ਬਰਫ਼ਾਂ ਲੱਦੀ ਰਾਣੀ ਸੂਈ ਝੀਲ ਲਭਦੇ ਹੋਏ (ਭਾਗ 1)

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਘਾਹ ਵਿਚੋਂ ਸੂਈ ਲਭਣੀ....... ਇਹ ਅਖਾਣ ਤਾਂ ਬੜੀ ਸੁਣੀ ਸੀ ਪਰ ਜਦ ਮਨਾਲੀ ਦੇ ਉਪਰਲੇ ਪਹਾੜਾਂ ਵਿਚੋਂ ਰਾਣੀ ਸੂਈ ਝੀਲ ਲੱਭਣ ਨਿਕਲੇ ਤਾਂ ਪਤਾ ਲੱਗਾ ਕਿ ਵੱਡੀਆਂ ਚੀ...

Rani Sui Lake

ਘਾਹ ਵਿਚੋਂ ਸੂਈ ਲਭਣੀ....... ਇਹ ਅਖਾਣ ਤਾਂ ਬੜੀ ਸੁਣੀ ਸੀ ਪਰ ਜਦ ਮਨਾਲੀ ਦੇ ਉਪਰਲੇ ਪਹਾੜਾਂ ਵਿਚੋਂ ਰਾਣੀ ਸੂਈ ਝੀਲ ਲੱਭਣ ਨਿਕਲੇ ਤਾਂ ਪਤਾ ਲੱਗਾ ਕਿ ਵੱਡੀਆਂ ਚੀਜ਼ਾਂ ਵੀ ਲਭਣੀਆਂ ਔਖੀਆਂ ਹੁੰਦੀਆਂ ਹਨ। ਕਿਹਾ ਜਾਂਦਾ ਹੈ ਕਿ ਇਥੇ ਕਿਸੇ ਰਾਣੀ ਦੀ ਸੂਈ ਗਵਾਚੀ ਸੀ ਜਾਂ ਕਿਸੇ ਰਿਸ਼ੀ ਮੁਨੀ ਨੇ ਸੂਈ ਮਾਰ ਕੇ ਪਾਣੀ ਕਢਿਆ ਸੀ। ਸਥਾਨਕ ਲੋਕਾਂ, ਭੇਡਾਂ ਚਾਰਨ ਵਾਲਿਆਂ ਤੇ ਸਥਾਨਕ ਔਰਤਾਂ ਦੀ ਦੰਦ ਕਥਾ ਅਨੁਸਾਰ ਬਹੁਤ ਪੁਰਾਣੇ ਵਕਤਾਂ 'ਚ ਇਥੇ ਇਕ ਰਾਣੀ ਨੇ 2 ਜੁੜਵਾਂ ਬੱਚੇ ਜੰਮੇ ਸਨ। ਉਪਰਲੇ ਪਹਾੜਾਂ ਵਿਚ ਔਰਤ ਨੂੰ ਵੀ ਕਿਸੇ ਗਾਂ ਜਾਂ ਘੋੜੀ ਦੇ ਸੂਣ ਵਾਂਗ ਔਰਤ ਸੂਈ ਹੀ ਕਿਹਾ ਜਾਂਦਾ ਹੈ।

