਪਤੀਲੇ ਵਿਚ ਸੁੱਟ ਲਈ।

ਸਥਾਨਕ ਮੁੰਡੇ ਜੋ ਕੁੱਲੂ ਵਾਲੇ ਪਾਸਿਉਂ ਝੀਲ 'ਤੇ ਚੜ੍ਹੇ ਸਨ, ਸਾਨੂੰ ਕਹਿੰਦੇ ''ਇਹ ਝੀਲ ਬੜੀ ਭੁਲ-ਭੁਲਈਆਂ ਵਾਲੀ ਹੈ, ਤੁਸੀ ਪੰਗਾ ਨਾ ਲਿਉ। ਤੁਹਾਡੇ ਨਾਲ ਗਾਈਡ ਨਹੀਂ ਜੇ। ਰਸਤਾ ਬਹੁਤ ਹੀ ਗੁੰਝਲਦਾਰ ਝਾੜੀਆਂ ਵਿਚੋਂ ਹੋ ਕੇ ਲੰਘਦਾ ਹੈ। ਕਿਸੇ ਜ਼ਮੀਨ 'ਤੇ ਘਿਸੜਦੇ ਫ਼ੌਜੀ ਵਾਂਗ ਰੀਂਗ ਰੀਂਗ ਕੇ ਵੀ ਰਾਹ ਨਹੀਂ ਬਣਦਾ।'' ਬਾਅਦ ਵਿਚ ਉਨ੍ਹਾਂ ਦੀ ਗੱਲ ਸੱਚੀ ਵੀ ਨਿਕਲੀ। ਇਕ ਪਾਸੇ ਬਹੁਤ ਡੂੰਘੀ ਖੱਡ ਹੋਣ ਕਰ ਕੇ ਉਨ੍ਹਾਂ ਕਈ ਮੈਂਬਰ ਡਰਾ ਦਿਤੇ। ਝੀਲ 'ਤੇ ਜਾਣਾ ਤਕਰੀਬਨ ਠੰਢੇ ਬਸਤੇ ਵਿਚ ਪੈ ਗਿਆ ਅਤੇ

ਫ਼ੈਸਲਾ ਕੀਤਾ ਕਿ ਸਾਹਮਣੇ ਚਿੱਟੀ ਬਰਫ਼ ਵਾਲੀ ਖ਼ਾਨਪੁਰੀ ਚੋਟੀ 'ਤੇ ਚੜ੍ਹ ਕੇ ਕੁੱਝ ਦ੍ਰਿਸ਼ ਮਾਣੀਏ ਤੇ ਤਾਜ਼ਾ ਬਰਫ਼ ਨਾਲ ਅਠਖੇਲੀਆਂ ਕਰੀਏ। ਸੋ, ਇਕ ਇਕ ਚਾਹ ਦਾ ਕੱਪ ਉਬਲੇ ਆਲੂਆਂ ਨਾਲ ਖਾ ਕੇ ਹਰੀਆਂ ਚਰਾਂਦਾਂ ਵਿਚੋਂ ਹੁੰਦੇ ਹੋਏ ਖ਼ਾਨਪੁਰੀ ਚੋਟੀ ਦੇ ਨੇੜੇ ਹੋਣ ਲੱਗੇ। ਸਥਾਨਕ ਮੁੰਡੇ ਵਾਪਸ ਉਲਟ ਮਨਾਲੀ ਵਲ ਮੁੜ ਪਏ ਅਤੇ ਇਹ ਵੀ ਕਹਿ ਗਏ ਕਿ ''ਆਗੇ ਝੀਲ ਕੀ ਤਰਫ਼ ਮਤ ਜਾਨਾ, ਤੀਨ ਭਾਲੂ ਵੀ ਨਿਕਲੇ ਹੂਏ ਹੈਂ।'' ਇਕ ਭਾਲੂ ਬਾਰੇ ਤਾਂ ਮੈਂ 2-3 ਸਾਲ ਤੋਂ ਸੁਣਦਾ ਆ ਰਿਹਾ ਸੀ ਕਿ ਕਿਵੇਂ ਇਕ ਫ਼੍ਰੈਂਚ ਫ਼ੈਮਿਲੀ 2013 'ਚ ਲੱਗੇ ਟੈਂਟ ਅਤੇ ਗਾਈਡ ਛੱਡ ਕੇ ਹੋਰ ਹੀ ਪਾਸੇ ਭੱਜ ਗਈ ਸੀ ਜਦ ਉਨ੍ਹਾਂ ਭਾਲੂ ਦੇ ਦਰਸ਼ਨ ਕੀਤੇ।

ਜਦ ਇਹ ਗੱਲ ਮੈਂ ਅਪਣੇ ਕੈਨੇਡੀਅਨ ਦੋਸਤ ਨੂੰ ਦੱਸੀ ਤਾਂ ਉਹ ਝੱਟ ਕਹਿੰਦਾ, ''ਮੈਂ ਵੀ ਇਕੱਲਾ ਉਧਰ ਹੀ ਚਲਿਆ ਹਾਂ, ਵੇਖਦੇ ਹਾਂ।'' ਉਸੇ ਲਾਮਾ ਡੁੱਗ ਜਗ੍ਹਾ 'ਤੇ ਉਸ ਨੂੰ ਵੀ ਇਕ ਮਾਦਾ ਭਾਲੂ ਵਿਖਾਈ ਦਿਤੀ ਸੀ ਤੇ ਉਹ ਦੁੜੰਗੇ ਲਾਉਂਦਾ ਭਜਿਆ ਸੀ। ਚਾਹੇ ਇਹ ਗੱਲਾਂ 2 ਸਾਲ ਪੁਰਾਣੀਆਂ ਹਨ ਪਰ ਜਦ ਭੂਤਾਂ, ਡਾਕੂਆਂ, ਚੀਤਿਆਂ, ਭਾਲੂਆਂ ਦੀਆਂ ਗੱਲਾਂ ਚਲ ਪੈਣ ਤਾ ਇਨਸਾਨੀ ਸੁਭਾਅ ਦੀ ਸੋਚ ਨੂੰ ਮੋਚ ਜ਼ਰੂਰ ਆਉਂਦੀ ਹੈ।

ਖ਼ਾਨਪੁਰੀ ਚੋਟੀ ਤੋਂ ਪਹਿਲਾਂ ਇਕ ਹਰਾ ਪਹਾੜ ਆਇਆ। ਇਹ ਬਹੁਤ ਹੀ ਗੱਦੇਦਾਰ ਘਾਹ ਅਤੇ ਘਾਹ ਤੇ ਚਟਾਨਾਂ ਨਾਲ ਘਿਰਿਆ ਸੀ। 11 ਵਜੇ ਸੱਭ ਥੱਕੇ ਹੋਏ ਇਥੇ ਸੁਸਤਾਉਣ ਲੱਗੇ। ਲੰਮੀਆਂ ਲੰਮੀਆਂ ਰੋਲ ਬਰੈਡਾਂ ਉਪਰ ਕੀਵੀ ਪਲੰਮ ਤੇ ਬਿਟਰ ਓਰੈਂਜ ਜੈਮ ਲਾ ਕੇ ਬਰੇਕ-ਫ਼ਾਸਟ ਛਕਿਆ। ਸਾਹਮਣੇ ਚੋਟੀ ਦੀ ਟੋਪੀ 'ਤੇ ਥੋੜੀ ਜਿਹੀ ਬਰਫ਼ ਸੀ ਜੋ ਮਨ ਨੂੰ ਖਿੱਚ ਪਾਉਂਦੀ ਸੀ। (ਚਲਦਾ)