ਹੈ ਤਾਂ ਹਾਸੇ ਵਾਲੀ ਗੱਲ ਪਰ ਸਚਾਈ ਇਹੀ ਹੈ। ਚਲੋ ਹਰ ਚੀਜ਼ ਨਾਲ ਭਾਰਤ ਵਿਚ ਕੋਈ ਨਾ ਕੋਈ ਕਹਾਣੀ ਜੁੜੀ ਹੁੰਦੀ ਹੈ ਪਰ ਸਾਡਾ ਮੁੱਖ ਮੁੱਦਾ ਤਾਂ ਪਹਾੜਾਂ ਦੀ ਉਚਾਈ, ਚਿੱਟੀ ਗਿਰੀ ਵਰਗੀ ਬਰਫ਼, ਹਰੀਆਂ ਚਰਾਂਦਾਂ ਦੇ ਮੈਦਾਨ ਅਤੇ ਜੰਗਲੀ ਫੁੱਲਾਂ ਸੰਗ ਤੁਰਨਾ ਹੀ ਹੁੰਦਾ ਹੈ। ਚਸ਼ਮਿਆਂ, ਕੂਹਲਾਂ, ਡੀਲਾਂ ਦਾ ਜੜ੍ਹੀ ਬੂਟੀਆਂ ਨਾਲ ਲਗਦਾ ਪਾਣੀ ਪੀਣਾ ਹਰ ਇਕ ਦੀ ਕਿਸਮਤ ਵਿਚ ਨਹੀ ਹੁੰਦਾ, ਬਹੁਤ ਤੁਰਨਾ ਪੈਂਦਾ ਹੈ। ਅਸੀ 8 ਜਣਿਆਂ ਨੇ ਇਕ ਟੀਮ ਬਣਾ ਕੇ ਇਕ ਸਥਾਨਕ ਗਾਈਡ ਅਫ਼ਲ ਰਾਮ ਤੇ ਮੇਰਾ ਪੁਰਾਣਾ ਸਾਥੀ ਮਿਹਰ ਚੰਦ (ਜੋ ਮੇਰਾ ਪਹਾੜਾਂ ਦਾ ਉਸਤਾਦ ਹੈ) ਨਗਰ ਤੋਂ ਬੁਲਾ ਲਿਆ। ਸਵੇਰੇ ਗਾਈਡ ਆਇਆ ਹੀ ਨਾ।

ਪਿੰਡ ਦੇ ਇਕ ਉੱਚੇ ਜਿਹੇ ਘਰ ਵਿਚ ਇਕੱਠ ਹੋਇਆਂ ਵੇਖ ਕੇ ਕਨਸੋਅ ਮਿਲੀ ਕਿ ਅਫ਼ਲ ਰਾਮ ਦੀ ਭਾਬੀ ਮਰ ਗਈ ਹੈ, ਉਹ ਨਹੀ ਆ ਸਕਦਾ। ਉਸ ਦੇ ਨਾਂਹ ਕਹਿਣ 'ਤੇ ਸਾਡਾ ਆਸਾਮ ਦਾ ਲੇਖਕ ਦੋਸਤ ਅਤੇ ਉਸ ਦੀ ਆਸਟ੍ਰੇਲੀਆਈ ਪਤਨੀ ਵੀ ਨਾਂਹ ਕਰ ਗਈ ਪਰ ਉਹ ਰਾਸ਼ਨ ਦਾ ਡੱਬਾ ਖ਼ਾਲੀ ਕਰ ਗਏ। ਸ਼ਾਇਦ ਇਹ ਮਾਫ਼ੀਨਾਮਾ ਸੀ। ਇਕ ਅਮਰੀਕਨ-ਮੈਕਸੀਕਨ ਜਵਾਨ, ਚੈਕ-ਰੀਪਬਲਿਕ ਦੀ ਇਕ ਅਧਖੜ ਅਸਟ੍ਰੇਲੀਆਈ ਔਰਤ, ਦਿੱਲੀ ਗੁੜਗਾਉਂ ਦਾ ਸਾਹਿਲ ਜੋ ਘਰ ਦਿਆਂ ਅਤੇ ਬਿਜ਼ਨਸ ਨੂੰ ਛੱਡ ਕੇ ਆਇਆ ਸੀ ਕਿ

ਮੈਨੂੰ ਕਈ ਮਹੀਨਿਆਂ ਤਕ ਨਾ ਉਡੀਕਿਉ, ਮਤਬਲ ਕਿ ਡੋਬਰਮੈਨ ਨੇ ਸੰਗਲੀ ਤੁੜਾਈ ਸੀ। ਮੈਂ ਮਿੱਟੀ ਦੇ ਤੇਲ ਤੋਂ ਲੈ ਕੇ ਟੈਂਟ ਸਲੀਪਿੰਗ ਬੈਗ 'ਤੇ ਘਿਉ ਤੇਲ ਤਕ ਦਾ ਇੰਤਜ਼ਾਮ ਕੀਤਾ ਸੀ। ਗਾਈਡ, ਕੁੱਕ ਅਤੇ ਪੋਰਟਰ ਨਾਲ ਵੀ ਲੈਣ ਦੇਣ ਮੇਰਾ ਹੀ ਸੀ। ਸੋ ਬਾਕੀ ਮੈਂਬਰ ਮੈਨੂੰ ਆਪ ਬਣਿਆ ਕਮਾਂਡਰ ਮੰਨੀ ਬੈਠੇ ਸਨ। (ਚਲਦਾ)